ਜਥੇਬੰਦੀਆਂ ਵੱਲੋਂ ਪੰਜਾਬ ਭਰ ’ਚ 12 ਤੋਂ 4 ਵਜੇ ਤੱਕ ਰੇਲਾਂ ਰੋਕਣ ਦਾ ਕੀਤਾ ਗਿਆ ਫੈਸਲਾ
- ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਕਿਰਤੀਆਂ ਨੂੰ 14 ਮਾਰਚ ਦੇ ਸੰਘਰਸ਼ ਐਕਸ਼ਨਾਂ ’ਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ-ਆਗੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। Farmers Protest 5 ਕਿਸਾਨ ਜਥੇਬੰਦੀਆਂ ਭਾਕਿਯੂ ਏਕਤਾ (ਉਗਰਾਹਾਂ), ਭਾਕਿਯੂ ਏਕਤਾ ਡਕੌਂਦਾ (ਧਨੇਰ), ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਦਰਸ਼ਨਪਾਲ), ਭਾਕਿਯੂ ਮਾਲਵਾ (ਹੀਰਕੇ) ਅਤੇ ਦੁਆਬਾ ਕਿਸਾਨ ਕਮੇਟੀ (ਸੰਘਾ) ਵੱਲੋਂ ਤਾਲਮੇਲਵੇਂ ਸੰਘਰਸ਼ ਵਜੋਂ ਅੱਜ ਪੰਜਾਬ ਭਰ ਵਿੱਚ 12 ਤੋਂ 4 ਵਜੇ ਤੱਕ ਰੇਲਾਂ ਰੋਕਣ ਦਾ ਫੈਸਲਾ ਕੀਤਾ ਗਿਆ ਸੀ । ਅੱਜ ਪਟਿਆਲਾ ਵਿਖੇ ਪਟਿਆਲਾ ਕੈਂਟ ਸਟੇਸ਼ਨ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਰੇਲ ਦੀ ਪਟੜੀ ’ਤੇ ਬੈਠ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਕਿਸਾਨ ਆਗੂਆਂ ਜਸਵਿੰਦਰ ਸਿੰਘ ਬਰਾਸ, ਗੁਰਮੀਤ ਸਿੰਘ ਦਿੱਤੂਪੁਰ ਨੇ ਕਿਹਾ ਕਿ ਇਹ ਅੰਦੋਲਨ ਮੋਦੀ ਭਾਜਪਾ ਸਰਕਾਰ ਦੁਆਰਾ ਕਿਸਾਨਾਂ ਦਾ ਜਨਤਕ ਸੰਘਰਸ਼ ਦਾ ਹੱਕ ਸ਼ੰਭੂ ਤੇ ਖਨੌਰੀ ਵਿਖੇ ਲਾਠੀਆਂ, ਗੋਲੀਆਂ ਤੇ ਗੈਸ-ਬੰਬਾਂ ਦੇ ਜ਼ੋਰ ਕਿਸਾਨਾਂ ਨੂੰ ਜਾਨੋਂ ਮਾਰ ਕੇ ਖੋਹਣ ਵਿਰੁੱਧ ਸਖ਼ਤ ਰੋਸ ਵਜੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਫਸਲਾਂ ਦੀ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਤੇ ਬੁਢਾਪਾ ਪੈਨਸ਼ਨ, ਸਰਵਜਨਿਕ ਜਨਤਕ ਵੰਡ ਪ੍ਰਣਾਲੀ ਸਮੂਹ ਗਰੀਬਾਂ ਵਾਸਤੇ ਲਾਗੂ ਕਰਨ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਵਰਗੀਆਂ ਮੋਦੀ ਸਰਕਾਰ ਵੱਲੋਂ ਮੰਨ ਕੇ ਮੁੱਕਰੀਆਂ ਸਮੂਹ ਕਿਸਾਨੀ ਮੰਗਾਂ ਇਸ ਰੋਸ ਐਕਸ਼ਨ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਲ ਹਨ। Farmers Protest
ਇਹ ਵੀ ਪੜ੍ਹੋ: ਟੀਐਮਸੀ ਨੇ ਲੋਕ ਸਭਾ ਉਮੀਦਵਾਰਾਂ ਦਾ ਕੀਤਾ ਐਲਾਨ, ਕ੍ਰਿਕਟਰ ਯੂਸਫ਼ ਪਠਾਨ ਨੂੰ ਬਹਿਰਾਮਪੁਰ ਸੀਟ ਤੋਂ ਉਤਾਰਿਆ
ਅੱਜ ਦੇ ਰੇਲ ਰੋਕੋ ਅੰਦੋਲਨ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਡਾ ਦਰਸ਼ਨ ਪਾਲ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ, ਉਨਾਂ ਵੱਲੋਂ 6 ਮੈਂਬਰੀ ਏਕਤਾ ਕਮੇਟੀ ਵੱਲੋਂ ਸਮੂਚੀ ਕਿਸਾਨ ਲਹਿਰ ਨੂੰ ਇਕੱਠਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਹਵਾਲਾ ਦਿੰਦੇ ਹੋਏ, ਸਭਨਾਂ ਜਥੇਬੰਦੀਆਂ ਨੂੰ ਇਕੱਠੇ ਹੋਕੇ ਲੜਨ ਦਾ ਹੋਕਾ ਦਿੱਤਾ। ਇਨ੍ਹਾਂ ਤੋਂ ਇਲਾਵਾ ਜਗਦੀਪ ਸਿੰਘ ਛੰਨਾਂ, ਲਖਵਿੰਦਰ ਸਿੰਘ ਬਲਬੇੜਾ ਨੇ ਕਿਹਾ ਕਿ ਭਾਰਤ ਨੂੰ ਡਬਲਯੂ ਟੀ ਓ ਤੋਂ ਬਾਹਰ ਲਿਆਉਣ, ਸ਼ੁਭਕਰਨ ਸਿੰਘ ਦੇ ਕਤਲ ਅਤੇ ਪ੍ਰੀਤਪਾਲ ਸਿੰਘ ਦੀਆਂ ਲੱਤਾਂ/ਜਬਾੜ੍ਹੇ ਤੋੜਨ ਲਈ ਜ਼ਿੰਮੇਵਾਰ ਕੇਂਦਰ ਤੇ ਹਰਿਆਣਾ ਦੇ ਗ੍ਰਹਿ ਮੰਤਰੀਆਂ ਸਮੇਤ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਿਰੁੱਧ ਕਤਲ ਕੇਸ ਦਰਜ ਕਰ ਕੇ ਬਰਖਾਸਤ ਕਰਨ, 2020-21 ਦਾ ਜੇਤੂ ਦਿੱਲੀ ਘੋਲ਼ ਅਤੇ ਮੌਜੂਦਾ ਘੋਲ਼ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਅਤੇ ਰਾਜਧਾਨੀ ਦਿੱਲੀ ਵਿਚ ਕਿਸਾਨਾਂ ਦਾ ਜਨਤਕ ਸੰਘਰਸ਼ ਕਰਨ ਦਾ ਜਮਹੂਰੀ ਹੱਕ ਬਹਾਲ ਕਰਨ ਵਰਗੀਆਂ ਭਖਦੀਆਂ ਮੰਗਾਂ ਵੀ ਇਨ੍ਹਾਂ ਮੰਗਾਂ ਵਿੱਚ ਸ਼ਾਮਲ ਹਨ। Farmers Protest
ਇਸ ਤੋਂ ਇਲਾਵਾ ਔਰਤ ਆਗੂ ਮਨਦੀਪ ਕੌਰ ਬਾਰਨ ਅਤੇ ਚਰਨਜੀਤ ਕੌਰ ਧੂੜੀਆਂ ਦਾ ਕਹਿਣਾ ਹੈ ਕਿ ਮੋਦੀ ਭਾਜਪਾ ਹਕੂਮਤ ਵੱਲੋਂ ਮੜ੍ਹੀਆਂ ਜਾ ਰਹੀਆਂ ਡਬਲਯੂ ਟੀ ਓ ਦੀਆਂ ਸਾਮਰਾਜੀ ਨੀਤੀਆਂ ਕਿਸਾਨਾਂ ਸਮੇਤ ਸਮੂਹ ਕਿਰਤੀਆਂ, ਮੁਲਾਜ਼ਮਾਂ, ਠੇਕਾ ਕਾਮਿਆਂ ਅਤੇ ਸਨਅਤੀ ਮਜ਼ਦੂਰਾਂ ਦੀ ਲੁੱਟ ਸਿਖਰੀਂ ਚਾੜ੍ਹਨ ਵਾਲੀਆਂ ਸਾਬਤ ਹੋ ਰਹੀਆਂ ਹਨ। ਬਲਰਾਜ ਜੋਸ਼ੀ ਅਤੇ ਅਵਤਾਰ ਸਿੰਘ ਕੌਰਜੀਵਾਲਾ ਨੇ ਕਿਹਾ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਦਾ ਟੀਚਾ ਹਾਸਲ ਕਰਨ ਲਈ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਜੇਤੂ ਦਿੱਲੀ ਘੋਲ਼ ਤੋਂ ਪਹਿਲਾਂ ਦੇ ਅਰਸੇ ਵਾਂਗ ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਘੱਟੋ ਘੱਟ ਪ੍ਰੋਗਰਾਮ ’ਤੇ ਇੱਕਜੁਟਤਾ ਵਾਲ਼ਾ ਅਤੇ ਵਿਸ਼ਾਲ ਲਾਮਬੰਦੀਆਂ ਵਾਲ਼ਾ ਮਹੌਲ ਸਿਰਜਣ ਲਈ ਜਥੇਬੰਦੀਆਂ ਵੱਲੋਂ ਲਗਾਤਾਰ ਯਤਨ ਜੁਟਾਏ ਜਾ ਰਹੇ ਹਨ।
14 ਮਾਰਚ ਦੇ ਸੰਘਰਸ਼ ਐਕਸ਼ਨਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ (Farmers Protest)
14 ਮਾਰਚ ਨੂੰ ਰਾਮਲੀਲਾ ਮੈਦਾਨ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਸਮੂਹ ਜਥੇਬੰਦੀਆਂ ਵੱਲੋਂ ਕੀਤੀ ਜਾਣ ਵਾਲੀ ਮੁਲਕ ਪੱਧਰੀ ਕਿਸਾਨ-ਮਜ਼ਦੂਰ ਮਹਾਂਪੰਚਾਇਤ ਦੀਆਂ ਜ਼ੋਰਦਾਰ ਤਿਆਰੀਆਂ ਵੀ ਪਿੰਡ ਪਿੰਡ ਮੀਟਿੰਗਾਂ ਰੈਲੀਆਂ ਝੰਡਾ ਮਾਰਚਾਂ ਅਤੇ ਨੁੱਕੜ ਨਾਟਕਾਂ ਰਾਹੀਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵੱਲੋਂ ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਕਿਰਤੀਆਂ ਨੂੰ 14 ਮਾਰਚ ਦੇ ਸੰਘਰਸ਼ ਐਕਸ਼ਨਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਵਿੱਚੋਂ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਤੋਂ ਜੀਤ ਸਿੰਘ ਬਠੋਈ ਸਾਥੀਆਂ ਸਮੇਤ ਸ਼ੰਘਰਸ਼ ਦੀ ਹਿਮਾਇਤ ਕਰਨ ਆਏ।