ਪਿਛਲੇ ਲਗਭਗ 18 ਘੰਟਿਆਂ ਤੋਂ ਜਾਰੀ ਹੈ ਬਾਰਸ਼
ਭੋਪਾਲ, ਏਜੰਸੀ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਪਿਛਲੇ ਕਰੀਬ 18 ਘੰਟਿਆਂ ਤੋਂ ਜਾਰੀ ਬਾਰਸ਼ ਕਾਰਨ ਇੱਕ ਮਕਾਨ ਦੀ ਦੀਵਾਰ ਡਿੱਗਣ ਕਾਰਨ ਦੋ ਮਾਸੂਮ ਬੱਚੀਆਂ ਅਤੇ ਉਹਨਾਂ ਦੀ ਮਾਂ ਦੀ ਮੌਤ ਹੋ ਗਈ। ਉਥੇ ਸਥਾਨਕ ਟੀਲਾਜਮਾਲਪੁਰਾ ਖੇਤਰ ‘ਚ ਇੱਕ ਕਿਸ਼ੋਰ ਦੇ ਨਾਲੇ ‘ਚ ਵਹਿਣ ਤੋਂ ਬਾਅਦ ਰਾਹਤ ਅਤੇ ਬਚਾਅ ਅਮਲਾ ਉਸ ਦੀ ਲਾਸ਼ ਦੀ ਭਾਲ ‘ਚ ਜੁਟਿਆ ਹੋਇਆ ਹੈ। ਸ਼ਿਆਮਲਾ ਹਿਲਜ਼ ਪੁਲਿਸ ਸੂਤਰਾਂ ਅਨੁਸਾਰ ਸਥਾਨਕ ਧੋਬੀ ਘਾਟ ਖੇਤਰ ‘ਚ ਦੇਰ ਰਾਤ ਤੇਜ਼ ਬਾਰਸ਼ ਦੌਰਾਨ ਇੱਕ ਮਕਾਨ ਦੀ ਦੀਵਾਰ ਡਿੱਗ ਗਈ, ਜਿਸ ਨਾਲ ਉਸ ਹੇਠਾਂ ਦੱਬ ਕੇ ਇੱਕ ਮਹਿਲਾ ਅਤੇ ਉਸ ਦੀਆਂ ਦੋ ਮਾਸੂਮ ਬੱਚੀਆਂ ਦੀ ਮੌਤ ਹੋ ਗਈ। ਮਹਿਲਾ ਦਾ ਪਤੀ ਗੰਭੀਰ ਜ਼ਖਮੀ ਹੈ, ਜਿਸ ਨੂੰ ਹਸਪਤਾਲ ‘ਚ ਲਿਆਂਦਾ ਗਿਆ ਹੈ।
ਦੂਜੇ ਪਾਸੇ ਨਗਰ ਨਿਗਮ ਸੂਤਰਾਂ ਅਨੁਸਾਰ ਟੀਲਾਜਮਾਲਪੁਰਾ ਖੇਤਰ ਦੇ ਨਾਲੇ ‘ਚ ਵਹੇ ਕਿਸ਼ੋਰ ਦਾ ਕਈ ਘੰਟਿਆਂ ਬਾਅਦ ਵੀ ਹੁਣ ਤੱਕ ਕੋਈ ਸੁਰਾਗ ਨਹੀਂ ਲੱਗਿਆ ਹੈ। ਭੋਪਾਲ ‘ਚ ਕੱਲ੍ਹ ਦੁਪਹਿਰ ਬਾਅਦ ਤੇਜ਼ ਬਾਰਸ਼ ਦਾ ਦੌਰ ਜਾਰੀ ਹੈ। ਬਹੁਤ ਸਾਰੀਆਂ ਹੇਠਲੀਆਂ ਬਸਤੀਆਂ ‘ਚ ਪਾਣੀ ਭਰ ਗਿਆ ਹੈ। ਅੱਜ ਸਵੇਰ ਤੋਂ ਨਗਰ ਨਿਗਮ ਦਾ ਅਮਲਾ ਸਥਾਨਕ ਪ੍ਰਸ਼ਾਸਨ ਨਾਲ ਜਗ੍ਹਾ ਜਗ੍ਹਾ ਨਾਲਿਆਂ ਦੀ ਸਫਾਈ ਕਰ ਰਿਹਾ ਹੈ।