ਵਿਜੀਲੈਂਸ ਨੇ ਕੀਤੀ ਕਾਰਵਾਈ
ਚੰਡੀਗੜ੍ਹ। ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਕੇਂਦਰੀ ਸਹਿਕਾਰੀ ਬੈਂਕ ਰੂਪਨਗਰ ਵਿੱਚ 1,24,46,547 ਰੁਪਏ ਦੀ ਵਿੱਤੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਸਹਾਇਕ ਮੈਨੇਜਰ ਬਿਕਰਮਜੀਤ ਸਿੰਘ ਅਤੇ ਸੀਨੀਅਰ ਮੈਨੇਜਰ ਅਸ਼ੋਕ ਸਿੰਘ ਮਾਨ ਨੂੰ ਗਿ੍ਰਫ਼ਤਾਰ ਕੀਤਾ ਹੈ। ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਬਿਕਰਮਜੀਤ ਸਿੰਘ ਨੇ ਸਾਲ ਤੋਂ ਬੈਂਕ ਵਿੱਚ ਤਾਇਨਾਤੀ ਦੌਰਾਨ ਬੈਂਕ ਮੈਨੇਜਰਾਂ ਅਤੇ ਬੈਂਕ ਦੇ ਹੋਰ ਕਰਮਚਾਰੀਆਂ ਦੇ ਖਾਤੇ ਦੀ ਆਈਡੀ, ਪਾਸਵਰਡ ਅਤੇ ਹੋਰ ਵੇਰਵਿਆਂ ਦੀ ਦੁਰਵਰਤੋਂ ਕੀਤੀ ਸੀ। 2011 ਤੋਂ 2016 ਤੱਕ ਵੱਡੀ ਰਕਮ ਦੀ ਠੱਗੀ ਮਾਰੀ ਗਈ।
ਉਨ੍ਹਾਂ ਦੱਸਿਆ ਕਿ ਦੋਸ਼ੀ ਮੈਨੇਜਰ ਨੂੰ ਵੱਖ-ਵੱਖ ਬੈਂਕਾਂ ਤੋਂ ਕਲੀਅਰੈਂਸ/ਡਰਾਫਟ ਰਕਮ ਦੇ ਇਨਵਰਡ ਚੈੱਕਾਂ ਨੂੰ ਟਰਾਂਸਫਰ ਕਰਨ ਅਤੇ ਸਟੇਟ ਕੋਆਪ੍ਰੇਟਿਵ ਬੈਂਕ ਦੇ ਚਾਲੂ ਖਾਤਿਆਂ ਦੇ ਮੇਲ-ਮਿਲਾਪ ਲਈ ਤਾਇਨਾਤ ਕੀਤਾ ਗਿਆ ਸੀ। ਮੁਲਜ਼ਮ ਨੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਧੋਖੇ ਨਾਲ ਪੈਸੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਸਨ। ਮੁਲਜ਼ਮਾਂ ਵੱਲੋਂ ਅਜਿਹੇ ਖਾਤਿਆਂ ਵਿੱਚ ਪੈਸੇ ਭੇਜ ਕੇ ਕੁੱਲ ਇੱਕ ਕਰੋੜ 24 ਲੱਖ 46 ਹਜ਼ਾਰ 547 ਰੁਪਏ ਦਾ ਘਪਲਾ ਕੀਤਾ ਗਿਆ। ਦੋ ਸਾਲ ਪਹਿਲਾਂ ਸਹਿਕਾਰੀ ਬੈਂਕ ਦੀ ਕੀਤੀ ਗਈ ਜਾਂਚ ਵਿੱਚ ਬਿਕਰਮਜੀਤ ਸਿੰਘ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਸੀ।
ਸੀਨੀਅਰ ਮੈਨੇਜਰ ਅਸ਼ੋਕ ਸਿੰਘ ਮਾਨ ਤੋਂ ਇਲਾਵਾ ਉਸ ਨੇ 2011 ਤੋਂ 2016 ਤੱਕ ਹੋਰ ਮੁਲਾਜ਼ਮਾਂ ਦੀਆਂ ਆਈਡੀਜ਼ ਦੇ ਪਾਸਵਰਡ ਵਰਤੇ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਨੇ ਜ਼ਿਆਦਾਤਰ ਅਸ਼ੋਕ ਸਿੰਘ ਮਾਨ ਦੀ ਆਈਡੀ ਅਤੇ ਪਾਸਵਰਡ ਦੀ ਵਰਤੋਂ ਕੀਤੀ ਪਰ ਅਸ਼ੋਕ ਸਿੰਘ ਮਾਨ ਨੇ ਇਸ ਸਬੰਧੀ ਬੈਂਕ ਅਤੇ ਉੱਚ ਅਧਿਕਾਰੀਆਂ ਨੂੰ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ। ਇਸ ਲਈ ਮਿਲੀਭੁਗਤ ਦੇ ਦੋਸ਼ ਹੇਠ ਉਸ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














