ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਦਿੱਤਾ ਧਰਨਾ
ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਘੱਟ ਰੇਟ ਤੇ ਲੈਣ ਅਤੇ ਪਲਾਟਾਂ ਦੀ ਮੰਗ ਲਈ ਹਜ਼ਾਰਾਂ ਦਲਿਤਾਂ ਵੱਲੋਂ ਪ੍ਰਸ਼ਾਸਨ ਦੀਆਂ ਰੋਕਾਂ ਦੇ ਬਾਵਜੂਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸ਼ਹਿਰ ਅੰਦਰ ਮੁਜ਼ਾਹਰਾ ਕਰਕੇ ਡੀਸੀ ਦਫ਼ਤਰ ਸੰਗਰੂਰ ਦਾ ਘਿਰਾਓ ਕਰਦਿਆਂ ਐਲਾਨ ਕੀਤਾ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 15 ਜੂਨ ਤੋਂ ਆਪਣੇ ਹਿੱਸੇ ਦੀ ਜ਼ਮੀਨ ਵਿਚ ਫਸਲਾਂ ਦੀ ਬਿਜਾਈ ਸ਼ੁਰੂ ਕਰਨਗੇ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਿਲ੍ਹਾ ਪ੍ਰਧਾਨ ਮੁਕੇਸ਼ ਮਲੌਦ ਤੇ ਬਲਵਿੰਦਰ ਝਲੂਰ ਨੇ ਕਿਹਾ ਕਿ ਪਿੰਡਾਂ ਅੰਦਰ ਰਾਖਵੇਂ ਕੋਟੇ ਦੀਆਂ ਜ਼ਮੀਨਾਂ ਡੰਮੀ ਬੋਲੀ ਹੋਣ ਕਾਰਨ ਅਸਲ ਦਲਿਤਾਂ ਦੀ ਪਹੁੰਚ ਤੋਂ ਬਾਹਰ ਹੋ ਚੁਕੀਆਂ ਹਨ, ਜਿਸ ਕਾਰਨ ਜ਼ਮੀਨ ਵਿਹੂਣੇ ਦਲਿਤਾਂ ਨੂੰ ਬੇਗਾਨੇ ਖੇਤਾਂ ਵਿਚ ਜਲੀਲ ਹੋਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਲੰਮੇ ਸੰਘਰਸ਼ ਤੋਂ ਬਾਅਦ ਜਿਹਨਾਂ ਪਿੰਡਾਂ ਵਿਚ ਜ਼ਮੀਨ ਮਿਲੀ ਵੀ ਉਸ ਵਿਚ ਪ੍ਰਸ਼ਾਸਨ ਵੱਲੋਂ (5 ਤੋਂ 20% ਪ੍ਰਸੈਂਟ) ਤੱਕ ਰੇਟ ਵਿਚ ਵਾਧਾ ਕਰਕੇ ਬੋਲੀ ਦੇਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਜਿਸ ਖਿਲਾਫ ਜਿਲੇ ਵਿਚਲੇ 29 ਪਿੰਡਾਂ ਅੰਦਰ ਕਈ ਵਾਰ ਬੋਲੀਆਂ ਰੱਦ ਹੋ ਚੁੱਕੀਆਂ ਹਨ।
ਮਨਪ੍ਰੀਤ ਭੱਟੀਵਾਲ, ਜਸਵਿੰਦਰ ਨਿਆਮਤਪੁਰ ਅਤੇ ਗੁਰਚਰਨ ਸਿੰਘ ਡਕੌਂਦਾ, ਗੁਰਦੀਪ ਧੰਦੀਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੀ ਅਕਾਲੀ ਭਾਜਪਾ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਦਲਿਤਾਂ ਨੂੰ ਕੁਚਲਣ ਦੀ ਨੀਤੀ ਆਪਣਾ ਰਹੀਆਂ ਹਨ ਅਤੇ ਦਲਿਤਾਂ ਨਾਲ ਹੋ ਰਹੀ।
ਇਸ ਧੱਕੇਸਾਹੀ ਨੂੰ ਰੋਕਣ ਲਈ ਕੋਈ ਉਪਰਾਲਾ ਨਹੀਂ ਕਰ ਰਹੀਆਂ ਹਰਬੰਸ ਕੌਰ ਕੁਲਾਰਾਂ, ਬਿੰਦਾ ਸਿੰਘ ਅਤੇ ਗੁਰਪ੍ਰੀਤ ਖੇੜੀ ਨੇ ਪ੍ਰਸ਼ਾਸਨ ਉਪਰ ਦੋਸ਼ ਲਾਉਂਦਿਆਂ ਕਿਹਾ ਕਿ ਭਾਵੇਂ ਦਲਿਤਾਂ ਲਈ ਰਾਖਵੇਂ ਕੋਟੇ ਦਾ ਮਤਲਬ ਆਰਥਿਕ ਤੌਰ ‘ਤੇ ਕਮਜੋਰ ਵਰਗ ਨੂੰ ਉਪਰ ਚੁੱਕਣਾ ਹੈ ਪਰੰਤੂ ਧਨਾਢ ਚੌਧਰੀਆਂ ਅਤੇ ਪ੍ਰਸ਼ਾਸਨ ਵੱਲੋਂ ਮਿਲੀਭੁਗਤ ਕਰਕੇ ਦਲਿਤਾਂ ਨੂੰ ਪਾੜ ਕੇ ਡੰਮੀ ਬੋਲੀ ਕਰਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਜ਼ਮੀਨ ਦਾ ਰੇਟ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪ੍ਰਸਾਸ਼ਨ ਦੇ ਇਸ ਅੜੀਅਲ ਰਵੱਈਏ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।