ਔਰਤ ਦੀ ਆਵਾਜ਼, ਅੰਮ੍ਰਿਤਾ ਪ੍ਰੀਤਮ

ਔਰਤ ਦੀ ਆਵਾਜ਼, Amrita Pritam

Amrita Pritam ਪੰਜਾਬੀ ਦੀ ਯੁੱਗ ਲੇਖਿਕਾ ਹੋਈ ਹੈ। ‘ਪੰਜਾਬ ਦੀ ਆਵਾਜ਼’, ‘ਲੇਖਿਕਾਵਾਂ ਦੀ ਆਬਰੂ’, ‘ਵੀਹਵੀਂ ਸਦੀ ਦੀ ਸ਼ਤਾਬਦੀ’ ਲੇਖਿਕਾ ਭਾਰਤ ਦਾ ‘ਪਦਮ ਵਿਭੂਸ਼ਣ’ ਵਰਗੇ ਮਾਨਾਂ-ਸਨਮਾਨਾਂ ਨਾਲ ਸ਼ਿੰਗਾਰੀ ਅੰਮ੍ਰਿਤਾ ਪ੍ਰੀਤਮ ਪੰਜਾਬੀ ਦੀ ਬਹੁ-ਪੱਖੀ ਲੇਖਿਕਾ ਹੋਈ ਹੈ। ਅੰਮ੍ਰਿਤਾ ਦਾ ਜਨਮ 31 ਅਗਸਤ, 1919 ਨੂੰ ਗਿਆਨੀ ਕਰਤਾਰ ਸਿੰਘ ਹਿਤਕਾਰੀ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਗੁੱਜਰਾਂਵਾਲਾ (ਪਾਕਿਸਤਾਨ) ਵਿੱਚ ਹੋਇਆ। ਪਿਤਾ ਗਿਆਨੀ ਹਿਤਕਾਰੀ ਧਾਰਮਿਕ ਵਿਚਾਰਾਂ ਵਾਲੇ ਸਾਹਿਤਕਾਰ ਸਨ। ਉਨ੍ਹਾਂ ਦਾ ਉਪ ਨਾਮ ਪੀਯੂਖ (ਅੰਮ੍ਰਿਤ) ਸੀ ਅਤੇ ਉਹ ਛੰਦ-ਬੱਧ ਕਵਿਤਾ ਲਿਖਦੇ ਸਨ।

ਉਨ੍ਹਾਂ ਨੇ ਹੀ ਆਪਣੀ ਬੇਟੀ ਦਾ ਨਾਂਅ ਅੰਮ੍ਰਿਤ ਕੌਰ ਰੱਖਿਆ। ਅੰਮ੍ਰਿਤ ਕੌਰ ਗਿਆਰਾਂ ਸਾਲ ਦੀ ਸੀ ਕਿ ਉਸ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ, ਜਿਸ ਦਾ ਉਸ ਦੇ ਬਾਲ-ਮਨ ‘ਤੇ ਬੜਾ ਡੂੰਘਾ ਪ੍ਰਭਾਵ ਪਿਆ। ਅੰਮ੍ਰਿਤਾ ਦਾ ਬਚਪਨ ਤੇ ਮੁੱਢਲੀ ਸਿੱਖਿਆ ਪ੍ਰਾਪਤੀ ਦਾ ਜੀਵਨ ਲਾਹੌਰ ਵਿੱਚ ਹੀ ਬੀਤਿਆ। ਅੰਮ੍ਰਿਤ ਕੌਰ ਨੇ 1952 ਵਿੱਚ ਮਿਡਲ ਤੇ 1933 ਵਿੱਚ ਗਿਆਨੀ ਅਤੇ ਦਸਵੀਂ ਪਾਸ ਕਰਕੇ ਐੱਫ. ਏ. ਵਿੱਚ ਦਾਖਲਾ ਲੈ ਲਿਆ।

ਲੰਮੀ ਬਿਮਾਰੀ ਕਾਰਨ ਇਮਤਿਹਾਨ ਨਾ ਦੇ ਸਕੀ। ਇਸ ਦੇ ਬਾਵਜ਼ੂਦ ਅੰਮ੍ਰਿਤਾ ਦਾ ਸਾਹਿਤ ਅਧਿਐਨ ਬਹੁਤ ਵਿਸ਼ਾਲ ਸੀ। ਅੰਮ੍ਰਿਤਾ ਦੀ ਉਮਰ ਹਾਲੇ ਚਾਰ ਸਾਲ ਦੀ ਹੀ ਸੀ ਕਿ ਲਾਹੌਰ ਵਿੱਚ ਹੀ ਉਸ ਦੀ ਭੂਆ ਦੇ ਪੁੱਤਰ ਪ੍ਰੀਤਮ ਸਿੰਘ ਕਵਾਤੜਾ ਨਾਲ ਉਸ ਦੀ ਮੰਗਣੀ ਕਰ ਦਿੱਤੀ ਗਈ ਅਤੇ ਦਸੰਬਰ 1939 ਵਿੱਚ ਉਸ ਦਾ ਵਿਆਹ ਹੋ ਗਿਆ। ਉਸ ਤੋਂ ਬਾਅਦ ਉਸ ਨੇ ਆਪਣਾ ਨਾਂਅ ਅੰਮ੍ਰਿਤਾ ਪ੍ਰੀਤਮ ਲਿਖਣਾ ਸ਼ੁਰੂ ਕਰ ਦਿੱਤਾ।

ਲਿਖਣ ਦਾ ਮਾਹੌਲ ਅੰਮ੍ਰਿਤਾ ਨੂੰ ਆਪਣੇ ਪਰਿਵਾਰ ਤੋਂ ਹੀ ਮਿਲ ਗਿਆ ਸੀ। ਉਸ ਨੇ ਗਿਆਰਾਂ ਸਾਲ ਦੀ ਉਮਰ ਵਿੱਚ ਹੀ ਕਾਵਿ-ਰਚਨਾ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹਦੀ ਪਹਿਲੀ ਕਾਵਿ-ਪੁਸਤਕ ‘ਠੰਢੀਆਂ ਕਿਰਨਾਂ’ 1935 ਵਿੱਚ 16 ਸਾਲ ਦੀ ਉਮਰ ਵਿੱਚ ਹੀ ਛਪ ਗਈ ਸੀ। ਸ. ਪ੍ਰੀਤਮ ਸਿੰਘ ਨਾਲ ਸ਼ਾਦੀ ਹੋਣ ਪਿੱਛੋਂ ਉਸ ਦੇ ਘਰ ਇੱਕ ਬੇਟੀ ਕੰਦਲਾ (1946) ਅਤੇ ਇੱਕ ਪੁੱਤਰ ਨਵਰਾਜ (1947) ਨੇ ਜਨਮ ਲਿਆ। ਉਸ ਦੀ ਆਪਣੇ ਪਤੀ ਨਾਲ ਬਹੁਤਾ ਸਮਾਂ ਨਿਭ ਨਹੀਂ ਸਕੀ, ਜਿਸ ਕਰਕੇ ਛੇਤੀ ਹੀ ਦੋਹਾਂ ਦਾ ਤਲਾਕ ਹੋ ਗਿਆ।

ਦੇਸ਼ ਵੰਡ ਪਿੱਛੋਂ ਦਿੱਲੀ ਵਿਖੇ ਸਥਾਪਿਤ ਹੋਣ ਪਿੱਛੋਂ ਅੰਮ੍ਰਿਤਾ ਨੇ ਆਕਾਸ਼ਬਾਣੀ ਦਿੱਲੀ ਵਿੱਚ ਕੁਝ ਸਮਾਂ ਨੌਕਰੀ ਕੀਤੀ ਤੇ ਪਿੱਛੋਂ ਲੰਮਾ ਸਮਾਂ ਸਾਹਿਤ ਰਚਨਾਵਾਂ ਦੇ ਲੇਖੇ ਲਾਇਆ। ਆਪਣੀ ਜ਼ਿੰਦਗੀ ਦਾ ਵਧੇਰੇ ਸਮਾਂ ਉਹਨੇ ਇੰਦਰਜੀਤ ਤੋਂ ਇਮਰੋਜ਼ ਬਣ ਇੱਕ ਚਿੱਤਰਕਾਰ ਨਾਲ ਇਕੱਠਿਆਂ ਬਿਤਾਇਆ। ਭਾਵੇਂ ਉਹਨੇ ਇਮਰੋਜ਼ ਨਾਲ ਸ਼ਾਦੀ ਨਹੀਂ ਕੀਤੀ, ਪਰ ਦੋਵੇਂ ਇੱਕੋ ਘਰ ਵਿੱਚ ਇਕੱਠੇ ਰਹਿੰਦੇ ਰਹੇ।

ਅੰਮ੍ਰਿਤਾ ਨੇ ਉਸ ਸਮੇਂ ਲਿਖਣਾ ਸ਼ੁਰੂ ਕਰ ਦਿੱਤਾ ਸੀ, ਜਦੋਂ ਲੜਕੀਆਂ ਲਈ ਇਸ ਖੇਤਰ ਵਿੱਚ ਦਾਖਲ ਹੋਣਾ ਮਨ੍ਹਾ ਸੀ। ਉਸ ਦੀਆਂ ਪਹਿਲੀਆਂ ਦੋ-ਤਿੰਨ ਕਾਵਿ-ਪੁਸਤਕਾਂ ਉੱਤੇ ਉਹਦਾ ਅਸਲ ਨਾਂਅ ਅੰਮ੍ਰਿਤ ਕੌਰ ਪ੍ਰਕਾਸ਼ਿਤ ਹੈ। ਉਸ ਨੇ 21 ਕਾਵਿ-ਸੰਗ੍ਰਹਿ, 18 ਕਹਾਣੀ-ਸੰਗ੍ਰਹਿ, 34 ਨਾਵਲ, 35 ਵਾਰਤਕ ਪੁਸਤਕਾਂ, 3 ਸਵੈ-ਜੀਵਨੀ ਸਬੰਧੀ ਪੁਸਤਕਾਂ ਅਤੇ 4 ਸਫ਼ਰਨਾਮੇ ਲਿਖੇ। ਅੰਮ੍ਰਿਤਾ ਦੇ ਤਕਰੀਬਨ ਸਾਰੇ ਸਾਹਿਤ ਦਾ ਅਨੁਵਾਦ ਹਿੰਦੀ ਤੇ ਅੰਗਰੇਜ਼ੀ ਵਿੱਚ ਛਪ ਚੁੱਕਾ ਹੈ। ਹੋਰ ਕਈ ਭਾਰਤੀ ਭਸ਼ਾਵਾਂ ਅਤੇ 18 ਵਿਦੇਸ਼ੀ ਭਸ਼ਾਵਾਂ ਵਿੱਚ ਵੀ ਉਸ ਦੇ ਕਾਫ਼ੀ ਸਾਹਿਤ ਦਾ ਅਨੁਵਾਦ ਪ੍ਰਕਾਸ਼ਿਤ ਹੈ।

ਅੰਮ੍ਰਿਤਾ ਪ੍ਰੀਤਮ ਪੰਜਾਬੀ ਕਵਿਤਾ ਦੇ ਸੰਸਾਰ ਵਿੱਚ ਨਵੀਆਂ ਲੀਹਾਂ ਪਾਉਣ ਵਾਲੀ ਕਵਿੱਤਰੀ ਹੋਈ ਹੈ। ਉਸ ਤੋਂ ਪਹਿਲਾਂ ਕਿਸੇ ਪੰਜਾਬੀ ਕਵਿੱਤਰੀ ਦੀ ਕਵਿਤਾ ਇੰਜ ਉੱਭਰ ਕੇ ਸਾਹਮਣੇ ਨਹੀਂ ਆਈ। ਉਸ ਨੇ ਕਵਿਤਾ ਦਾ ਕਾਫ਼ਲਾ ਤੋਰਿਆ ਤਾਂ ਕਈ ਕਵਿੱਤਰੀਆਂ ਨਾਲ ਰਲ਼ਦੀਆਂ ਗਈਆਂ, ਪਰ ਸੱਤਰ ਸਾਲ ਤੱਕ ਔਰਤ ਦੀ ਹੌਂਦ ਨਾਲ ਸਬੰਧਿਤ ਸਵਾਲਾਂ ਨੂੰ ਨਿਰੰਤਰ ਰੂਪ ਵਿੱਚ ਲਿਖਣ ਕਰਕੇ ਉਸ ਨੂੰ ਪੰਜਾਬੀ ਕਵਿਤਾ ਵਿੱਚ ਉਹ ਮੁਕਾਮ ਹਾਸਲ ਕਰ ਲਿਆ, ਜੋ ਅਜੇ ਤੱਕ ਹੋਰ ਕੋਈ ਪੰਜਾਬੀ ਕਵਿੱਤਰੀ ਹਾਸਲ ਨਹੀਂ ਕਰ ਸਕੀ।

Amrita Pritam ਨੇ ਇੱਕ ਸਧਾਰਨ ਕੁੜੀ ਦੇ ਕੁਦਰਤੀ ਇੱਛਾਵਾਂ ਦੇ ਸੁਪਨਿਆਂ ਤੋਂ ਹੀ ਕਵਿਤਾ ਆਰੰਭ ਕੀਤੀ ਸੀ। ਉਸ ਦੀ ਵਿਚਲੀ ਔਰਤ ਆਪਣੇ ਵਜੂਦ ਨਾਲ ਸਬੰਧਿਤ ਸਵਾਲ ਸਮਾਜ ਪ੍ਰਬੰਧ ਨੂੰ ਕਰਦੀ ਹੈ ਅਤੇ ਕਈ ਵਾਰ ਵਿਦਰੋਹੀ ਵੀ ਹੁੰਦੀ ਹੈ। ਨੌਜਵਾਨ ਕੁੜੀ, ਵਿਆਹੀ ਔਰਤ, ਕਾਮਾ ਔਰਤ ਤੇ ਸੰਵੇਦਨਸ਼ੀਲ ਸੁਤੰਤਰ ਔਰਤ ਉਹਦੀ ਨਾਇਕਾ ਰਹੀ ਹੈ। ਉਸ ਨੇ ਮਨੁੱਖੀ ਰਿਸ਼ਤਿਆਂ, ਵਿਆਹ ਪ੍ਰਬੰਧ ਤੇ ਸਮਾਜਿਕ-ਆਰਥਿਕ ਢਾਂਚੇ ਦੇ ਯਥਾਰਥ ਨੂੰ ਬੜੀ ਵਿਅੰਗ ਸ਼ੈਲੀ ਵਿੱਚ ਚਿਤਰਿਆ ਹੈ।

ਅੰਮ੍ਰਿਤਾ ਦੀ ਕਵਿਤਾ ਵਿੱਚ ਪ੍ਰਗਤੀਵਾਦ ਔਰਤ ਦੇ ਵਜੂਦ ਦੇ ਸਰੋਕਾਰਾਂ ਵਿੱਚ ਸਿਰਜਿਆ ਗਿਆ ਹੈ। ਅੰਮ੍ਰਿਤਾ ਨੇ ਵਿਆਹੁਤਾ ਔਰਤ ਤੇ ਕਾਮਾ ਔਰਤ ਦੇ ਜਿਸਮਾਨੀ ਤੇ ਮਾਨਸਿਕ ਸ਼ੋਸ਼ਣ ਦੀ ਗੱਲ ਕਰਦੇ ਪੰਜਾਬੀ ਕਵਿਤਾ ਦੇ ਪ੍ਰਗਤੀਵਾਦ ਨੂੰ ਨਵੀਂ ਦਿਸ਼ਾ ਦਿੱਤੀ। ਉਹ ਆਪਣੀ ਸਵੈ-ਜੀਵਨੀ ‘ਰਸੀਦੀ ਟਿਕਟ’ ਵਿੱਚ ਲਿਖਦੀ ਹੈ:-

”ਮੇਰੇ ਕੋਲ ਜੋ ਕੁਝ ਸੀ, ਜੋ ਅੱਜ ਬਰਫ਼ ਵਿੱਚ ਦੱਬਿਆ ਗਿਆ ਹੈ ਤਾਂ ਇਹ ਬਰਫ਼ਾਂ ਜਦੋਂ ਪੰਘਰਣਗੀਆਂ, ਇਹਦੇ ਨਦੀਆਂ ਨਾਲ਼ੇ ਉਹ ਹੋਣਗੇ, ਜੋ ਈਸ਼ਾਨ ਨਾਲ ਹੱਕਾਂ ਵਿੱਚ ਨਵੀਆਂ ਕਲਮਾਂ ਫੜਨਗੇ ਤੇ ਉਨ੍ਹਾਂ ਕਲਮਾਂ ਦੀ ਸ਼ਿੱਦਤ ਵਿੱਚ ਮੇਰਾ ਉਹ ਕੁਝ ਵੀ ਰਲਿਆ ਹੋਵੇਗਾ, ਜੋ ਅੱਜ ਚੁੱਪ ਦੀ ਬਰਫ਼ ਵਿੱਚ ਦੱਬਿਆ ਗਿਆ ਹੈ”। ‘ਅੱਜ ਆਖਾਂ ਵਾਰ ਸ਼ਾਹ ਨੂੰ’ ਜਿਹੀ ਇੱਕੋ ਕਵਿਤਾ ਦੇ ਆਧਾਰ ‘ਤੇ ਉਸ ਨੂੰ ‘ਪੰਜਾਬ ਦੀ ਔਰਤ ਦੀ ਆਵਾਜ਼’ ਕਿਹਾ ਜਾਂਦਾ ਹੈ। 31 ਅਕਤੂਬਰ, 2005 ਨੂੰ ਪੰਜਾਬੀ ਦੀ ਇਹ ਰਿਸ਼ੀ ਸ਼ਾਇਰਾ, ਇਸ ਦੁਨੀਆਂ ਤੋਂ ਤੁਰ ਗਈ, ਪਰ ਆਪਣੇ ਲੇਖਨ ਅਤੇ ਸ਼ਖ਼ਸੀਅਤ ਸਦਕਾ ਹਮੇਸ਼ਾ ਪੰਜਾਬੀ ਲੇਖਕਾਂ ਤੇ ਪਾਠਕਾਂ
ਵਿੱਚ ਚਿਰੰਜੀਵ ਰਹੇਗੀ।
ਅਸਿਸਟੈਂਟ ਪ੍ਰੋਫ਼ੈਸਰ (ਪੰਜਾਬੀ ਵਿਭਾਗ),
ਚੌਧਰੀ ਦੇਵੀ ਲਾਲ ਯੂਨੀਵਰਸਿਟੀ,
ਸਰਸਾ (ਹਰਿਆਣਾ)
ਡਾ. ਚਰਨਜੀਤ ਕੌਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.