ਲਸਣ ਦਾ ਵੱਧ ਝਾੜ ਲੈਣ ਵਾਸਤੇ ਧਿਆਨ ਰੱਖਣ ਯੋਗ ਨੁਕਤੇ
ਪੰਜਾਬ ’ਚ ਲਸਣ ਦੀ ਜ਼ਿਆਦਾਤਰ ਕਾਸ਼ਤ ਕਿਸਾਨਾਂ ਵੱਲੋਂ ਘਰੇਲੂ ਵਰਤੋਂ ਲਈ ਹੀ ਕੀਤੀ ਜਾਂਦੀ ਹੈ। ਕਈ ਰਾਜਾਂ ’ਚ ਲਸਣ ਦੀ ਕਾਸ਼ਤ ਵਪਾਰਕ ਪੱਧਰ ’ਤੇ ਵੀ ਹੋ ਰਹੀ ਹੈ। ਉੱਤਰ ਪ੍ਰਦੇਸ਼ ਅਤੇ ਗੁਜਰਾਤ ’ਚ ਲਸਣ ਦੀ ਖੇਤੀ ਤੋਂ ਕਿਸਾਨ ਬਹੁਤ ਜ਼ਿਆਦਾ ਆਮਦਨ ਲੈ ਰਹੇ ਹਨ। ਕਿਉਂਕਿ ਲਸਣ ਬਹੁਤ ਹੀ ਮਹੱਤਵਪੂਰਨ ਫ਼ਸਲ ਹੈ। ਲਸਣ ਵਿੱਚ ਖੁਰਾਕੀ ਤੱਤ ਬਹੁਤ ਮਾਤਰਾ ਵਿੱਚ ਪਾਏ ਜਾਂਦੇ ਹਨ। ਲਸਣ ਪ੍ਰੋਟੀਨ, ਫਾਸਫੋਰਸ, ਪੋਟਾਸ਼, ਕੈਲਸ਼ੀਅਮ, ਮੈਗਨੀਜ਼ੀਅਮ ਅਤੇ ਹੋਰ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅੰਤਰਰਾਸ਼ਟਰੀ ਮੰਡੀ ਵਿੱਚ ਵਧੀਆ ਕਿਸਮ ਦੇ ਲਸਣ ਦੀ ਬਹੁਤ ਮੰਗ ਹੈ। ਇਸ ਦੀ ਵਰਤੋਂ ਭੋਜਨ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ। ਲਸਣ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਕਰਨ ਵਿੱਚ ਸਹਾਈ ਹੁੰਦਾ ਹੈ।
ਪੰਜਾਬ ਵਿੱਚ ਲਸਣ ਦੀ ਖੇਤੀ 1300 ਹੈਕਟੇਅਰ ਰਕਬੇ ਤੋਂ ਵੱਧ ਹੁੰਦੀ ਹੈ ਅਤੇ ਸਾਲਾਨਾ ਝਾੜ ਅੰਦਾਜ਼ਨ 5810 ਟਨ ਹੈ। ਲਸਣ ਦੀ ਖੇਤੀ ਹੋਰ ਵੀ ਵੱਧ ਰਕਬੇ ਵਿੱਚ ਕੀਤੀ ਜਾ ਸਕਦੀ ਹੈ। ਖੇਤੀ ਕਰਨ ਲਈ ਉੱਨਤ ਕਿਸਮਾਂ ’ਚੋਂ ਪੰਜਾਬ ਗਾਰਲਿਕ ਇੱਕ ਦੇ ਪੱਤੇ ਗੂੜ੍ਹੇ ਹਰੇ ਅਤੇ ਤੁਰੀਆਂ ਚਿੱਟੀਆਂ ਹੁੰਦੀਆਂ ਹਨ। ਗੱਠੀਆਂ ਇੱਕਸਾਰ ਵੱਡੀਆਂ ਅਤੇ ਦਿਲ ਖਿੱਚਵੇਂ ਚਿੱਟੇ ਰੰਗ ਦੀਆਂ ਹੁੰਦੀਆਂ ਹਨ। ਇਸ ਕਿਸਮ ਦਾ ਝਾਝ 38 ਕੁਇੰਟਲ ਪ੍ਰਤੀ ਏਕੜ ਹੈ।
ਦੂਸਰੀ ਕਿਸਮ 56-4 ਦੀਆਂ ਗੱਠੀਆਂ ਲਾਲ ਰੰਗ ਦੀ ਛਿੱਲ ਵਾਲੀਆਂ ਹੁੰਦੀਆਂ ਹਨ। ਇਸ ਕਿਸਮ ਦੀ ਗੱਠੀ ਵਿੱਚ 25 ਤੋਂ 34 ਦਰਮਿਆਨੀਆਂ ਤੇ ਮੋਟੀਆਂ ਤੁਰੀਆਂ ਹੁੰਦੀਆਂ ਹਨ। ਇਸ ਦਾ ਝਾੜ ਪ੍ਰਤੀ ਏਕੜ 30 ਕੁਇੰਟਲ ਹੁੰਦਾ ਹੈ। ਲਸਣ ਦੀ ਫ਼ਸਲ ਆਮ ਤੌਰ ’ਤੇ ਹਰ ਤਰ੍ਹਾਂ ਦੀ ਮਿੱਟੀ ਵਿੱਚ ਲਾਈ ਜਾ ਸਕਦੀ ਹੈ ਪਰ ਵਧੀਆ ਅਤੇ ਉਪਜਾਊ, ਪਾਣੀ ਸੋਖਣ ਵਾਲੀ ਚੀਕਣੀ ਮਿੱਟੀ ਵਧੀਆ ਰਹਿੰਦੀ ਹੈ। ਭਾਰੀ ਮਿੱਟੀ ਵਿੱਚ ਲਸਣ ਦੀ ਪੁਟਾਈ ਵਧੀਆ ਨਹੀਂ ਹੁੰਦੀ। ਰੇਤਲੀ ਜਾਂ ਹਲਕੀ ਜਮੀਨ ਵਿੱਚ ਵੀ ਲਸਣ ਦਾ ਝਾੜ ਘਟਦਾ ਹੈ।
ਲਸਣ ਦੀ ਬਿਜਾਈ ਦਾ ਠੀਕ ਸਮਾਂ ਸਤੰਬਰ ਦੇ ਆਖਰੀ ਹਫਤੇ ਤੋ ਲੈ ਕੇ ਅਕਤੂਬਰ ਦਾ ਪਹਿਲਾ ਹਫਤਾ ਹੈ। ਲਸਣ ਆਮ ਤੌਰ ’ਤੇ ਤੁਰੀਆਂ ਤੋਂ ਤਿਆਰ ਕੀਤਾ ਜਾਂਦਾ ਹੈ। ਘਰੇਲੂ ਬਗੀਚੀ ਵਿੱਚ ਜਾਂ ਛੋਟੇ ਪੱਧਰ ’ਤੇ ਚੌਕੇ ਨਾਲ ਬਿਜਾਈ ਕਰੋ ਪਰ ਜੇ ਵਧੇਰੇ ਰਕਬੇ ਵਿੱਚ ਬਿਜਾਈ ਕਰਨੀ ਹੋਵੇ ਤਾਂ ਕੇਰੇ ਨਾਲ ਬਿਜਾਈ ਕਰੋ। ਬਿਜਾਈ 3-5 ਸੈਂਟੀਮੀਟਰ ਡੂੰਘੀ ਕਰੋ। ਜਿਆਦਾ ਬਿਜਾਈ ਲਈ ਲਸਣ ਬੀਜਣ ਵਾਲੀ ਮਸ਼ੀਨ ਵੀ ਵਰਤੀ ਜਾ ਸਕਦੀ ਹੈ। ਇੱਕ ਏਕੜ ਦੀ ਬਿਜਾਈ ਲਈ 225-250 ਕਿੱਲੋ ਨਰੋਈਆਂ ਤੁਰੀਆਂ ਦੀ ਲੋੜ ਹੈ।
ਵਧੇਰੇ ਝਾੜ ਲੈਣ ਲਈ, ਕਤਾਰ ਤੋਂ ਕਤਾਰ ਦਾ ਫਾਸਲਾ 15 ਸੈਂਟੀਮੀਟਰ ਅਤੇ ਬੂਟੇ ਤੋ ਬੂਟੇ ਦਾ 7.5 ਸੈਂਟੀਮੀਟਰ ਰੱਖੋ। ਲਸਣ ਦੀ ਬਿਜਾਈ ਕਰਨ ਤੋਂ ਪਹਿਲਾਂ ਵੀਹ ਕੁਇੰਟਲ ਗਲੀ-ਸੜੀ ਰੂੜੀ ਪ੍ਰਤੀ ਏਕੜ ਪਾਓ। ਇਸ ਦੇ ਨਾਲ 50 ਕਿਲੋ ਨਾਈਟ੍ਰੋਜਨ ਤੇ 25 ਕਿੱਲੋ ਫਾਸਫੋਰਸ ਪਾਓ। ਨਾਈਟ੍ਰੋਜਨ ਖਾਦ ਨੂੰ ਤਿੰਨ ਹਿੱਸਿਆਂ ਵਿੱਚ ਕਰਕੇ ਇੱਕ ਹਿੱਸਾ ਬਿਜਾਈ ਤੋਂ ਇੱਕ ਮਹੀਨਾ, ਦੂਸਰਾ ਡੇਢ ਮਹੀਨਾ ਅਤੇ ਤੀਸਰਾ ਦੋ ਮਹੀਨੇ ਪਿੱਛੋਂ ਪਾਓ। ਪਹਿਲਾ ਪਾਣੀ ਬਿਜਾਈ ਵੇਲੇ ਅਤੇ ਬਾਅਦ ਵਾਲੇ ਪਾਣੀ ਜਮੀਨ ਅਤੇ ਮੌਸਮ ਦੇ ਹਿਸਾਬ ਨਾਲ ਦੇਣੇ ਚਾਹੀਦੇ ਹਨ। ਇਸ ਫਸਲ ਨੂੰ ਕੁੱਲ 10-12 ਪਾਣੀਆਂ ਦੀ ਲੋੜ ਪੈਂਦੀ ਹੈ। ਲਸਣ ਨੂੰ ਨਮੀ ਦੀ ਘਾਟ ਨਹੀਂ ਹੋਣੀ ਚਾਹੀਦੀ। ਸੋਕੇ ਕਾਰਨ ਝਾੜ ਘਟ ਜਾਂਦਾ ਹੈ।
ਲਸਣ ਨੂੰ ਦੋ-ਤਿੰਨ ਗੋਡੀਆਂ ਦੀ ਲੋੜ ਪੈਂਦੀ ਹੈ। ਇਸ ਦੇ ਨਾਲ ਹੀ ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਤਾਕਤ ਜਾਂ ਬਾਸਾਲੀਨ 45 ਤਾਕਤ ਇੱਕ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਇੱਕ ਗੋਡੀ ਬਿਜਾਈ ਤੋਂ 45 ਦਿਨ ਬਾਅਦ ਕਰਨੀ ਚਾਹੀਦੀ ਹੈ। ਸਟੌਂਪ ਦਾ ਛਿੜਕਾਅ ਬਿਜਾਈ ਤੋਂ ਇੱਕ ਦਿਨ ਬਾਅਦ ਕਰੋ। ਬਾਸਾਲੀਨ ਨੂੰ ਬਿਜਾਈ ਤੋਂ 3-4 ਦਿਨ ਪਹਿਲਾਂ ਵੱਤਰ ਜ਼ਮੀਨ ਵਿੱਚ ਚੰਗੀ ਤਰ੍ਹਾਂ ਰਲਾ ਦੇਣਾ ਚਾਹੀਦਾ ਹੈ। ਲਸਣ ਦੀ ਪੁਟਾਈ ਤੋਂ ਪੰਦਰਾਂ ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਗੱਠੀਆਂ ਨੂੰ ਜਿਆਦਾ ਦੇਰ ਤੱਕ ਸਟੋਰ ਕੀਤਾ ਜਾ ਸਕਦਾ ਹੈ। ਜਦੋਂ ਪੱਤਿਆਂ ਦਾ ਉੱਪਰ ਵਾਲਾ ਹਿੱਸਾ ਪੀਲਾ ਜਾਂ ਭੂਰਾ ਹੋ ਜਾਵੇ ਤਾਂ ਗੱਠੀਆਂ ਪੁਟਾਈ ਵਾਸਤੇ ਤਿਆਰ ਹੋ ਜਾਂਦੀਆਂ ਹਨ। ਕਾਹਲ ਵਾਲੀ ਪੁਟਾਈ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਨਹੀਂ ਤਾਂ ਲਸਣ ਦੀਆਂ ਗੱਠੀਆਂ ਖਰਾਬ ਹੋ ਜਾਂਦੀਆਂ ਹਨ। ਦੇਰ ਨਾਲ ਪੁਟਾਈ ਕਰਨ ’ਤੇ ਤੁਰੀਆਂ ਖਿੱਲਰ ਜਾਂਦੀਆਂ ਹਨ।
ਗੱਠੀਆਂ ਨੂੰ ਲੰਮੇ ਸਮੇਂ ਤੱਕ ਭੰਡਾਰ ਕਰਨ ਲਈ ਭੂਕਾਂ ਸਮੇਤ ਪੁਟਾਈ ਕਰਨੀ ਚਾਹੀਦੀ ਹੈ। ਪਿਆਜ਼ਾਂ ਵਾਂਗ ਲਸਣ ਦੇ ਭੰਡਾਰ ਲਈ ਘੱਟ ਤਾਪਮਾਨ ਦੀ ਲੋੜ ਹੁੰਦੀ ਹੈ। ਕੋਲਡ ਸਟੋਰ ਤੋਂ ਬਿਨਾਂ ਲਸਣ ਦਾ ਭੰਡਾਰ ਖੁੱਲੇ੍ਹ ਹਵਾਦਾਰ ਕਮਰਿਆਂ ਵਿੱਚ ਵੀ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਿਸਾਨ ਲਸਣ ਦੀ ਖੇਤੀ ਤੋਂ ਵਧੀਆ ਆਮਦਨ ਲੈ ਸਕਦੇ ਹਨ। ਲਸਣ ਦੀ ਵਰਤੋਂ ਕਈ ਤਰ੍ਹਾਂ ਦੀਆਂ ਹਰਬਲ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ।
ਸਿਹਤ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋਣ ਦੇ ਨਾਲ ਹੀ ਹਰਬਲ ਦਵਾਈਆਂ ਦੀ ਵਰਤੋਂ ਵੱਲ ਵੀ ਲੋਕਾਂ ਦਾ ਧਿਆਨ ਵਧਦਾ ਜਾ ਰਿਹਾ ਹੈ। ਹਰਬਲ ਦਵਾਈਆਂ ਤਿਆਰ ਕਰਨ ਲਈ ਸੁੱਕੇ ਲਸਣ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਘਰੇਲੂ ਬਜਾਰ ਦੇ ਨਾਲ ਹੀ ਅੰਤਰਰਾਸ਼ਟਰੀ ਮਾਰਕਿਟ ਵਿੱਚ ਕਈ ਕੰਪਨੀਆਂ ਲਸਣ ਦੀ ਖਰੀਦ ਭਾਰਤ ’ਚੋਂ ਕਰ ਰਹੀਆਂ ਹਨ। ਅੰਦਾਜਾ ਲਾਇਆ ਜਾ ਰਿਹਾ ਹੈ ਕਿ ਬਜਾਰ ਵਿੱਚ ਸੁੱਕੇ ਲਸਣ ਦੀ ਮੰਗ 40-50 ਫੀਸਦੀ ਦੀ ਦਰ ਨਾਲ ਵਧ ਰਹੀ ਹੈ। ਮੱਧ ਪ੍ਰਦੇਸ਼ ਸਮੁੱਚੇ ਦੇਸ਼ ’ਚੋਂ ਲਸਣ ਦਾ ਸਭ ਤੋਂ ਵੱਡਾ ਉਤਪਾਦਕ ਹੈ ਦੇਸ਼ ਦੇ ਕੁੱਲ ਉਤਪਾਦਨ ਦਾ 35 ਫੀਸਦੀ ਲਸਣ ਇਸ ਰਾਜ ਦੇ ਕਿਸਾਨ ਪੈਦਾ ਕਰਦੇ ਹਨ। ਜਿਸ ਕਰਕੇ ਮੱਧ ਪ੍ਰਦੇਸ਼ ਵਿੱਚ ਇਸ ਕਾਰੋਬਾਰ ਦੀਆਂ ਬਹੁਤ ਸੰਭਾਵਨਾਵਾਂ ਹਨ।
ਲਸਣ ਦੀ ਸਭ ਤੋਂ ਵੱਧ ਪੈਦਾਵਾਰ ਮਾਲਵਾ ਅਤੇ ਨਿਮਾੜ ਇਲਾਕੇ ਵਿੱਚ ਹੁੰਦੀ ਹੈ। ਇਸ ਕਾਰੋਬਾਰ ਨਾਲ ਜੁੜੀਆਂ ਹੋਈਆਂ ਫੈਕਟਰੀਆਂ ਵੀ ਇਸ ਇਲਾਕੇ ਵਿੱਚ ਹੀ ਲੱਗੀਆਂ ਹੋਈਆਂ ਹਨ। ਜਿਨ੍ਹਾਂ ਨੂੰ ਕੱਚਾ ਮਾਲ ਅਸਾਨੀ ਨਾਲ ਮਿਲ ਜਾਂਦਾ ਹੈ। ਲਸਣ ਦੀ ਪ੍ਰੋਸੈਸਿੰਗ ਇਕਾਈ ਲਾ ਕੇ ਕਈ ਕੰਪਨੀਆਂ ਸੁੱਕੇ ਲਸਣ ਦਾ ਉਤਪਾਦਨ ਕਰ ਰਹੀਆਂ ਹਨ। ਇਹ ਕੰਪਨੀਆਂ ਲਸਣ ਦਾ ਪੇਸਟ, ਚਿਪਸ, ਪਾਊਡਰ ਆਦਿ ਤਿਆਰ ਕਰ ਰਹੀਆਂ ਹਨ। ਪੰਜਾਬ ਵਿੱਚ ਕੁਝ ਵੱਡੀਆਂ ਫੈਕਟਰੀਆਂ ਨੇ ਲਸਣ ਦੇ ਉਤਪਾਦ ਬਣਾਉਣੇ ਸ਼ੁਰੂ ਕੀਤੇ ਹਨ। ਮੱਧ ਪ੍ਰਦੇਸ਼ ਵਿੱਚ ਲਸਣ ਦੀ ਇਕਾਈ ਲਾਉਣ ਲਈ ਰਾਜ ਅਤੇ ਕੇਂਦਰ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ।
ਸੁੱਕੇ ਲਸਣ ਦੀ ਇਕਾਈ ਲਾਉਣ ਵਾਸਤੇ 4 ਕਰੋੜ ਦੇ ਲਗਭਗ ਖਰਚ ਆਉਂਦਾ ਹੈ ਪਰ ਦੇਸ਼ ਵਿੱਚ ਵੱਡੇ ਲਸਣ ਉਤਪਾਦਕ ਵਜੋਂ ਸਾਹਮਣੇ ਆਉਣ ਦੇ ਬਾਵਜ਼ੂਦ ਵੀ ਲਸਣ ਉਦਯੋਗ ਇਕਾਈਆਂ ਦੀ ਮਾਤਰਾ ਸਿਰਫ਼ 8 ਹੈ। ਜਦੋਂਕਿ ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਇਕਾਈਆਂ ਹਨ। ਸੁੱਕੇ ਲਸਣ ਦੇ ਕਾਰੋਬਾਰ ’ਚ ਲੱਗੀਆਂ ਸਭ ਤੋਂ ਜਿਆਦਾ ਲਗਭਗ ਅੱਸੀ ਇਕਾਈਆਂ ਗੁਜਰਾਤ ਵਿੱਚ ਚੱਲ ਰਹੀਆਂ ਹਨ। ਸੁੱਕੇ ਲਸਣ ਨੂੰ ਵਿਦੇਸ਼ਾਂ ਵਿੱਚ ਵੀ ਭੇਜਿਆ ਜਾ ਰਿਹਾ ਹੈ। ਅਮਰੀਕਾ ਤੇ ਯੂਰਪੀ ਦੇਸ਼ਾਂ ਤੋਂ ਇਲਾਵਾ ਏਸ਼ੀਆ ਵਿੱਚ ਵੀ ਲਸਣ ਦੀ ਭਾਰੀ ਮੰਗ ਹੈ।
ਬ੍ਰਿਸ਼ਭਾਨ ਬੁਜਰਕ,
ਕਾਹਨਗੜ੍ਹ ਰੋਡ, ਪਾਤੜਾਂ (ਪਟਿਆਲਾ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ