ਦਿਨੋਂ-ਦਿਨ ਮਹਿੰਗਾਈ ਦਾ ਵਾਇਰਸ ਹੋ ਰਿਹਾ ਕੰਟਰੋਲ ਤੋਂ ਬਾਹਰ

ਦਿਨੋਂ-ਦਿਨ ਮਹਿੰਗਾਈ ਦਾ ਵਾਇਰਸ ਹੋ ਰਿਹਾ ਕੰਟਰੋਲ ਤੋਂ ਬਾਹਰ

ਕੋਰੋਨਾ ਵਾਇਰਸ ਨਾਲੋਂ ਵੀ ਇੱਕ ਵਾਇਰਸ ਇਸ ਵੇਲੇ ਦੇਸ਼ ਵਿਚ ਬਹੁਤ ਹੀ ਖਤਰਨਾਕ ਰੂਪ ਲੈ ਕੇ ਸਾਹਮਣੇ ਆਇਆ ਹੈ, ਜਿਸਦੇ ਫੈਲਣ ਦੀ ਰਫਤਾਰ ਕੋਰੋਨਾ ਨਾਲੋਂ ਵੀ ਕਿਤੇ ਜ਼ਿਆਦਾ ਤੇਜ਼ ਦਿਖਾਈ ਦੇ ਰਹੀ ਹੈ। ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਜਿਸ ਤਰ੍ਹਾਂ ਦਿਨੋਂ-ਦਿਨ ਵਧ ਰਹੀਆਂ ਹਨ ਉਹ ਦਿਨ ਦੂਰ ਨਹੀਂ ਜਦੋਂ ਪੈਟਰੋਲ ਤੇ ਡੀਜ਼ਲ 100 ਰੁਪਏ ਲੀਟਰ ਹੋਵੇਗਾ, ਜੇਕਰ ਇਸ ਤੋਂ ਕਿਤੇ ਜ਼ਿਆਦਾ ਵਧ ਜਾਵੇ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ। ਜਿਸ ਤਰ੍ਹਾਂ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ,

ਇਸੇ ਤਰ੍ਹਾਂ ਮਹਿੰਗਾਈ ਦਾ ਵਾਇਰਸ ਵੀ ਜਨਤਾ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਵਿਚ ਅੜਿਕਾ ਬਣਦਾ ਜਾ ਰਿਹਾ ਹੈ। ਕੋਰੋਨਾ ਦੀ ਚਪੇਟ ਵਿਚ ਆ ਕੇ ਪਹਿਲਾਂ ਹੀ ਅੱਧਮਰੀ ਹੋਈ ਜਨਤਾ ਨੂੰ ਮਹਿੰਗਾਈ ਦਾ ਵਾਇਰਸ ਡੰਗਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਮਹਿੰਗਾਈ ਦੇ ਇਸ ਵਾਇਰਸ ਦੇ ਵਧਣ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿਚ ਹੈ।

ਪਹਿਲਾਂ ਗੱਲ ਕਰਦੇ ਹਾਂ ਸਰਕਾਰ ਦੀ। ਵੋਟਾਂ ਦੇ ਸਮੇਂ ਜਨਤਾ ਨੂੰ ਮਹਿੰਗਾਈ ਤੋਂ ਮੁਕਤ ਅਤੇ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਵਾਅਦੇ ਕਰਕੇ ਸੱਤਾ ਹਾਸਲ ਕਰਨ ਵਾਲੀ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਘਟਾਉਣ ਤੇ ਵਧਾਉਣ ਦੇ ਅਧਿਕਾਰ ਤੇਲ ਕੰਪਨੀਆਂ ਨੂੰ ਦੇ ਕੇ ਆਪਣੀ ਜਵਾਬਦੇਹੀ ਤੋਂ ਆਪਣਾ ਮੂੰਹ ਮੋੜ ਲਿਆ ਕਿ ਜਦੋਂ ਮਹਿੰਗਾਈ ਵਧੇਗੀ ਤਾਂ ਇਹ ਕਹਿ ਕੇ ਪੱਲਾ ਝਾੜ ਲਿਆ ਜਾਵੇਗਾ ਕਿ ਅਸੀਂ ਕੁਝ ਨਹੀਂ ਕਰ ਰਹੇ, ਇਹ ਸਾਰਾ ਮਾਮਲਾ ਹੁਣ ਸਾਡੇ ਹੱਥੋਂ ਬਾਹਰ ਹੈ।

ਕਹਿਣ ਦਾ ਭਾਵ ਜਨਤਾ ਦੀ ਰਾਖੀ ਕਰਨ ਦਾ ਠੇਕਾ ਤੇਲ ਕੰਪਨੀਆਂ ਨੂੰ ਦੇ ਦਿੱਤਾ ਜਿਨ੍ਹਾਂ ਨੂੰ ਪੈਸੇ ਤੋਂ ਸਿਵਾਏ ਹੋਰ ਕੁਝ ਨਜ਼ਰ ਨਹੀਂ ਆਉਂਦਾ, ਜਨਤਾ ਜਾਵੇ ਜਿੱਥੇ ਮਰਜ਼ੀ, ਅਸੀਂ ਤਾਂ ਆਪਣਾ ਵਾਧਾ-ਘਾਟਾ ਪੂਰਾ ਕਰਨਾ ਹੈ, ਜਿਸ ਦੇ ਚੱਲਦਿਆਂ ਅੱਜ ਮਹਿੰਗਾਈ ਸੱਤਵੇਂ ਅਸਮਾਨ ‘ਤੇ ਪਹੁੰਚ ਗਈ ਹੈ। ਮਹਿੰਗਾਈ ਦਾ ਧੁਰਾ ਜੇਕਰ ਕਿਹਾ ਜਾਵੇ ਤਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਤੇ ਨਿਰਭਰ ਕਰਦਾ ਹੈ, ਜਦੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਇਸਦੇ ਨਾਲ ਹੀ ਖਾਣ-ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਆਪਣੇ-ਆਪ ਹੀ ਵਧ ਜਾਂਦੀਆਂ ਹਨ, ਜਿਸ ‘ਤੇ ਕੰਟਰੋਲ ਕਰਨਾ ਇਸ ਵੇਲੇ ਬਹੁਤ ਹੀ ਔਖਾ ਹੋ ਗਿਆ ਹੈ। ਸਰਕਾਰ ਆਪਣੇ ਹੱਥੋਂ ਸਭ ਕੁਝ ਦੂਸਰਿਆਂ ਦੇ ਹੱਥ ਦੇ ਕੇ ਆਪ ਸਾਈਡ ‘ਤੇ ਹੋ ਗਈ ਹੈ।

ਹੁਣ ਗੱਲ ਕਰੀਏ ਵਿਰੋਧੀ ਧਿਰ ਦੀ, ਤਾਂ ਵਿਰੋਧੀ ਧਿਰ ਦਾ ਕੰਮ ਹੁੰਦਾ ਹੈ ਕਿ ਉਹ ਸਰਕਾਰ ਦੇ ਚੰਗੇ ਕੰਮਾਂ ਵਿਚ ਉਸਦਾ ਸਾਥ ਦੇਵੇ ਅਤੇ ਜਨਤਾ ਵਿਰੋਧੀ ਤੇ ਮਰਿਆਦਾ ਤੋਂ ਬਾਹਰ ਵਾਲੇ ਕੰਮਾਂ ਦਾ ਡਟ ਕੇ ਵਿਰੋਧ ਕਰੇ ਜਦੋਂ ਕੇਂਦਰ ਸਰਕਾਰ ਨੇ ਤੇਲ ਦੀਆਂ ਕੀਮਤਾਂ ਦੇ ਅਧਿਕਾਰ ਤੇਲ ਕੰਪਨੀਆਂ ਨੂੰ ਦੇਣ ਦੀ ਗੱਲ ਕੀਤੀ ਉਦੋਂ ਤਾਂ ਥੋੜ੍ਹਾ-ਬਹੁਤ ਵਿਰੋਧ ਹੋਇਆ ਪਰੰਤੂ ਬਾਅਦ ਵਿਚ ਵਿਰੋਧੀ ਧਿਰਾਂ ਬਿਲਕੁਲ ਹੀ ਸ਼ਾਂਤ ਹੋ ਕੇ ਬੈਠ ਗਈਆਂ। ਹੁਣ ਤੇਲ ਦੀਆਂ ਕੀਮਤਾਂ ਵਿਚ ਪਿਛਲੇ ਕੁਝ ਦਿਨਾਂ ਦੇ ਵਿਚ ਇਨ੍ਹਾਂ ਵਾਧਾ ਹੋਇਆ ਕਿ ਕੀਮਤਾਂ 100 ਰੁਪਏ ਹੋਣ ਦੇ ਕਰੀਬ ਹੀ ਹਨ ਪਰੰਤੂ ਵਿਰੋਧੀ ਧਿਰ ਹੁਣ ਵੀ ਬਿਲਕੁਲ ਹੀ ਸ਼ਾਂਤ ਹੋ ਕੇ ਬੈਠੀ ਹੈ,

ਜਿਸ ਦਾ ਕੁਝ ਸਮਝ ਨਹੀਂ ਆ ਰਿਹਾ। ਇਹ ਵੀ ਗੱਲ ਕਹੀ ਜਾ ਸਕਦੀ ਹੈ ਕਿ ਵਿਰੋਧੀ ਧਿਰ ਵੀ ਇਸ ਵੇਲੇ ਆਪਣੀ ਜਿੰਮੇਵਾਰੀ ਤੋਂ ਪਿੱਛੇ ਹਟ ਰਹੀ ਹੈ। ਜਨਤਾ ਨੂੰ ਸਰਕਾਰ ਤੋਂ ਇਸ ਵੇਲੇ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ ਹੈ ਅਤੇ ਵਿਰੋਧੀ ਧਿਰ ਤੋਂ ਵੀ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ। ਜੇਕਰ ਇਹੋ ਹਾਲਾਤ ਰਹੇ ਤਾਂ ਆਉਣ ਵਾਲੇਂ ਸਮੇਂ ਵਿਚ ਹਾਲਾਤ ਆਪੇ ਤੋਂ ਬਾਹਰ ਹੋ ਜਾਣਗੇ, ਜਿਸਦੀ ਜਿੰਮੇਵਾਰੀ ਸਰਕਾਰ ਤੇ ਵਿਰੋਧੀ ਧਿਰ ਦੀ ਹੋਵੇਗੀ। ਜਨਤਾ ਇਸ ਵੇਲੇ ਸੋਚਣ ਲਈ ਮਜਬੂਰ ਹੋ ਗਈ ਹੈ ਕਿ ਦਿਨੋਂ-ਦਿਨ ਵਧ ਰਹੀ ਮਹਿੰਗਾਈ ਆਖਰ ਕਿੱਥੇ ਜਾ ਕੇ ਰੁਕੇਗੀ।

ਹੁਣ ਜੇਕਰ ਹਾਲਾਤ ਦੇਖੇ ਜਾਣ ਤਾਂ ਜਿੱਥੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ ਨਾਲ-ਨਾਲ ਬਾਕੀ ਖਾਣ-ਪੀਣ ਵਾਲੀਆਂ ਚੀਜਾਂ ਦੀਆਂ ਕੀਮਤਾਂ ਵਿਚ ਦਿਨੋਂ-ਦਿਨ ਰਫਤਾਰ ਫੜਦੀਆਂ ਜਾ ਰਹੀਆਂ ਹਨ, ਇਨ੍ਹਾਂ ਹਾਲਾਤਾਂ ਵਿਚ ਜਨਤਾ ਦੇ ਨਾਲ-ਨਾਲ ਵਾਪਾਰੀ ਵਰਗ ਤੇ ਕਰਮਚਾਰੀ ਵਰਗ ਬਹੁਤ ਹੀ ਪਰੇਸ਼ਾਨੀ ਦੇ ਆਲਮ ਵਿਚ ਹੈ, ਜਿਸ ‘ਤੇ ਕੰਟਰੋਲ ਕਰਨ ਲਈ ਸਰਕਾਰ ਨੂੰ ਜਲਦ ਹੀ ਸਖ਼ਤ ਤੋਂ ਸਖ਼ਤ ਕਦਮ ਚੁੱਕਣੇ ਪੈਣਗੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ,

ਇਸ ਲਈ ਵਿਰੋਧੀ ਧਿਰ ਨੂੰ ਵੀ ਇਸ ਲਈ ਤਕੜਾ ਸੰਘਰਸ਼ ਕਰਕੇ ਸਰਕਾਰ ਨੂੰ ਆਪਣੇ ਲਏ ਗਲਤ ਫੈਸਲਿਆਂ ਨੂੰ ਬਦਲਣ ਅਤੇ ਲੋਕਾਂ ਨੂੰ ਸੁਖ-ਸਹੂਲਤਾਂ ਦੇਣ ਲਈ ਮਜ਼ਬੂਰ ਕਰਨਾ ਪੈਣਾ ਹੈ। ਸਰਕਾਰ ਨੂੰ ਜਨਤਾ ਬਾਰੇ ਸੋਚਣਾ ਚਾਹੀਦਾ ਹੈ ਕਿ ਇਸ ਵੇਲੇ ਕੋਰੋਨਾ ਵਾਇਰਸ ਦੇ ਚੱਲਦਿਆਂ ਜਨਤਾ ਪਹਿਲਾਂ ਹੀ ਬਹੁਤ ਸਹਿਮੀ ਹੋਈ ਹੈ ਦੂਸਰਾ ਮਹਿੰਗਾਈ ਦਾ ਵਾਇਰਸ ਜਨਤਾ ਦੇ ਜਿਉਣ ਦੀਆਂ ਉਮੀਦਾਂ ਨੂੰ ਘੁਣ ਵਾਂਗ ਖਾ ਰਿਹਾ ਹੈ। ਸਰਕਾਰ ਨੂੰ ਜਲਦੀ ਤੋਂ ਜਲਦੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਗੜਦੀਵਾਲਾ,
ਦਸੂਹਾ (ਹੁਸ਼ਿਆਰਪੁਰ)।
ਮਨਪ੍ਰੀਤ ਸਿੰਘ ਮੰਨਾ
ਮੋ. 94177-17095

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ