ਨਾਭਾ ਦੀ ਨਵੀ ਜ਼ਿਲ੍ਹਾ ਜੇਲ੍ਹ ‘ਚੋਂ ਦੋ ਮੋਬਾਇਲ ਬਰਾਮਦ

Nabha

ਦੂਜੇ ਮਾਮਲੇ ‘ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ

ਤਰੁਣ ਕੁਮਾਰ ਸ਼ਰਮਾ, ਨਾਭਾ

ਨਾਭਾ ਦੀਆਂ ਜ਼ੇਲ੍ਹਾਂ ਕਿਸੇ ਨਾ ਕਿਸੇ ਰੂਪ ਵਿੱਚ ਸੁਰਖੀਆਂ ਵਿੱਚ ਰਹਿੰਦੀਆਂ ਹਨ। ਤਾਜਾ ਮਾਮਲਿਆਂ ਅਨੁਸਾਰ ਸਥਾਨਕ ਨਵੀ ਜ਼ਿਲ੍ਹਾ ਜੇਲ ਵਿੱਚੋਂ ਬਿਨਾ ਸਿਮ ਦੋ ਮੋਬਾਇਲ ਬਰਾਮਦ ਕੀਤੇ ਗਏ ਹਨ। ਪਹਿਲੇ ਮਾਮਲੇ ਵਿੱਚ ਦੋ ਕੈਦੀਆਂ ਅਤੇ ਦੂਜੇ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਨਾਭਾ ਸਦਰ ਪੁਲਿਸ ਕੋਲ ਪਹਿਲੇ ਮਾਮਲੇ ਵਿੱਚ ਸਹਾਇਕ ਸੁਪਰਡੈਂਟ ਵੱਲੋਂ 23 ਜੂਨ ਨੂੰ ਇੱਕ ਪੱਤਰ ਰਾਹੀਂ ਇਹ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਕਿ ਬੀਤੇ ਦਿਨੀਂ ਗੁਪਤ ਸੂਚਨਾ ਦੇ ਆਧਾਰ ‘ਤੇ ਵਰਿੰਦਰ ਸਿੰਘ ਦੀ ਬੈਰਕ ਨੰਬਰ 15 ਦੀ ਤਲਾਸ਼ੀ ਲਈ ਗਈ ਤਾਂ ਕਥਿਤ ਤੌਰ ‘ਤੇ ਵਰਿੰਦਰ ਸਿੰਘ ਨਾਂਅ ਦੇ ਇਸ ਕੈਦੀ ਨੇ ਦੱਸਿਆ ਕਿ ਉਸ ਨੇ ਇੱਕ ਮੋਬਾਇਲ ਫੋਨ ਵਾਰਡ ਨੰ 01 ਦੀ ਬੈਰਕ ਨੰਬਰ 04 ਵਿੱਚ ਬੰਦ ਸੁਨੀਲ ਭਨੋਟ ਨਾਂਅ ਦੇ ਕੈਦੀ ਨੂੰ ਦਿੱਤਾ ਹੋਇਆ ਹੈ। ਇਸ ਤੋਂ ਬਾਅਦ ਕਥਿਤ ਰੂਪ ਵਿੱਚ ਕੈਦੀ ਸੁਨੀਲ ਭਨੋਟ ਦੀ ਨਿਸ਼ਾਨਦੇਹੀ ‘ਤੇ ਜੇਲ ਸਟਾਫ ਨੇ ਇੱਕ ਚਿੱਟੇ ਰੰਗ ਦਾ ਸੈਮਸੰਗ ਮਾਰਕਾ ਮੋਬਾਇਲ ਬਰਾਮਦ ਕੀਤਾ।

ਮਾਮਲੇ ਵਿੱਚ ਕਾਰਵਾਈ ਕਰਦਿਆਂ ਨਾਭਾ ਸਦਰ ਪੁਲਿਸ ਵੱਲੋਂ ਮਾਮਲੇ ਦੇ ਕਥਿਤ ਦੋਸ਼ੀਆਨ ਕੈਦੀ ਵਰਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਚੰਡੀਗੜ੍ਹ ਅਤੇ ਸੁਨੀਲ ਭਨੋਟ ਪੁੱਤਰ ਰਾਜ ਕੁਮਾਰ ਵਾਸੀ ਚੰਡੀਗੜ੍ਹ ਖਿਲਾਫ ਪ੍ਰੀਜਨ ਐਕਟ ਦੀ ਧਾਰਾ 52ਏ ਅਤੇ ਆਈ ਪੀ ਸੀ ਦੀ ਧਾਰਾ 34 ਅਧੀਨ ਮਾਮਲਾ ਦਰਜ਼ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦੂਜੇ ਮਾਮਲੇ ਵਿੱਚ ਜੇਲ੍ਹ ਦੇ ਹੀ ਸੁਪਰਡੈਂਟ ਵੱਲੋਂ ਮਿਤੀ 24 ਜੂਨ 2019 ਪੱਤਰ ਨੰਬਰ 3165/ ਜਾਰੀ ਕਰਕੇ ਨਾਭਾ ਸਦਰ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਜੇਲ ਦੀ ਬੈਰਕ ਨੰਬਰ 5 ਅਤੇ 6 ਦੇ ਪਿੱਛੇ ਕੱਚੀ ਥਾਂ ਦੱਬਿਆ ਹੋਇਆ ਕਾਲੇ ਰੰਗ ਦਾ ਸੈਮਸੰਗ ਡੀਉਸ ਮਾਰਕਾ ਮੋਬਾਇਲ ਬਰਾਮਦ ਕੀਤਾ ਗਿਆ ਹੈ।  ਜੇਲ ਅਧਿਕਾਰੀ ਦੇ ਇਸ ਪੱਤਰ ‘ਤੇ ਕਾਰਵਾਈ ਕਰਦਿਆਂ ਨਾਭਾ ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਪ੍ਰੀਜਨ ਐਕਟ ਦੀ ਧਾਰਾ 52ਏ ਅਧੀਨ ਮਾਮਲਾ ਦਰਜ਼ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮਾਮਲੇ ਦੀ ਛਾਣਬੀਣ ‘ਚ ਜੁਟੀ

ਉਪਰੋਕਤ ਮੋਬਾਇਲਾਂ ਦੀ ਜੇਲ੍ਹ ਵਿੱਚੋਂ ਬਰਾਮਦਗੀ ਜੇਲ ਪ੍ਰਸ਼ਾਸ਼ਨ ਦੀ ਵਰਤੀ ਜਾ ਰਹੀ ਢਿੱਲ ਵੱਲ ਸੰਕੇਤ ਦੇ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਮੋਬਾਇਲ ਬਰਾਮਦ ਹੋ ਗਏ ਹਨ ਪਰੰਤੂ ਬਿਨਾਂ ਸਿਮ ਤੋਂ ਇਨ੍ਹਾਂ ਦਾ ਬਰਾਮਦ ਹੋਣਾ ਵੀ ਸ਼ੱਕ ਦੇ ਘੇਰੇ ‘ਚ ਆ ਰਿਹਾ ਹੈ। ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਕਾਂਡ ਦੇ ਨਜ਼ਦੀਕ ਹੀ ਇਨ੍ਹਾਂ ਮੋਬਾਇਲਾਂ ਦੀ ਜੇਲ ਅੰਦਰੋਂ ਬਰਾਮਦਗੀ ਕਿਸੇ ਗਹਿਰੀ ਸਾਜਿਸ਼ ਦਾ ਸੰਕੇਤ ਤਾਂ ਨਹੀਂ ਹੈ ਅਤੇ ਇਨ੍ਹਾਂ ਮੋਬਾਇਲਾਂ ਦਾ ਕਿਤੇ ਬਿੱਟੂ ਕਤਲ ਕਾਂਡ ਨਾਲ ਕੋਈ ਸਬੰਧ ਤਾਂ ਨਹੀਂ ਇਸ ਬਾਰੇ ਸਰਕਾਰੀ ਏਜੰਸੀਆਂ ਮੋਬਾਈਲਾਂ ਦੀ ਬਰਾਮਦਗੀ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here