ਚੇਨਈ ‘ਚ ਦਮ ਘੁੱਟਣ ਨਾਲ ਤਿੰਨ ਦੀ ਮੌਤ, ਇਕ ਦੀ ਹਾਲਤ ਗੰਭੀਰ
ਚੇਨਈ। ਤਾਮਿਲਨਾਡੂ ਦੇ ਚੇੱਨਈ ‘ਚ ਤਿਰੁਮੁਲਾਈਵੋਇਲ ਨੇੜੇ ਉਪਨਗਰ ਅੰਨੂਰ ‘ਚ ਸ਼ੁੱਕਰਵਾਰ ਨੂੰ ਹੋਈ ਇਕ ਸਦਮੇ ਵਾਲੀ ਘਟਨਾ ‘ਚ ਦਮ ਘੁੱਟਣ (Suffocation) ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਘਟਨਾ ਉਸ ਸਮੇਂ ਵਾਪਰੀ ਜਦੋਂ ਪ੍ਰੇਮ ਕੁਮਾਰ (50) ਸਵੀਪਰ ਦੇ ਕੰਮ ਦੀ ਜਾਂਚ ਕਰਨ ਲਈ ਟੈਂਕੀ ‘ਚ ਉਤਰਿਆ ਪਰ ਕਾਫੀ ਦੇਰ ਤੱਕ ਬਾਹਰ ਨਹੀਂ ਆਇਆ। ਉਹ ਬੇਹੋਸ਼ ਹੋ ਗਿਆ ਅਤੇ ਉਸ ਨੂੰ ਬਚਾਉਣ ਲਈ ਉਸ ਦਾ ਲੜਕਾ ਪ੍ਰਦੀਪ ਕੁਮਾਰ (18) ਵੀ ਟੈਂਕੀ ਵਿੱਚ ਉਤਰ ਗਿਆ ਪਰ ਉਹ ਵੀ ਬੇਹੋਸ਼ ਹੋ ਗਿਆ।
ਦੋਵਾਂ ਦੇ ਬਾਹਰ ਨਾ ਆਉਣ ’ਤੇ ਉਨ੍ਹਾਂ ਦੇ ਗੁਆਂਢੀ ਪ੍ਰਮੋਦ (40) ਅਤੇ ਸਾਰਨਾਥਨ (50) ਵੀ ਉਨ੍ਹਾਂ ਨੂੰ ਬਚਾਉਣ ਲਈ ਟੈਂਕੀ ‘ਚ ਉਤਰੇ, ਸਥਾਨਕ ਲੋਕਾਂ ਨੇ ਚਾਰਾਂ ਨੂੰ ਬੇਹੋਸ਼ੀ ਦੀ ਹਾਲਤ ‘ਚ ਟੈਂਕੀ ‘ਚੋਂ ਬਾਹਰ ਕੱਢਿਆ ਅਤੇ ਸਰਕਾਰੀ ਕਿਲਪੌਕ ਮੈਡੀਕਲ ਕਾਲਜ ਹਸਪਤਾਲ ਪਹੁੰਚਾਇਆ | ਜਿੱਥੇ ਡਾਕਟਰਾਂ ਨੇ ਤਿੰਨ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਚੌਥੇ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਤਿੰਨਾਂ ਦੀ ਮੌਤ ਟੈਂਕੀ ‘ਚੋਂ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਦਮ ਘੁੱਟਣ ਨਾਲ ਹੋਈ ਹੈ, ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ