ਸਰਪੰਚ ਨੇ ਬੀਡੀਪੀਓ ਤੇ ਕਾਂਗਰਸੀ ਆਗੂ ‘ਤੇ ਲਾਏ ਦਲਿਤਾਂ ਖਿਲਾਫ਼ ਧੱਕੇਸ਼ਾਹੀ ਦੇ ਦੋਸ਼
ਗੁਰਪ੍ਰੀਤ ਸਿੰਘ
ਸੰਗਰੂਰ, 1 ਜੁਲਾਈ
ਮਾਲੇਰਕੋਟਲਾ ਲਾਗਲੇ ਪਿੰਡ ਤੋਲੇਵਾਲ ‘ਚ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਰਿਜ਼ਰਵ ਕੋਟੇ ਦੀ ਬੋਲੀ ਮੌਕੇ ਹੋਏ ਜ਼ੋਰਦਾਰ ਸ਼ੋਰ ਸ਼ਰਾਬੇ ਤੇ ਪਿੰਡ ਦੇ ਦੋ ਧੜਿਆਂ ਵਿੱਚ ਜੰਮ ਕੇ ਹੋਈ ਲੜਾਈ ਵਿੱਚ ਕਈ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਵੱਖ ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਹੈ
ਇਸ ਮਾਮਲੇ ਸਬੰਧੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਮਲੌਦ ਨੇ ਦੱਸਿਆ ਕਿ ਪਿੰਡ ਤੋਲੇਵਾਲ ਵਿੱਚ ਦਲਿਤ ਭਾਈਚਾਰੇ ਦੇ ਲੋਕ ਗ੍ਰਾਮ ਸਭਾ ਦਾ ਮਤਾ ਪਾਸ ਕਰਕੇ ਦਲਿਤਾਂ ਵੱਲੋਂ ਤੇਤੀ ਸਾਲਾਂ ਪਟੇ ‘ਤੇ ਦਿੱਤੀ ਜ਼ਮੀਨ ਦੀ ਬੋਲੀ ਰੱਦ ਕਰਨ ਦੀ ਮੰਗ ਕਰ ਰਹੇ ਸਨ ਪ੍ਰੰਤੂ ਪਿੰਡ ਦੇ ਕਾਂਗਰਸੀ ਆਗੂ ਦੇ ਇਸ਼ਾਰੇ ‘ਤੇ ਬੀਡੀਪੀਓ ਵੱਲੋਂ ਧੱਕੇ ਨਾਲ ਡੰਮੀ ਬੋਲੀ ਕਰਵਾਉਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੇ ਇਸ ਧੱਕੇਸ਼ਾਹੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤਾਂ ਉਨ੍ਹਾਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਉਸ ਤੋਂ ਬਾਅਦ ਆਂਗਣਵਾੜੀ ਸੈਂਟਰ ਵਿੱਚ ਜਾ ਕੇ ਚੁੱਪ ਚੁਪੀਤੇ ਬੋਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਿੱਥੇ ਡੰਮੀ ਬੋਲੀ ਕਰਾਉਣ ਲਈ ਕੁਝ ਵਿਅਕਤੀਆਂ ਨੂੰ ਪਹਿਲਾਂ ਹੀ ਬਿਠਾਇਆ ਹੋਇਆ ਸੀ। ਇਸ ਖ਼ਿਲਾਫ਼ ਦਲਿਤਾਂ ਵੱਲੋਂ ਬਾਹਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਤਾਂ ਕਾਂਗਰਸੀ ਵੱਲੋਂ ਵੀਹ ਪੱਚੀ ਗੁੰਡਿਆਂ ਨੂੰ ਨਾਲ ਲੈ ਕੇ ਦਲਿਤਾਂ ਉੱਪਰ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਮਾਇਆ ਦੇਵੀ ,ਹਰਬੰਸ ਕੌਰ, ਰਮਨਦੀਪ ਕੌਰ, ਜਗਤਾਰ ਸਿੰਘ, ਗੁਰਜੰਟ ਸਿੰਘ, ਜਗਮੇਲ ਸਿੰਘ, ਹਰਬੰਸ ਸਿੰਘ ਸਮੇਤ ਦਰਜਨ ਦੇ ਕਰੀਬ ਲੋਕ ਜ਼ਖਮੀ ਹੋਏ ਮਾਇਆ ਦੇਵੀ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਬਾਕੀ ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਅਮਰਗੜ੍ਹ ਵਿੱਚ ਦਾਖਲ ਕੀਤਾ ਗਿਆ ਹੈ।
ਪਿੰਡ ਦੇ ਦੋ ਧੜਿਆਂ ‘ਚ ਜੰਮ ਕੇ ਲੜਾਈ, ਕਈ ਜ਼ਖਮੀ
ਇਸ ਮੌਕੇ ਪਿੰਡ ਦੇ ਸਰਪੰਚ ਬੇਅੰਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗ੍ਰਾਮ ਸਭਾ ਵਿੱਚ ਤੇਤੀ ਸਾਲਾਂ ਪਟੇ ‘ਤੇ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ। ਜੋ ਕਿ ਅਗਲੇਰੀ ਕਾਰਵਾਈ ਲਈ ਬੀਡੀਪੀਓ ਮਲੇਰਕੋਟਲਾ-1 ਨੂੰ ਭੇਜਿਆ ਗਿਆ ਸੀ, ਜਿੱਥੇ ਉਨ੍ਹਾਂ ਵਿਸ਼ਵਾਸ ਦੁਆਇਆ ਸੀ ਕਿ ਇਹ ਮਤਾ ਅਸੀਂ ਅਗਲੀ ਕਾਰਵਾਈ ਲਈ ਉੱਚ ਅਫਸਰਾਂ ਕੋਲ ਭੇਜਾਂਗੇ, ਪ੍ਰੰਤੂ ਮੌਕੇ ‘ਤੇ ਬੋਲੀ ਕਰਨ ਬਾਰੇ ਸਾਨੂੰ ਸੂਚਿਤ ਕੀਤਾ ਗਿਆ। ਜਦੋਂ ਉਹ ਐਸਸੀ ਧਰਮਸ਼ਾਲਾ ਵਿੱਚ ਸਰਪੰਚ ਸਮੇਤ ਪੰਚਾਇਤ ਵੱਲੋਂ ਬੀਡੀਪੀਓ ਦੀ ਉਡੀਕ ਕਰ ਰਹੇ ਸੀ ਤਾਂ ਉਨ੍ਹਾਂ ਐਸਸੀ ਧਰਮਸ਼ਾਲਾ ਵਿੱਚ ਬੋਲੀ ਕਰਨ ਦੀ ਬਜਾਏ ਪਹਿਲਾਂ ਸਕੂਲ ਵਿੱਚ ਫਿਰ ਆਂਗਣਵਾੜੀ ਸੈਂਟਰ ਵਿੱਚ ਚੁੱਪ-ਚਪੀਤੇ ਬੋਲੀ ਕਰਵਾਉਣੀ ਸ਼ੁਰੂ ਕਰ ਦਿੱਤੀ ਅਤੇ ਮੌਜੂਦਾ ਸਰਪੰਚ ਅਤੇ ਮੈਂਬਰਾਂ ਨੂੰ ਬੋਲੀ ਵਿੱਚ ਬਿਠਾਉਣ ਦੀ ਬਜਾਏ ਕਾਂਗਰਸੀ ਆਗੂ ਨੂੰ ਬੋਲੀ ਵਿੱਚ ਬਿਠਾ ਕੇ ਬੋਲੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦਲਿਤ ਸਰਪੰਚ ਨੂੰ ਜ਼ਾਤੀ ਸੂਚਕ ਸ਼ਬਦ ਬੋਲੇ। ਜਦੋਂ ਉਨ੍ਹਾਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਕਾਂਗਰਸੀ ਵੱਲੋਂ ਬੁਲਾਏ ਗੁੰਡਿਆਂ ਨੂੰ ਨਾਲ ਲੈ ਕੇ ਦਲਿਤਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਬੀਡੀਪੀਓ ਮਾਲੇਰਕੋਟਲਾ ਮੈਡਮ ਅਮਨਦੀਪ ਕੌਰ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਕਾਰਨ ਪਿੰਡ ਦੇ ਦੋ ਗੁੱਟ ਆਪਸ ਵਿੱਚ ਲੜ ਪਏ ਸਨ ਜਿਸ ਕਾਰਨ ਉਹ ਵੀ ਪੁਲਿਸ ਦੀ ਸਹਾਇਤਾ ਨਾਲ ਉਥੋਂ ਬਾਹਰ ਆਏ ਹਨ ।
ਜਦੋਂ ਇਸ ਸਬੰਧੀ ਥਾਣਾ ਅਮਰਗੜ੍ਹ ਦੇ ਐਸ.ਐਚ.ਓ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁਝ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਪੰਚਾਇਤੀ ਜ਼ਮੀਨ ਦੀ ਬੋਲੀ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਕਾਰਨ ਇਹ ਲੜਾਈ ਹੋਈ ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਜਿਹੜਾ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।