ਪਾਕਿ ਤਸਕਰ ਸ਼ਾਹ ਪਠਾਨ ਦੇ ਸੰਪਰਕ ’ਚ ਸਨ ਦੋਵੇਂ ਨੌਜਵਾਨ
Punjab Drug Bust: (ਜਗਦੀਪ ਸਿੰਘ) ਫਿਰੋਜ਼ਪੁਰ। ਫਿਰੋਜ਼ਪੁਰ ਪੁਲਿਸ ਨੂੰ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਫਲਤਾ ਹਾਸਲ ਹੋਈ, ਜਦੋਂ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਵੱਲੋਂ 5 ਕਿਲੋ 15 ਗ੍ਰਾਮ ਹੈਰੋਇਨ ਸਮੇਤ 29 ਲੱਖ 16 ਹਜ਼ਾਰ 700 ਰੁਪਏ ਡਰੱਗ ਮੰਨੀ, 02 ਮੋਬਾਇਲ ਫੋਨ ਅਤੇ 01 ਮੋਟਰਸਾਇਕਲ ਦੀ ਬਰਾਮਦਗੀ ਕੀਤੀ ਗਈ। ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇੰਸ: ਮੋਹਿਤ ਧਵਨ, ਇੰਚਾਰਜ ਸੀ.ਆਈ.ਏ. ਫਿਰੋਜ਼ਪੁਰ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਵਾ ਚੈਕਿੰਗ ਸਬੰਧੀ ਕਿਲ੍ਹੇ ਵਾਲਾ ਚੌਂਕ ਤੋਂ ਥੋੜਾ ਅੱਗੇ ਭੱਟੀਆਂ ਵਾਲੀ ਬਸਤੀ ਨੂੰ ਜਾ ਰਹੀ ਸੀ ਇਸ ਦੌਰਾਨ ਮੁੱਖਬਰ ਖਾਸ ਨੇ ਸੂਚਿਤ ਕੀਤਾ ਕਿ ਸਾਜਨ (25 ) ਪੁੱਤਰ ਰਮੇਸ਼ ਵਾਸੀ ਬਸਤੀ ਆਵਾ ਅਤੇ ਰੇਸ਼ਮ ਉਰਫ ਵਿਸ਼ਾਲ (23 ) ਪੁੱਤਰ ਯੂਨਿਸ ਵਾਸੀ ਨੌਰੰਗ ਕੇ ਲੇਲੀ ਵਾਲਾ ਜੋ ਕਿ ਹੈਰੋਇਨ ਵੇਚਣ ਦੇ ਆਦਿ ਹਨ, ਇਸ ਵੇਲੇ ਕਿਲ੍ਹੇ ਵਾਲਾ ਚੋਂਕ ਵੱਲ ਨੂੰ ਆ ਰਹੇ ਹਨ, ਜੇਕਰ ਇਸੇ ਵੇਲੇ ਨਾਕਾਬੰਦੀ ਕੀਤੀ ਜਾਵੇ ਤਾਂ ਇਹਨਾਂ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋ ਸਕਦਾ ਹੈ।
ਇਹ ਵੀ ਪੜ੍ਹੋ: Punjab News: ਰਾਣਾ ਸੋਢੀ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ ’ਤੇ ਕੀਤੀ ਚਰਚਾ
ਪੁਲਿਸ ਪਾਰਟੀ ਨੇ ਤੁਰੰਤ ਸਾਜਨ ਅਤੇ ਰੇਸ਼ਮ ਨੂੰ ਬਾਰਡਰ ਰੋਡ ਨੇੜੇ ਬਜਾਜ ਡੇਅਰੀ ਤੋਂ ਕਾਬੂ ਕਰਕੇ ਇਹਨਾਂ ਕੋਲੋਂ 05 ਕਿਲੋ 15 ਗ੍ਰਾਮ ਹੈਰੋਇਨ ਸਮੇਤ 29 ਲੱਖ 16 ਹਜ਼ਾਰ 700 ਰੁਪਏ ਡਰੱਗ ਮਨੀਂ, 02 ਮੋਬਾਇਲ ਫੋਨ ਅਤੇ 01 ਮੋਟਰਸਾਇਕਲ ਬਰਾਮਦ ਕੀਤਾ ਗਿਆ। ਐੱਸਐੱਸਪੀ ਫਿਰੋਜਪੁਰ ਨੇ ਦੱਸਿਆ ਕ ਮੁੱਢਲੀ ਜਾਂਚ ਪੜਤਾਲ ਤੋਂ ਪਤਾ ਚੱਲਿਆ ਕਿ ਕਾਬੂ ਮੁਲਜ਼ਮ ਪਾਕਿਸਤਾਨ ਦੇ ਤਸਕਰ ਸ਼ਾਹ ਪਠਾਨ ਦੇ ਸੰਪਰਕ ਵਿੱਚ ਸਨ, ਜੋ ਜਿੱਥੇ-ਜਿੱਥੇ ਸਪਲਾਈ ਹੋਈ ਸੀ ਇਹ ਹੈਡਲਰ ਉਥੋਂ ਡਰੱਗ ਮਨੀ ਇਕੱਠੀ ਕਰ ਰਹੇ ਸਨ, ਜਿਹਨਾਂ ਨੂੰ ਕਾਬੂ ਕਰਕੇ ਪੁਲਿਸ ਨੂੰ ਇੱਕ ਚੈਨ ਤੋੜਨ ਵਿੱਚ ਸਫਲਤਾ ਮਿਲੀ ਹੈ। ਮੁਲਜ਼ਮ ਸਾਜਨ ਖਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਐਨ.ਡੀ.ਪੀ.ਐੱਸ ਐਕਟ ਤਹਿਤ ਮਾਮਲੇ ਦਰਜ ਸਨ। ਦੋਵਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਨ੍ਹਾਂ ਤੋਂ ਦੌਰਾਨੇ ਪੁਛਗਿਛ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। Punjab Drug Bust