ਘਰਾਂ ਤੋਂ ਟਰੈਕਟਰ-ਟਰਾਲੀ ਰਾਹੀਂ ਇਕੱਠਾ ਕੀਤਾ ਜਾਂਦਾ ਹੈ ਕੂੜਾ | Garbage Disposal
- ਲੋਕਾਂ ਨੂੰ ‘ਮੇਰਾ ਪਿੰਡ ਮੇਰੀ ਸ਼ਾਨ’ ਮੁਹਿੰਮ ਨਾਲ ਜੁੜਨ ਲਈ ਕੀਤਾ ਜਾ ਰਿਹੈ ਪ੍ਰੇਰਿਤ: ਨਾਇਬ ਤਹਿਸੀਲਦਾਰ | Garbage Disposal
ਦੋਦਾ, (ਰਵੀਪਾਲ/ਸੱਚ ਕਹੂੰ ਨਿਊਜ)। ਜ਼ਿਲ੍ਹੇ ਦੀ ਸਬ ਤਹਿਸੀਲ ਦੋਦਾ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਇਕ ਨਵਾਂ ਉਪਰਾਲਾ ਕੀਤਾ ਹੈ। ‘ਮੇਰਾ ਪਿੰਡ ਮੇਰੀ ਸ਼ਾਨ’ ਮੁਹਿੰਮ ਨਾਲ ਜੁੜਦਿਆਂ ਇਸ ਪਿੰਡ ਦੇ ਲੋਕਾਂ ਨੇ ਘਰਾਂ ਤੋਂ ਕੂੜਾ ਇੱਕਠਾ ਕਰਨ ਦਾ ਇਕ ਨਵਾਂ ਤਜਰਬਾ ਸ਼ੁਰੂ ਕੀਤਾ ਹੈ ਜਿਸ ਤਹਿਤ ਇੱਕ ਟਰੈਕਟਰ ਟਰਾਲੀ ਪਿੰਡ ਵਿਚ ਕੂੜਾ ਇੱਕਠਾ ਕਰਨ ਲਈ ਹਰ ਰੋਜ ਘਰ-ਘਰ ਜਾਂਦੀ ਹੈ ਤਾਂ ਜੋ ਪਿੰਡ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ ਅਤੇ ਲੋਕਾਂ ਦੇ ਘਰਾਂ ਅੱਗੇ ਕੂੜਾ ਜਮਾ ਨਾ ਹੋਵੇ।
ਇਸ ਸਬੰਧੀ ਨਾਇਬ ਤਹਿਸੀਲਦਾਰ ਚਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਪਿੰਡ ਵਾਸੀਆਂ ਨੂੰ ਪ੍ਰੇਰਿਤ ਕਰਕੇ ਪਿੰਡ ਦੀਆਂ ਪ੍ਰਮੁੱਖ ਸੜਕਾਂ ਤੋਂ ਕੂੜਾ ਸਾਫ ਕਰਵਾਇਆ ਸੀ ਅਤੇ ਹੁਣ ਪਿੰਡ ਵਾਸੀ ਖੁਦ ਹੀ ਸਵੱਛਤਾ ਦਾ ਮਹੱਤਵ ਸਮਝਦਿਆਂ ਪਿੰਡ ਨੂੰ ਸਾਫ ਰੱਖਣ ਲਈ ਅੱਗੇ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਦੀ ਦੇਖ-ਰੇਖ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸੁਚਾਰੂ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਹੁਣ ਲੋਕਾਂ ਦਾ ਸਹਿਯੋਗ ਵੀ ਮਿਲਣ ਲੱਗਾ ਹੈ। (Garbage Disposal)
ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਦੇ ਇਸ ਉਪਰਾਲੇ ਤਹਿਤ ਇਹ ਟਰਾਲੀ ਘਰ-ਘਰ ਜਾਂਦੀ ਹੈ ਅਤੇ ਕੂੜਾ ਇੱਕਤਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੋਣ ਨਾਲ ਪਿੰਡ ਵਿੱਚ ਸਵੱਛਤਾ ਵਧੇਗੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਪਾਇਲਟ ਪ੍ਰੋਜੈਕਟ ਦੀ ਸਫਲਤਾ ਤੋਂ ਬਾਅਦ ਜੇਕਰ ਜ਼ਰੂਰਤ ਪਈ ਤਾਂ ਉਹ ਇੱਕ ਹੋਰ ਟਰੈਕਟਰ ਟਰਾਲੀ ਵੀ ਇਸ ਕੰਮ ਵਿੱਚ ਲਗਾ ਦੇਣਗੇ। ਇੱਥੇ ਜਿਕਰ ਯੋਗ ਹੈ ਕਿ ਪੰਜਾਬ ਸਰਕਾਰ ਦੀ ‘ਮੇਰਾ ਪਿੰਡ ਮੇਰੀ ਸ਼ਾਨ’ ਮੁਹਿੰਮ ਤਹਿਤ 31 ਅਗਸਤ ਤੱਕ ਹੋਣ ਵਾਲੇ ਸਰਵੇਖਣ ਤਹਿਤ ਜ਼ਿਲ੍ਹੇ ਦੇ ਸਭ ਤੋਂ ਵਧੀਆਂ ਪਿੰਡ, ਸਕੂਲ, ਆਂਗਣਵਾੜੀ ਕੇਂਦਰ, ਸਿਹਤ ਕੇਂਦਰ ਨੂੰ ਨਗਦ ਇਨਾਮ ਵੀ ਦਿੱਤੇ ਜਾਣੇ ਹਨ।