…ਇਸ ਤਰਾਂ ਬਦਲ ਗਈ ਰਾਮ ਚੰਦ ਦੀ ਜਿੰਦਗੀ

Finally, Get, Control, Drug, Addiction

ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਹਰਿਆਣਾ ਦੇ ਰਾਮ ਚੰਦ ਨਾਮਕ ਵਿਅਕਤੀ ਨੇ ਨਸ਼ਾ ਛੱਡਣ ਉਪਰੰਤ ਆਪਣੀ ਨਵੀਂ ਜ਼ਿੰਦਗੀ ਦੀ ਨਵੀਂ ਸਵੇਰ ਆਰੰਭ ਕੀਤੀ। ਨਸ਼ਾ ਮੁਕਤ ਹੋਣ ਪਿੱਛੋਂ ਉਸ ਦਾ ਨਸ਼ਾ ਛੁਡਾਉਣ ਵਿੱਚ ਸਹਾਈ ਹੋਈ ਸੰਸਥਾ ਨੂੰ ਅੱਖਾਂ ਭਰ ਕੇ ਮੱਥਾ ਟੇਕਿਆ ਤੇ ਤੰਦਰੁਸਤ ਹੋ ਕੇ ਆਪਣੇ ਅਗਲੇ ਸਫ਼ਰ ਲਈ ਰਵਾਨਾ ਹੋ ਗਿਆ।

ਜਾਣਕਾਰੀ ਮੁਤਾਬਕ ਹਰਿਆਣਾ ਦਾ ਰਹਿਣ ਵਾਲੇ ਰਾਮ ਚੰਦ ਨਾਮਕ ਵਿਅਕਤੀ ਨੂੰ ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਨੇ ਆਪਣੀ  ਪਕੜ ‘ਚ ਲਿਆ ਹੋਇਆ ਸੀ। ਉਹ ਭਾਰੀ ਮਾਤਰਾ ਵਿੱਚ ਸਮੈਕ ਤੇ ਭੁੱਕੀ ਦੀ ਵਰਤੋਂ ਕਰਦਾ ਸੀ। 52 ਸਾਲ ਦਾ ਇਹ ਵਿਅਕਤੀ ਪਿਛਲੇ ਦਸ ਸਾਲਾਂ ਤੋਂ ਘਰ ਨਹੀਂ ਸੀ ਗਿਆ ਅਤੇ ਪਿੰਡ ਵਿੱਚ ਰਹਿ ਕੇ ਨਸ਼ਿਆਂ ਦੀ ਪੂਰਤੀ ਕਰਦਾ ਰਿਹਾ। ਫਿਰ ਇਸ ਵਿਅਕਤੀ ਨੂੰ ਇਸਦੇ ਕਿਸੇ ਜਾਣਕਾਰ ਨੇ ਸਥਾਨਕ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਕਰਵਾ ਦਿੱਤਾ ਸਮੁੱਚੇ ਸਟਾਫ ਦੀ ਮਿਹਨਤ ਨਾਲ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਇਸ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਗਿਆ।

ਅੱਜ ਉਹ ਨਸ਼ੇ ਨੂੰ ਪੂਰੀ ਤਰ੍ਹਾਂ ਤਿਆਗ ਚੁੱਕਾ ਹੈ। ਨਸ਼ਾ ਮੁਕਤ ਹੋਣ ਪਿੱਛੋਂ ਉਸ ਨੂੰ ਘਰ ਲੈਣ ਆਏ ਉਸ ਦੇ ਭਾਣਜੇ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਮਾਮੇ ਨੂੰ ਬਾਰ੍ਹਾਂ ਸਾਲਾਂ ਬਾਅਦ ਮਿਲ ਰਿਹਾ ਹੈ। ਨਸ਼ੇ ਦੀ ਆਦਤ ਕਾਰਨ ਇਸ ਨੂੰ ਕੋਈ ਰਿਸ਼ਤੇਦਾਰ ਮੂੰਹ ਨਹੀਂ ਸੀ ਲਾਉਂਦਾ। ਵਿਦਾਈ ਵੇਲੇ ਦਾ ਉਹ ਦ੍ਰਿਸ਼ ਬਹੁਤ ਹੀ ਭਾਵੁਕ ਹੋ ਗਿਆ ਜਦੋਂ ਜਾਣ ਵੇਲੇ ਉਹ ਨਸ਼ਾ ਛੁਡਾਊ ਕੇਂਦਰ ਦੀ ਇਮਾਰਤ ਵੱਲ ਮੂੰਹ ਕਰਕੇ ਸੰਸਥਾ ਨੂੰ ਸ਼ਰਧਾ ਨਾਲ ਮੱਥਾ ਟੇਕਣ ਲੱਗ ਪਿਆ। ਉਸ ਨੇ ਕਿਹਾ ਕਿ ਇਹ ਸੰਸਥਾ ਉਸ ਲਈ ਧਾਰਮਿਕ ਅਸਥਾਨ ਤੋਂ ਘੱਟ ਨਹੀਂ, ਜਿੱਥੋਂ ਉਸ ਨੂੰ ਨਵਾਂ ਜੀਵਨ ਮਿਲਿਆ ਹੈ। ਉਸ ਨੂੰ ਸ਼ੁੱਭ ਕਾਮਨਾਵਾਂ ਦੇਣ ਤੇ ਚੰਗੇ ਭਵਿੱਖ ਦੀ ਦੁਆ ਕਰਨ ਵਾਲਿਆਂ ਵਿੱਚ ਡਾ. ਆਯੁਸ਼ ਸ਼ਰਮਾ, ਨਾਇਬ ਸਿੰਘ, ਪਰਮਜੀਤ ਸਿੰਘ, ਨੀਰੂ ਬਾਲਾ, ਨਵੀਨ ਬਾਂਸਲ, ਸ਼ੰਕਰ ਸਿੰਘ, ਜੱਗਾ ਸਿੰਘ, ਗੁਰਪ੍ਰੀਤ ਸਿੰਘ ਤੇ ਮਾਲਵਿੰਦਰ ਸਿੰਘ ਆਦਿ ਸ਼ਾਮਲ ਸਨ।

ਸਥਾਨਕ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਮੋਹਨ ਸ਼ਰਮਾ ਨੇ ਕਿਹਾ ਕਿ ਨਸ਼ਾ ਕੋਈ ਵੀ ਛੱਡ ਸਕਦਾ ਹੈ। ਬਸ਼ਰਤੇ ਉਸ ਅੰਦਰ ਇਸ ਅਲਾਮਤ ਨੂੰ ਛੱਡਣ ਦਾ ਜਜ਼ਬਾ ਹੋਵੇ ਉਨ੍ਹਾਂ ਦੱਸਿਆ ਕਿ ਰਾਮ ਚੰਦ ਬੁਰੀ ਤਰ੍ਹਾਂ ਨਸ਼ਿਆਂ ‘ਚ ਲਿਪਤ ਹੋਇਆ ਸੀ। ਉਸ ਨੇ ਆਪਣੀ ਨਸ਼ਾ ਛੱਡਣ ਦੀ ਭਾਵਨਾ ਜ਼ਾਹਰ ਕੀਤੀ ਤਾਂ ਪੂਰੇ ਸਟਾਫ਼ ਵੱਲੋਂ ਮਹੀਨਾ ਭਰ ਮਿਹਨਤ ਕਰਕੇ ਉਸ ਨੂੰ ਨਸ਼ਿਆਂ ਦੇ ਜੰਜ਼ਾਲ ‘ਚੋਂ ਮੁਕਤ ਕਰਵਾ ਦਿੱਤਾ ਗਿਆ। ਸ਼ਰਮਾ ਨੇ ਦੱਸਿਆ ਕਿ ਰਾਮ ਚੰਦ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਨਸ਼ੇੜੀ ਸਾਥੀਆਂ ਤੋਂ ਦੂਰੀ ਬਣਾਈ ਰੱਖੇ।