ਦੋ ਦਿਨ ਤੋਂ ਪੈ ਰਹੇ ਮੀਂਹ ਨੇ ਕਿਸਾਨ ਫਿਕਰਾਂ ‘ਚ ਡੋਬੇ

ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਮੋਹਾਲੀ ‘ਚ ਪਿਆ ਮੀਂਹ

ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਅਤੇ ਚੰਡੀਗੜ੍ਹ ‘ਚ ਮੀਂਹ ਦੀ ਸੰਭਾਵਨਾ

ਬਠਿੰਡਾ, (ਸੁਖਜੀਤ ਮਾਨ)। ਪੋਹ-ਮਾਘ ਦੀਆਂ ਠੰਢੀਆਂ ਰਾਤਾਂ ਨੂੰ ਪੁੱਤਾਂ ਵਾਂਗ ਪਾਲੀਆਂ ਹਾੜੀ ਦੀਆਂ ਫਸਲਾਂ ‘ਤੇ ਸੰਕਟ ਦੇ ਬੱਦਲ ਹਨ ਪਿਛਲੇ ਕਰੀਬ ਦੋ ਦਿਨ ਤੋਂ ਅੱਧੀ ਦਰਜ਼ਨ ਤੋਂ ਵੱਧ ਜ਼ਿਲ੍ਹਿਆਂ ‘ਚ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਕਈ ਥਾਈਂ ਕਣਕ ਦੀ ਫਸਲ ਧਰਤੀ ‘ਤੇ ਵਿਛ ਗਈ ਤੇ ਸਰੋਂ ਦੀ ਫਸਲ ਦੇ ਫੁੱਲ ਤੇ ਫਲੀਆਂ ਝਾੜ ਦਿੱਤੀਆਂ ਉਂਜ ਖੇਤੀ ਮਾਹਿਰਾਂ ਵੱਲੋਂ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਸ਼ਹਿਰੀ ਅਬਾਦੀ ‘ਚ ਕਈ ਥਾਈਂ ਪਾਣੀ ਖੜ੍ਹਨ ਕਾਰਨ ਲੋਕਾਂ ਨੂੰ ਕਾਫੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਮੌਸਮ ਵਿਭਾਗ ਦੇ ਚੰਡੀਗੜ੍ਹ ਸਥਿਤ ਦਫ਼ਤਰ ਤੋਂ ਡਾਇਰੈਕਟਰ ਸੁਰਿੰਦਰਪਾਲ ਸਿੰਘ ਤੋਂ ਹਾਸਿਲ ਕੀਤੇ ਵੇਰਵਿਆਂ ਮੁਤਾਬਿਕ ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਮੋਹਾਲੀ ਆਦਿ ਜ਼ਿਲ੍ਹਿਆਂ ‘ਚ ਇਹ ਮੀਂਹ ਪਿਆ ਹੈ ਉਨ੍ਹਾਂ ਦੱਸਿਆ ਕਿ ਔਸਤਨ ਹਰ ਜ਼ਿਲ੍ਹੇ ‘ਚ 3 ਤੋਂ 4 ਸੈਂਟੀਮੀਟਰ ਤੱਕ ਮੀਂਹ ਪਿਆ ਹੈ ਗੜਿਆਂ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਆਖਿਆ ਕਿ ਪਤਾ ਲੱਗਿਆ ਹੈ ਕਿ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ‘ਚ ਕੁੱਝ ਥਾਵਾਂ ‘ਤੇ ਗੜੇ ਪਏ ਹਨ ਪਰ ਮੁਕੰਮਲ ਵੇਰਵੇ ਹਾਲੇ ਆ ਰਹੇ ਹਨ

ਮੌਸਮ ਦੀ ਅਗਾਂਊ ਜਾਣਕਾਰੀ ਸਬੰਧੀ ਡਾਇਰੈਕਟਰ ਮੌਸਮ ਵਿਭਾਗ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਤੱਕ ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਅਤੇ ਚੰਡੀਗੜ੍ਹ ਆਦਿ ਖੇਤਰ ‘ਚ ਮੀਂਹ ਪਵੇਗਾ  ਖੇਤੀ ਸੈਕਟਰ ‘ਚ ਇਸ ਮੀਂਹ ਦਾ ਮਿਲਿਆ ਜੁਲਿਆ ਅਸਰ ਵੇਖਣ ਨੂੰ ਮਿਲ ਰਿਹਾ ਹੈ ਮੀਂਹ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਕਈ ਜ਼ਿਲ੍ਹਿਆਂ ‘ਚ ਕਣਕ ਦੀ ਫਸਲ ਧਰਤੀ ‘ਤੇ ਵਿਛਾ ਦਿੱਤੀ ਬਠਿੰਡਾ ਜ਼ਿਲੇ ‘ਚ ਅੱਜ ਸਵੇਰੇ 8:30 ਵਜੇ ਤੱਕ 19.6 ਐਮਐਮ ਮੀਂਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਨੇ ਦਰਜ਼ ਕੀਤਾ ਹੈ ਜਦੋਂਕਿ ਇਸ ਮਗਰੋਂ ਹੋਰ ਵੀ ਕਾਫੀ ਮੀਂਹ ਪਿਆ

ਸ਼ਹਿਰ ‘ਚ ਕਈ ਨੀਵੀਆਂ ਥਾਵਾਂ ‘ਤੇ ਪਾਣੀ ਖੜ੍ਹ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਮੁਸਕਿਲਾਂ ਝੱਲਣੀਆਂ ਪਈਆਂ ਦੁਕਾਨਾਂ ‘ਤੇ ਬੈਠੇ ਦੁਕਾਨਦਾਰ ਗ੍ਰਾਹਕਾਂ ਅਤੇ ਬੱਸਾਂ ਵਾਲੇ ਸਵਾਰੀਆਂ ਨੂੰ ਉਡੀਕਦੇ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਰੇਸ਼ਮ ਸਿੰਘ ਯਾਤਰੀ ਅਤੇ ਬਲਵਿੰਦਰ ਸਿੰਘ ਜੋਧਪੁਰ ਨੇ ਦੱਸਿਆ ਕਿ ਬੇਮੌਸਮੇ ਮੀਂਹ ਨੇ ਕਣਕ, ਸਰੋਂ ਤੇ ਆਲੂਆਂ ਦੀ ਫਸਲ ਦਾ ਕਾਫੀ ਨੁਕਸਾਨ ਕਰ ਦਿੱਤਾ ਹੈ ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇ ਕੁੱਝ ਕਿਸਾਨਾਂ ਦਾ ਕਹਿਣਾ ਹੈ ਕਿ ਪਿਛੇਤੀਆਂ ਕਣਕਾਂ ਦਾ ਇਸ ਮੀਂਹ ਨਾਲ ਕੋਈ ਨੁਕਸਾਨ ਨਹੀਂ ਕਿਉਂਕਿ ਉਸ ਕਣਕ ਨੂੰ ਹਾਲੇ ਬੱਲੀਆਂ ਨਹੀਂ ਲੱਗੀਆਂ ਸਗੋਂ ਮੀਂਹ ਕਾਰਨ ਠੰਢ ‘ਚ ਮੁੜ ਵਾਧਾ ਹੋਣ ਦਾ ਕਣਕ ਨੂੰ ਫਾਇਦਾ ਹੀ ਹੋਵੇਗਾ

ਫਸਲਾਂ ਦਾ ਕੋਈ ਨੁਕਸਾਨ ਨਹੀਂ : ਖੇਤੀ ਮਾਹਿਰ

ਖੇਤੀਬਾੜੀ ਵਿਭਾਗ ਦੇ ਬਠਿੰਡਾ ਤੋਂ ਖੇਤੀ ਮਾਹਿਰ ਜਤਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਆਪਣੇ ਖੇਤਰ ‘ਚ ਮੁੱਖ ਤੌਰ ‘ਤੇ ਕਣਕ, ਸਰੋਂ ਤੇ ਛੋਲਿਆਂ ਦੀ ਬਿਜਾਂਦ ਹੈ ਜਿੰਨ੍ਹਾਂ ਦਾ ਇਸ ਮੀਂਹ ਨਾਲ ਕੋਈ ਨੁਕਸਾਨ ਨਹੀਂ ਹੋਇਆ ਉਨ੍ਹਾਂ ਆਖਿਆ ਕਿ ਆਲੂ ਦੀ ਫਸਲ ਦੀ ਪੁਟਾਈ ਮੀਂਹ ਕਾਰਨ ਥੋੜ੍ਹੀ ਲੇਟ ਹੋ ਸਕਦੀ ਹੈ ਪਰ ਨੁਕਸਾਨ ਕੋਈ ਨਹੀਂ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।