ਕੱਚੇ ਕਾਮਿਆਂ ਵੱਲੋਂ ਕਿਲੋਮੀਟਰ ਸਕੀਮ ਦਾ ਵਿਰੋਧ, ਮੰਨੀਆਂ ਮੰਗਾਂ ਲਾਗੂ ਨਾ ਕਰਨ ਦਾ ਵੀ ਰੋਸ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ (PRTC) ਅਤੇ ਪਨਬੱਸ ’ਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਵੱਲੋਂ 27 ਜੂਨ ਨੂੰ ਚੱਕਾ ਜਾਮ ਦਾ ਐਲਾਨ ਕਰ ਦਿੱਤਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਕਤ ਕੱਚੇ ਕਾਮੇ ਪੀਆਰਟੀਸੀ ਵਿੱਚ ਕਿਲੋਮੀਟਰ ਸਕੀਤ ਅਧੀਨ ਪਾਈਆਂ ਜਾ ਰਹੀਆ ਬੱਸਾਂ ਦਾ ਵਿਰੋਧ ਕਰ ਰਹੇ ਹਨ। ਜਾਣਕਾਰੀ ਅਨੁਸਾਰ ਪੀਆਰਟੀਸੀ ਅਤੇ ਪਨਬੱਸ ਅੰਦਰ ਲਗਭਗ 7 ਹਜਾਰ ਕੱਚੇ ਕਾਮੇ ਹਨ ਜੋਂ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਹੜ੍ਹਤਾਲ ਤੇ ਰਹਿਣਗੇ ਅਤੇ ਚੱਕਾ ਜਾਮ ਕਰਨਗੇ।
ਪੰਜਾਬ ਰੋਡਵੇਜ਼ (Panbus) ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਵਿੱਕੀ ਨੇ ਦੱਸਿਆ ਕਿ ਪੀਆਰਟੀਸੀ ’ਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਦੇ ਟੈਂਡਰ ਕੱਢ ਕੇ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਸ ਦਾ ਯੂਨੀਅਨ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਸਰਕਾਰ ਮੁਲਾਜਮਾਂ ਦੀ ਮੰਗਾ ਮੰਨ ਕੇ ਵੀ ਲਾਗੂ ਨਹੀਂ ਕਰ ਰਹੀ ਜਿਸ ਤੋ ਸਿੱਧ ਹੁੰਦਾ ਹੈ ਕਿ ਸਰਕਾਰ ਦਾ ਆਪਣੇ ਵਿਭਾਗਾਂ ਦੇ ਅਧਿਕਾਰੀਆਂ ਤੇ ਕੰਟਰੋਲ ਨਹੀਂ ਹੈ।
ਯੂਨੀਅਨ ਦੇ ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ, ਘੱਟ ਤਨਖਾਹ ਜਾਂ ਰਿਪੋਰਟ ਤੋ ਬਹਾਲ ਹੋਕੇ ਆਏ ਵਰਕਰਾਂ ਦੀ ਤਨਖਾਹ ’ਚ 2500 ਤੇ 30 ਫੀਸਦੀ ਵਾਧਾ ਤੇ 5 ਫੀਸਦੀ ਇੰਕਰੀਮੈਂਟ ਹਰ ਸਾਲ ਦਾ ਲਾਗੂ ਕਰਨਾ ਤੇ, ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਰੱਦ ਕਰਨਾ ਤੇ ਨਜਾਇਜ ਕੰਡੀਸ਼ਨ ਲਾਕੇ ਕੱਢੇ ਮੁਲਾਜਮਾਂ ਨੂੰ ਬਹਾਲ ਕਰਨਾ ਆਦਿ ਮੰਗਾਂ ਤੇ ਸਹਿਮਤੀ ਬਣੀ ਸੀ।
ਇਹ ਵੀ ਪੜ੍ਹੋ : ਬੁਰੀ ਖਬਰ : ਸੜਕ ਹਾਦਸੇ ’ਚ ਮਾਂ-ਪੁੱਤ ਦੀ ਮੌਤ
ਇਸ ਸਬੰਧੀ ਪ੍ਰਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਵੱਲੋਂ ਬਿਆਨ ਵੀ ਜਾਰੀ ਕੀਤਾ ਗਿਆ ਸੀ, ਪਰ ਮੈਨੇਜਮੈਂਟ ਨੇ ਉਹ ਮੰਗਾ ਅੱਜ ਤੱਕ ਲਾਗੂ ਨਹੀਂ ਕੀਤੀਆਂ। ਇਸੇ ਕਾਰਨ 27 ਜੂਨ ਨੂੰ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ ਤੇ 28 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਭਲਕੇ ਸਿਰਫ਼ ਰੈਗੂਲਰ ਮੁਲਾਜ਼ਮ ਹੀ ਪੀਆਰਟੀਸੀ, ਪਨਬਸ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚਲਾਉਣਗੇ।