‘ਨਿੱਕਰ ਖਰੀਦਣ ਲਈ ਵੀ ਨਹੀਂ ਐ ਖੇਡ ਵਿਭਾਗ ਕੋਲ ਪੈਸੇ, ਇਹ ਐ ਵਿਭਾਗ ਦੀ ਹਾਲਤ’
- ਰਜ਼ੀਆ ਸੁਲਤਾਨਾ ਦੇ ਜੁਆਬ ਤੋਂ ਨਾ ਹੋਏ ਕੁਲਬੀਰ ਜੀਰਾ ਸੰਤੁਸ਼ਟ, ਲਾਇਆ ਪੈਸੇ ਲੈਣ ਦਾ ਦੋਸ਼
ਚੰਡੀਗੜ੍ਹ (ਅਸ਼ਵਨੀ ਚਾਵਲਾ)। ਵਿਧਾਨ ਸਭਾ ਦੇ ਸੈਸ਼ਨ ਦੌਰਾਨ ਇੱਕ ਸੁਆਲ ਸਬੰਧੀ ਵਿਧਾਇਕ ਕੁਲਬੀਰ ਜੀਰਾ ਨੇ ਆਪਣੀ ਹੀ ਸਰਕਾਰ ਦੀ ਮੰਤਰੀ ਰੱਜਿਆ ਸੁਲਤਾਨਾ ਨੂੰ ਘੇਰ ਲਿਆ ਅਤੇ ਜੰਮ ਕੇ ਉਨ੍ਹਾਂ ਦੇ ਵਿਭਾਗੀ ਅਧਿਕਾਰੀਆਂ ‘ਤੇ ਦੋਸ਼ ਤੱਕ ਲਗਾ ਦਿੱਤੇ। ਇਸ ਦੌਰਾਨ ਕੁਲਬੀਰ ਜੀਰਾ ਨੇ ਰਜ਼ੀਆ ਸੁਲਤਾਨਾ ਦੇ ਵਿਭਾਗ ਟਰਾਂਸਪੋਰਟ ਵਿਭਾਗ ਬਾਰੇ ਕੁਝ ਇਹੋ ਜਿਹੇ ਸ਼ਬਦ ਵੀ ਬੋਲੇ, ਜਿਹੜੇ ਕਿ ਕਾਫ਼ੀ ਜ਼ਿਆਦਾ ਗਲਤ ਵੀ ਸਨ, ਜਿਸ ਕਾਰਨ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਸ਼ਬਦਾਂ ਨੂੰ ਵਿਧਾਨ ਸਭਾ ਦੀ ਕਾਰਵਾਈ ਵਿੱਚੋਂ ਹੀ ਹਟਵਾ ਦਿੱਤਾ।
ਜਿਸ ਕਾਰਨ ਉਨਾਂ ਸ਼ਬਦਾਂ ਨੂੰ ਲਿਖਿਆ ਵੀ ਨਹੀਂ ਜਾ ਸਕਦਾ ਹੈ। ਕੁਲਬੀਰ ਜੀਰਾ ਆਪਣੇ ਹਲਕੇ ਦੇ ਇੱਕ ਪਿੰਡ ਵਾਲੇ ਪਾਸੇ ਪੀਆਰਟੀਸੀ ਦੀ ਬੱਸ ਵਾਰ ਵਾਰ ਬੰਦ ਹੋਣ ਦੀ ਸ਼ਿਕਾਇਤ ਕਰ ਰਹੇ ਸਨ। ਕੁਲਬੀਰ ਜ਼ੀਰਾ ਨੇ ਕਿਹਾ ਕਿ ਉਹ ਹਰ ਮਹੀਨੇ ਬੱਸ ਚਲਵਾਉਂਦੇ ਹਨ ਪਰ ਵਾਰ-ਵਾਰ ਬੰਦ ਕਰ ਦਿੱਤੀ ਜਾਂਦੀ ਹੈ। ਇਸ ਰੂਟ ‘ਤੇ ਬਾਦਲਾਂ ਦੀਆਂ ਮਿੰਨੀ ਬੱਸਾਂ ਚਲਦੀਆਂ ਹਨ ਅਤੇ ਉਨ੍ਹਾਂ ਵੱਲੋਂ ਆਰ.ਟੀ.ਏ. ਨੂੰ ਪੈਸਾ ਦੇ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਫਿਰ ਤੋਂ ਸਰਕਾਰੀ ਬੱਸ ਬੰਦ ਹੋ ਜਾਂਦੀ ਹੈ। ਕੁਲਬੀਰ ਜੀਰਾ ਨੇ ਇਸ ਤੋਂ ਅੱਗੇ ਵਿਭਾਗ ਬਾਰੇ ਕਾਫ਼ੀ ਜਿਆਦਾ ਕੁਝ ਕਿਹਾ। ਜਿਸ ਨੂੰ ਸੁਣ ਕੇ ਟਰਾਂਸਪੋਰਟ ਵਿਭਾਗ ਦੀ ਮੰਤਰੀ ਰਜ਼ੀਆ ਸੁਲਤਾਨਾ ਦਾ ਵੀ ਗੁੱਸਾ ਸਤਵੇਂ ਆਸਮਾਨ ‘ਤੇ ਚੜ੍ਹ ਗਿਆ ਅਤੇ ਉਨਾਂ ਕਿਹਾ ਕਿ ਕਿਹੜੇ ਪ੍ਰਾਈਵੇਟ ਟਰਾਂਸਪੋਰਟ ਦੀਆਂ ਬੱਸਾਂ ਸੜਕ ‘ਤੇ ਚਲਾਉਣੀਆਂ ਹਨ।
ਕਿਹੜੀਆਂ ਨਹੀਂ ਚਲਾਉਣੀਆਂ ਹਨ, ਇਹ ਤਾਂ ਸੁਆਲ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਆਲ ਇਹ ਹੈ ਕਿ ਜ਼ਰੂਰਤ ਅਨੁਸਾਰ ਹੀ ਪੀਆਰਟੀਸੀ ਦੀ ਬੱਸ ਚੱਲ ਪਵੇਗੀ। ਜੇਕਰ ਕੁਲਬੀਰ ਜੀਰਾ ਸਾਰੀ ਬੱਸ ਦੀ ਬੁਕਿੰਗ ਐਡਵਾਂਸ ਵਿੱਚ ਪਾਸ ਰਾਹੀਂ ਕਰਵਾ ਦਿੰਦੇ ਹਨ ਤਾਂ ਬੱਸ ਚਲਾ ਦਿੱਤੀ ਜਾਏਗੀ। ਇਸ ‘ਤੇ ਕੁਲਬੀਰ ਜੀਰਾ ਨੇ ਕਿਹਾ ਕਿ ਪੀ.ਆਰ.ਟੀ.ਸੀ ਦੀ ਬੱਸ 52 ਸੀਟਾਂ ਵਾਲੀ ਹੈ, ਜਦੋਂ ਕਿ ਮਿੰਨੀ ਬੱਸ 40 ਸੀਟ ਵਾਲੀ ਹੈ। ਜੇਕਰ ਮਿੰਨੀ ਲਈ ਸਵਾਰੀ ਮਿਲ ਰਹੀ ਹੈ ਤਾਂ ਪੀ.ਆਰ.ਟੀ.ਸੀ. ਲਈ ਕਿਵੇਂ ਨਹੀਂ ਮਿਲ ਸਕਦੀ ਹੈ। ਪੰਜਾਬ ਦੇ ਖੇਡ ਵਿਭਾਗ ਕੋਲ ਇਸ ਸਮੇਂ ‘ਇੱਕ ਨਿੱਕਰ ਖਰੀਦਣ ਲਈ ਵੀ ਪੈਸੇ ਨਹੀਂ ਹਨ, ਇਹ ਹਾਲਤ ਤਾਂ ਪੰਜਾਬ ਦੇ ਖੇਡ ਵਿਭਾਗ ਦੀ ਹੋਈ ਪਈ ਹੈ।
ਇਸ ਸਮੇਂ ਖੇਡ ਵਿਭਾਗ ਸਿਰਫ਼ ਕਾਗ਼ਜ਼ਾਂ ਵਿੱਚ ਹੀ ਚਲ ਰਿਹਾ ਹੈ, ਜਦੋਂ ਕਿ ਅਸਲ ਸਚਾਈ ਵਿੱਚ ਵਿਭਾਗ ਫੰਡ ਦੀ ਭਾਰੀ ਘਾਟ ਦੇ ਦੌਰ ਵਿੱਚੋਂ ਗੁਜਰ ਰਿਹਾ ਹੈ। ਇਨਾਂ ਸ਼ਬਦਾਂ ਨਾਲ ਕਾਂਗਰਸ ਸਰਕਾਰ ਨੂੰ ਘੇਰਨ ਵਾਲਾ ਕੋਈ ਹੋਰ ਨਹੀਂ ਸਗੋਂ ਕਾਂਗਰਸ ਪਾਰਟੀ ਦਾ ਵਿਧਾਇਕ ਪਰਗਟ ਸਿੰਘ ਹੀ ਹੈ। ਪਰਗਟ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਆਪਣੀ ਹੀ ਸਰਕਾਰ ਦੇ ਖੇਡ ਮੰਤਰੀ ਨੂੰ ਘੇਰਿਆ। ਵਿਧਾਨ ਸਭਾ ਵਿਖੇ ਖੇਡ ਵਿਭਾਗ ਬਾਰੇ ਚਲ ਰਹੇ ਧਿਆਨ ਦਿਵਾਊ ਨੋਟਿਸ ਵਿੱਚ ਭਾਗ ਲੈਂਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਖੇਡ ਵਿਭਾਗ ਦਾ ਇਸ ਸਮੇਂ ਕਾਫ਼ੀ ਜਿਆਦਾ ਮਾੜਾ ਹਾਲ ਹੋਇਆ ਪਿਆ ਹੈ।
ਇਸ ਸਮੇਂ ਖੇਡ ਵਿਭਾਗ ਕੋਲ ਇੱਕ ਨਿੱਕਰ ਖਰੀਦਣ ਲਈ ਵੀ ਪੈਸਾ ਨਹੀਂ ਹੈ। ਪੰਜਾਬ ਦਾ ਖੇਡ ਵਿਭਾਗ ਤਾਂ ਇਸ ਸਮੇਂ ਸਿਰਫ਼ ਕਾਗ਼ਜ਼ਾਂ ਵਿੱਚ ਹੀ ਚਲ ਰਿਹਾ ਹੈ। ਇਸ ਲਈ ਕੁਝ ਕਰਨ ਦੀ ਜਰੂਰਤ ਹੈ ਕਿਉਂਕਿ ਆਉਣ ਵਾਲੀ ਪੀੜ੍ਹੀ ਸਾਡੇ ਤੋਂ ਕੁਝ ਨਾ ਕੁਝ ਆਸ ਰੱਖਦੀ ਹੈ, ਉਸੇ ‘ਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ। ਪਰਗਟ ਸਿੰਘ ਵਲੋਂ ਸਦਨ ਦੇ ਅੰਦਰ ਆਖੇ ਗਏ ਇਨਾਂ ਸ਼ਬਦਾਂ ਬਾਰੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੋਈ ਵੀ ਜੁਆਬ ਨਹੀਂ ਦਿੱਤਾ।