8 ਮਾਰਚ ਨਹੀਂ 5 ਮਾਰਚ ਨੂੰ ਪੇਸ਼ ਹੋਵੇਗਾ ਬਜਟ

12 ਮਾਰਚ ਤੱਕ ਇਜਲਾਸ ਚਲਾਉਣ ਸਬੰਧੀ ਕੀਤਾ ਜਾ ਰਿਹਾ ਹੈ ਵਿਚਾਰ

ਚੰਡੀਗੜ੍ਹ, (ਅਸ਼ਵਨੀ ਚਾਵਲਾ)| ਪੰਜਾਬ ਦੀ ਕਾਂਗਰਸ ਸਰਕਾਰ ਦਾ ਆਖਰੀ ਬਜਟ ਹੁਣ 8 ਮਾਰਚ ਨਹੀਂ ਸਗੋਂ 5 ਮਾਰਚ ਨੂੰ ਪੇਸ਼ ਹੋਵੇਗਾ| ਹਾਲਾਂਕਿ ਪੰਜਾਬ ਕੈਬਨਿਟ ਮੀਟਿੰਗ ਵਿੱਚ 8 ਮਾਰਚ ਨੂੰ ਹੀ ਬਜਟ ਪੇਸ਼ ਕਰਨ ਸਬੰਧੀ ਫੈਸਲਾ ਹੋਇਆ ਸੀ ਪਰ ਹੁਣ ਪੰਜਾਬ ਵਿਧਾਨ ਸਭਾ ਵੱਲੋਂ ਭੇਜੇ ਗਏ ਪ੍ਰੋਗਰਾਮ ਅਨੁਸਾਰ ਬਜਟ 5 ਮਾਰਚ ਸ਼ੁੱਕਰਵਾਰ ਨੂੰ ਪੇਸ਼ ਕਰਨਾ ਸ਼ਾਮਲ ਕੀਤਾ ਗਿਆ ਹੈ |

ਇਸ ਨਾਲ ਹੀ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿੱਚ ਵੀ ਦੋ ਦਿਨ ਦਾ ਵਾਧਾ ਕਰਨ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ ਅਤੇ 10 ਮਾਰਚ ਦੀ ਥਾਂ ‘ਤੇ 12 ਮਾਰਚ ਤੱਕ ਇਹ ਇਜਲਾਸ ਚਲਾਉਣ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ | ਇਸ ਸਬੰਧੀ ਆਖਰੀ ਫੈਸਲਾ ਬਿਜ਼ਨਸ ਐਡਵਾਇਜਰੀ ਕਮੇਟੀ (ਬੀ.ਏ.ਸੀ.) ਵਿੱਚ ਕੀਤਾ ਜਾਵੇਗਾ |

ਬੀ.ਏ.ਸੀ. ਦੀ ਮੀਟਿੰਗ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣ ਤੋਂ ਬਾਅਦ ਕੀਤੀ ਜਾਵੇਗੀ, ਇਸ ਕਮੇਟੀ ਵਿੱਚ ਸੱਤਾ ਧਿਰ ਅਤੇ ਵਿਰੋਧੀ ਧਿਰਾਂ ਸ਼ਾਮਲ ਹਨ ਅਤੇ ਇਨ੍ਹਾਂ ਨੇ ਹੀ ਫੈਸਲਾ ਕਰਨਾ ਹੁੰਦਾ ਹੈ ਕਿ ਸਦਨ ਦੀ ਕਾਰਵਾਈ ਨੂੰ ਕਿੰਨਾ ਲੰਬਾ ਚਲਾਉਣਾ ਹੈ |
ਪੰਜਾਬ ਵਿਧਾਨ ਸਭਾ ਦੇ ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦਾ ਆਖਰੀ ਬਜਟ ਸੈਸ਼ਨ ਹੋਣ ਦੇ ਚਲਦੇ ਸਰਕਾਰ ਵੱਲੋਂ ਵਿਰੋਧੀ ਧਿਰਾਂ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਸਮਾਂ ਦੇਣ ਦਾ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਵਿਰੋਧੀ ਧਿਰਾਂ ਬਾਅਦ ਵਿੱਚ ਨਾ ਕਹਿਣ ਕਿ ਉਨ੍ਹਾਂ ਨੂੰ ਸਦਨ ਅੰਦਰ ਆਪਣੀ ਗੱਲ ਰੱਖਣ ਦਾ ਸਮਾਂ ਨਹੀਂ ਦਿੱਤਾ ਗਿਆ |

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.