ਇਹ ਪ੍ਰੋਜੈਕਟ ਹਰਿਆਣਾ ਦੇ ਇਸ ਸ਼ਹਿਰ ਦੀ ਬਦਲ ਦੇਵੇਗਾ ਕਿਸਮਤ, ਪੰਜਾਬ ਸਮੇਤ ਇਹ ਸੂਬੇ ਦੀ ਪਰੇਸ਼ਾਨੀ ਹੋ ਜਾਵੇਗੀ ਖਤਮ

Haryana News
ਇਹ ਪ੍ਰੋਜੈਕਟ ਹਰਿਆਣਾ ਦੇ ਇਸ ਸ਼ਹਿਰ ਦੀ ਬਦਲ ਦੇਵੇਗਾ ਕਿਸਮਤ, ਪੰਜਾਬ ਸਮੇਤ ਇਹ ਸੂਬੇ ਦੀ ਪਰੇਸ਼ਾਨੀ ਹੋ ਜਾਵੇਗੀ ਖਤਮ

Haryana: ਸਰਸਾ (ਸੱਚ ਕਹੂੰ ਨਿਊਜ਼)। ਸਰਸਾ ’ਚ ਬਾਬਾ ਸਰਸਾਈਨਾਥ ਸਰਕਾਰੀ ਮੈਡੀਕਲ ਕਾਲਜ ਦਾ ਨਿਰਮਾਣ ਕਾਰਜ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਸਾਰੀ ’ਚ ਲੱਗੀ ਏਜੰਸੀ ਦੇ ਇੰਜੀਨੀਅਰਾਂ ਨੇ ਦੱਸਿਆ ਕਿ 7 ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ’ਚ ਵਿਦਿਆਰਥੀਆਂ ਲਈ ਕਲਾਸਰੂਮਾਂ ਵਾਲਾ ਇੱਕ ਟੀਚਿੰਗ ਬਲਾਕ ਬਣਾਇਆ ਜਾਵੇਗਾ। ਸਾਰੇ 15 ਬਲਾਕਾਂ ’ਤੇ ਉਸਾਰੀ ਦਾ ਕੰਮ ਪੂਰੇ ਜ਼ੋਰਾਂ ’ਤੇ ਹੈ ਤੇ ਇਸ ਨੂੰ ਪੂਰਾ ਹੋਣ ’ਚ ਲਗਭਗ ਦੋ ਸਾਲ ਹੋਰ ਲੱਗਣਗੇ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਖੁਦ ਇਸ ਦੀ ਨਿਗਰਾਨੀ ਕਰ ਰਹੇ ਹਨ, ਜਿਸ ’ਚ ਹਸਪਤਾਲ ਦੀ ਇਮਾਰਤ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਜ਼ਮੀਨੀ ਮੰਜ਼ਿਲ ਤੇ ਪਹਿਲੀ ਮੰਜ਼ਿਲ ਦਾ ਕੰਮ ਦੂਜੀ ਮੰਜ਼ਿਲ ਦੇ ਸਮਾਨਾਂਤਰ ਪੂਰਾ ਕੀਤਾ ਜਾ ਰਿਹਾ ਹੈ।

ਇਹ ਖਬਰ ਵੀ ਪੜ੍ਹੋ : Malout News: ਜਾਨਾਂ ਬਚਾਉਣ ਲਈ ਡਾਕਟਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਨੇ ਇਹ ਮਨੁੱਖਤਾ ਦੇ ਰਾਖੇ

26.5 ਏਕੜ ਜ਼ਮੀਨ ’ਤੇ ਬਣਾਇਆ ਜਾ ਰਿਹਾ ਮੈਡੀਕਲ ਕਾਲਜ | Haryana

ਇਹ ਮੈਡੀਕਲ ਕਾਲਜ ਹਰਿਆਣਾ, ਪੰਜਾਬ ਤੇ ਰਾਜਸਥਾਨ ਦੀ ਸਰਹੱਦ ਦੇ ਨੇੜੇ ਬਣਾਇਆ ਜਾ ਰਿਹਾ ਹੈ, ਜਿਸ ਨਾਲ ਸਰਸਾ ਦੇ ਨਾਲ-ਨਾਲ ਆਲੇ ਦੁਆਲੇ ਦੇ ਖੇਤਰਾਂ ਨੂੰ ਵੀ ਫਾਇਦਾ ਹੋਵੇਗਾ। ਸਰਸਾ ਰਾਜਸਥਾਨ ਤੇ ਪੰਜਾਬ ਨਾਲ ਲੱਗਦਾ ਹੈ, ਜਿਸ ਨਾਲ ਸਥਾਨਕ ਜ਼ਮੀਨਾਂ ਦੀਆਂ ਕੀਮਤਾਂ ’ਚ ਵਾਧਾ ਹੋਵੇਗਾ ਤੇ ਖੇਤਰ ਦਾ ਤੇਜ਼ੀ ਨਾਲ ਵਿਕਾਸ ਹੋਵੇਗਾ। ਨਾਲ ਹੀ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਕਾਲਜ ਦਾ ਨਾਂਅ ਬਾਬਾ ਸਰਸਾਈਨਾਥ ਦੇ ਨਾਂਅ ’ਤੇ ਰੱਖਿਆ ਗਿਆ ਹੈ।

ਜਿਸ ਨੇ ਸਰਸਾ ਸ਼ਹਿਰ ਦੀ ਸਥਾਪਨਾ ਕੀਤੀ ਸੀ। ਇਹ ਕਾਲਜ ਮਿੰਨੀ ਬਾਈਪਾਸ ’ਤੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਨੇੜੇ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੀ 26.5 ਏਕੜ ਜ਼ਮੀਨ ’ਤੇ ਬਣਾਇਆ ਜਾ ਰਿਹਾ ਹੈ। 2020-21 ਦੇ ਬਜਟ ’ਚ 325 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਸੀ, ਜੋ 2021-22 ’ਚ ਵਧ ਕੇ 500 ਕਰੋੜ ਰੁਪਏ ਹੋ ਗਈ ਹੈ। ਹੁਣ ਇਸ ਦੀ ਕੁੱਲ ਲਾਗਤ 1090 ਕਰੋੜ ਰੁਪਏ ਤੋਂ ਵੱਧ ਹੋ ਗਈ ਹੈ।

ਨੀਂਹ ਪੱਥਰ ਤੇ ਐਲਾਨ | Haryana

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਨਵੰਬਰ 2022 ’ਚ ਕੁਰੂਕਸ਼ੇਤਰ ਤੋਂ ਵਰਚੁਅਲ ਮਾਧਿਅਮ ਰਾਹੀਂ ਇਸ ਕਾਲਜ ਦਾ ਨੀਂਹ ਪੱਥਰ ਰੱਖਿਆ। ਸਾਲ 2023 ’ਚ, ਤਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਦਾ ਨਾਂਅ ਬਾਬਾ ਸਰਸਾਈਨਾਥ ਦੇ ਨਾਂਅ ’ਤੇ ਰੱਖਣ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 21 ਨਵੰਬਰ 2024 ਨੂੰ ਰਸਮੀ ਤੌਰ ’ਤੇ ਭੂਮੀ ਪੂਜਨ ਕੀਤਾ। ਸਰਸਾ ਤੋਂ ਇਲਾਵਾ, ਰਾਜ ’ਚ 9 ਹੋਰ ਮੈਡੀਕਲ ਕਾਲਜਾਂ ਦਾ ਨਿਰਮਾਣ ਚੱਲ ਰਿਹਾ ਹੈ, ਜਿਨ੍ਹਾਂ ’ਚ ਜੀਂਦ, ਭਿਵਾਨੀ, ਨਾਰਨੌਲ, ਫਰੀਦਾਬਾਦ, ਗੁਰੂਗ੍ਰਾਮ, ਕੈਥਲ, ਯਮੁਨਾਨਗਰ ਤੇ ਕਰਨਾਲ ਸ਼ਾਮਲ ਹਨ।

ਸਹੂਲਤਾਂ ਤੇ ਵਿਸ਼ੇਸ਼ਤਾਵਾਂ | Haryana

ਕਾਲਜ ਕੈਂਪਸ ’ਚ 540 ਬਿਸਤਰਿਆਂ ਵਾਲਾ ਹਸਪਤਾਲ, ਨਾਈਟ ਸ਼ੈਲਟਰ, ਗੈਸਟ ਹਾਊਸ, ਰਿਹਾਇਸ਼ੀ ਖੇਤਰ, ਆਡੀਟੋਰੀਅਮ, ਪਾਵਰ ਹਾਊਸ, ਵਾਟਰ ਹਾਊਸ, ਸੀਵਰੇਜ ਟ੍ਰੀਟਮੈਂਟ ਪਲਾਂਟ, ਅਤਿ-ਆਧੁਨਿਕ ਰਸੋਈ, ਲਾਂਡਰੀ ਤੇ ਸ਼ਾਪਿੰਗ ਕੰਪਲੈਕਸ ਹੋਵੇਗਾ। ਕੈਂਪਸ ਸੀਸੀਟੀਵੀ ਨਿਗਰਾਨੀ ਹੇਠ ਹੋਵੇਗਾ। ਇਸ ’ਚ 100 ਐਮਬੀਬੀਐਸ ਸੀਟਾਂ ਤੇ 200-300 ਵਿਦਿਆਰਥੀਆਂ ਦੀ ਸਮਰੱਥਾ ਵਾਲਾ ਇੱਕ ਹੋਸਟਲ ਹੋਵੇਗਾ, ਜਿਸ ’ਚ ਇੱਕ ਰਸੋਈ, ਜਿੰਮ, ਯੋਗਾ ਰੂਮ ਤੇ ਰੀਡਿੰਗ ਰੂਮ ਸ਼ਾਮਲ ਹੋਣਗੇ। ਮਰੀਜ਼ਾਂ ਨੂੰ ਸਥਾਨਕ ਤੌਰ ’ਤੇ ਇਲਾਜ ਮਿਲੇਗਾ, ਜਿਸ ਨਾਲ ਰੈਫਰਲ ਦੀ ਜ਼ਰੂਰਤ ਘੱਟ ਜਾਵੇਗੀ। ਕਾਲਜ ਸਰਸਾ ਰੇਲਵੇ ਸਟੇਸ਼ਨ ਤੋਂ 2.6 ਕਿਲੋਮੀਟਰ ਤੇ ਬੱਸ ਸਟੈਂਡ ਤੋਂ 1.9 ਕਿਲੋਮੀਟਰ ਦੂਰ ਹੈ। Haryana

ਕੈਂਸਰ ਸੈਂਟਰ ਦੀ ਸਥਾਪਨਾ

ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਐਲਾਨ ਕੀਤੇ ਅਨੁਸਾਰ, ਕਾਲਜ ਕੈਂਪਸ ’ਚ 5.5 ਏਕੜ ਜ਼ਮੀਨ ’ਤੇ ਇੱਕ ਆਧੁਨਿਕ ਕੈਂਸਰ ਇਲਾਜ ਕੇਂਦਰ ਵੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਨਰਸਿੰਗ, ਫਿਜ਼ੀਓਥੈਰੇਪੀ ਤੇ ਪੈਰਾ ਮੈਡੀਕਲ ਕਾਲਜ ਵੀ ਸਥਾਪਿਤ ਕੀਤੇ ਜਾਣਗੇ। ਸਰਸਾ ਮੈਡੀਕਲ ਕਾਲਜ ਦੇ ਨਿਰਮਾਣ ਤੋਂ ਬਾਅਦ, ਹਰਿਆਣਾ ’ਚ ਮੈਡੀਕਲ ਕਾਲਜਾਂ ਦੀ ਗਿਣਤੀ 6 ਤੋਂ ਵਧ ਕੇ 15 ਹੋ ਜਾਵੇਗੀ। ਇਸ ਨਾਲ ਐਮਬੀਬੀਐਸ ਸੀਟਾਂ 2185 ਹੋ ਜਾਣਗੀਆਂ, ਤੇ ਪੀਜੀ ਸੀਟਾਂ 289 ਤੋਂ ਵਧ ਕੇ 861 ਹੋ ਜਾਣਗੀਆਂ। ਸਾਰੇ ਨਿਰਮਾਣ ਅਧੀਨ ਕਾਲਜਾਂ ਦੇ ਮੁਕੰਮਲ ਹੋਣ ’ਤੇ, ਐਮਬੀਬੀਐਸ ਸੀਟਾਂ 3485 ਤੱਕ ਪਹੁੰਚ ਜਾਣਗੀਆਂ।