ਟੂਲਕਿੱਟ ਮਾਮਲਾ: ਦਿਸ਼ਾ ਰਵੀ ਨੂੰ ਮਿਲੀ ਜ਼ਮਾਨਤ

ਦਿੱਲੀ ਪੁਲਿਸ ਸਾਈਬਰ ਸੈਲ ਨੇ 13 ਫਰਵਰੀ ਨੂੰ ਬੰਗਲੌਰ ਤੋਂ ਕੀਤਾ ਸੀ ਗਿ੍ਫ਼ਤਾਰ

ਨਵੀਂ ਦਿੱਲੀ (ਏਜੰਸੀ ) । ਦਿੱਲੀ ਹਾਈ ਕੋਰਟ ਨੇ ਅੱਜ ਟੂਲਕਿੱਟ ਮਾਮਲੇ ‘ਚ ਬੰਗਲੌਰ ਦੀ ਵਾਤਾਵਰਨ ਕਾਰਜਕਰਤਾ ਦਿਸ਼ਾ ਰਵੀ ਦੀ ਜ਼ਮਾਨਤ ਮਨਜ਼ੂਰ ਕਰ ਲਈ । ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਜ਼ਮਾਨਤ ਮਨਜ਼ੂਰ ਕਰਦਿਆਂ ਦਿਸ਼ਾ ਰਵੀ ਨੂੰ ਇਸ ਸਬੰਧੀ ਇੱਕ ਲੱਖ ਰੁਪਏ ਦੇ ਜ਼ਮਾਨਤੀ ਬਾਂਡ ਅਤੇ ਦੋ ਵਾਧੂ ਮੁਚਲਕੇ ਪੇਸ਼ ਕਰਨ ਲਈ ਕਿਹਾ ।

ਇਸ ਦਰਮਿਆਨ ਦਿੱਲੀ ਪੁਲਿਸ ਨੇ ਅੱਜ ਇੱਕ ਸਥਾਨਕ ਅਦਾਲਤ ‘ਚ ਪਟੀਸ਼ਨ ਦਾਇਰ ਕਰਕੇ ਦਿਸ਼ਾ ਰਵੀ ਦੀ ਪੁਲਿਸ ਹਿਰਾਸਤ ਚਾਰ ਦਿਨ ਹੋਰ ਵਧਾਉਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਅਦਾਲਤ ਨੇ ਸੋਮਵਾਰ ਨੂੰ ਦਿਸ਼ਾ ਰਵੀ ਦੀ ਪੁਲਿਸ ਹਿਰਾਸਤ 24 ਘੰਟੇ ਲਈ ਵਧਾ ਦਿੱਤੀ ਸੀ। ਦਿੱਲੀ ਪੁਲਿਸ ਨੇ 22 ਫਰਵਰੀ ਨੂੰ ਕਿਹਾ ਸੀ ਕਿ ਦਿਸ਼ਾ ਰਵੀ ਖਾਲਿਸਤਾਨ ਦੀ ਵਕਾਲਤ ਕਰਨ ਵਾਲਿਆਂ ਨਾਲ ਮਿਲ ਕੇ ਟੂਲਕਿੱਟ ਤਿਆਰ ਕਰ ਰਹੀ ਸੀ । ਇਹ ਭਾਰਤ ਨੂੰ ਬਦਨਾਮ ਕਰਨ ਵਾਲੇ ਕੌਮਾਂਤਰੀ ਸਾਜਿਸ਼ ਅਤੇ ਕਿਸਾਨਾਂ ਦੇ ਅੰਦੋਲਨ ਦੀ ਆੜ ‘ਚ ਦੇਸ਼ ‘ਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰਨ ਦਾ ਹਿੱਸਾ ਹੈ।

ਇਸ ਤੋਂ ਪਹਿਲਾਂ ਸਥਾਨਕ ਅਦਾਲਤ ਨੇ 14 ਫਰਵਰੀ ਨੂੰ ਦਿਸ਼ਾ ਰਵੀ ਨੂੰ ਪੰਜ ਦਿਨਾਂ ਲਈ ਪੁਲਿਸ ਹਿਰਾਸਤ ‘ਚ ਭੇਜਿਆ ਸੀ। ਉਸ ਸਮੇਂ ਜਾਂਚ ਏਜੰਸੀ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਖਿਲਾਫ ਵੱਡੀ ਸਾਜਿਸ਼ ਅਤੇ ਖਾਲਿਸਤਾਨ ਅੰਦੋਲਨ ‘ਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਲਈ ਪੁਲਿਸ ਹਿਰਾਸਤ ਜ਼ਰੂਰੀ ਹੈ । ਦਿਸ਼ਾ ਨੂੰ ਦਿੱਲੀ ਪੁਲਿਸ ਦੀ ਸਾਈਬਰ ਸੈਲ ਨੇ 13 ਫਰਵਰੀ ਨੂੰ ਬੰਗਲੌਰ ਤੋਂ ਗਿ੍ਫ਼ਤਾਰ ਕੀਤਾ ਸੀ ਅਤੇ ਦਿੱਲੀ ਦੀ ਅਦਾਲਤ ‘ਚ ਪੇਸ਼ ਕਰਕੇ ਸੱਤ ਦਿਨ ਦੀ ਪੁਲਿਸ ਹਿਰਾਸਤ ਦੀ ਮੰਗ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.