ਅੱਜ ਨਸ਼ੇ ਪੰਜਾਬ ਦੇ ਘਰ-ਘਰ ਦੀ ਕਹਾਣੀ ਬਣ ਗਏ ਹਨ। ਕੋਈ ਸਮਾਂ ਸੀ ਜਦੋਂ ਲੜਕੀ ਦਾ ਰਿਸ਼ਤਾ ਕਰਨ ਲੱਗਿਆਂ ਲੋਕ ਪੁੱਛਦੇ ਹੁੰਦੇ ਸੀ ਕਿ ਲੜਕਾ ਸ਼ਰਾਬ ਤਾਂ ਨਹੀਂ ਪੀਂਦਾ? ਸ਼ਰਾਬ ਪੀਣਾ ਬਹੁਤ ਹੀ ਬੁਰੀ ਗੱਲ ਸਮਝੀ ਜਾਂਦੀ ਸੀ, ਰਿਸ਼ਤਾ ਨਹੀਂ ਸੀ ਹੁੰਦਾ। ਪਰ ਹੁਣ ਹੋਰ ਘਾਤਕ ਨਸ਼ਿਆਂ ਦੀ ਪੁੱਛ -ਦੱਸ ਸ਼ਰਾਬ ਤੋਂ ਵੀ ਵੱਧ ਹੋਣ ਲੱਗੀ ਹੈ
ਨਸ਼ੇ ਸਾਰੇ ਭਾਰਤ ਵਿੱਚ ਹੀ ਵਰਤੇ ਜਾਂਦੇ ਹਨ। ਪਰ ਕੈਨੇਡਾ ਤੱਕ ਪੰਜਾਬੀ ਨਸ਼ਾ ਵਰਤਣ ਤੇ ਵੇਚਣ ਲਈ ਬਦਨਾਮ ਹੋਏ ਪਏ ਹਨ। ਕੈਨੇਡਾ ਭਾਰਤ ਦੇ ਹਰੇਕ ਪ੍ਰਾਂਤ ‘ਚ ਪੰਜਾਬੀ ਲੋਕ ਵਸਦੇ ਹਨ। ਪਰ ਉਥੇ ਹਰੇਕ ਤੀਸਰੇ ਚੌਥੇ ਦਿਨ ਕਿਸੇ ਨਾ ਕਿਸੇ ਪੰਜਾਬੀ ਦੇ ਡਰੱਗਾਂ ਸਬੰਧੀ ਝਗੜਿਆਂ ‘ਚ ਮਾਰੇ ਜਾਣ ਦੀ ਖਬਰ ਆਈ ਰਹਿੰਦੀ ਹੈ। ਪੰਜਾਬ ਦੇ ਨਾਲ ਲੱਗਦੇ ਪ੍ਰਾਂਤ ਰਾਜਸਥਾਨ ‘ਚ ਅਫੀਮ ਦੀ ਖੇਤੀ ਹੁੰਦੀ ਹੈ ਤੇ ਪਿਛਲੇ ਸਾਲ ਤੱਕ ਭੁੱਕੀ ਦੇ ਸਰਕਾਰੀ ਠੇਕੇ ਵੀ ਸਨ। ਪਰ ਉਨ੍ਹਾਂ ਠੇਕਿਆਂ ‘ਤੇ ਪੰਜਾਬੀਆਂ ਦਾ ਹੀ ਮੇਲਾ ਲੱਗਾ ਰਹਿੰਦਾ ਸੀ। ਰਾਜਸਥਾਨੀ ਖੁਦ ਬਹੁਤ ਘੱਟ ਭੁੱਕੀ ਤੇ ਅਫੀਮ ਦੀ ਵਰਤੋਂ ਕਰਦੇ ਹਨ।
ਪੰਜਾਬ ‘ਚ ਇਸ ਵੇਲੇ ਮੁੱਖ ਨਸ਼ੇ ਮੈਡੀਕਲ ਸਟੋਰਾਂ ‘ਤੇ ਵਿਕਣ ਵਾਲੇ ਟੀਕੇ, ਗੋਲੀਆਂ ਤੇ ਸ਼ੀਸ਼ੀਆਂ, ਅਫੀਮ, ਹੈਰੋਇਨ, ਸਮੈਕ, ਚਿੱਟਾ ਤੇ ਆਈਸ ਆਦਿ ਹਨ। ਸਿੰਥੈਟਿਕ ਨਸ਼ਿਆਂ ‘ਚ ਟਰੌਮਾਡੌਲ, ਐਲਪਰੌਮਾਜੋਲ, ਕੈਰੀਸੋਮਾ, ਐਲਪਰੈਕਸ, ਐਸਾਰ, ਮੋਨੋਟੈਲ, ਲੋਪਾਮਾਈਡ, ਸ਼ੀਸ਼ੀਆਂ (ਕੌਰੈਕਸ, ਕੋਰੋਡਾਈਲ, ਰੈਸਕੌਫ, ਬੀਨਾਡਰੈਲ) ਤੇ ਟੀਕੇ ਡਾਇਜ਼ਾਪਾਮ ਤੇ ਮਾਰਫ਼ੀਨ ਆਦਿ ਹਨ। ਨਸ਼ੇ ਦੀ ਸ਼ੁਰੂਆਤ ਹਮੇਸ਼ਾ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਜਾਂ ਅਵਾਰਾ ਛੋਕਰਿਆਂ ਨੂੰ ਕੌਰੈਕਸ-ਫੈਂਸੀਡ੍ਰਿਲ ਦੀਆਂ ਸ਼ੀਸ਼ੀਆਂ ਜਾਂ ਲੋਪਾਮਾਈਡ ਆਦਿ ਦੀਆਂ ਗੋਲੀਆਂ ਖਵਾ ਕੇ ਕੀਤੀ ਜਾਂਦੀ ਹੈ। ਜਦੋਂ ਇੱਕ ਵਾਰ ਨਸ਼ਾ ਹੱਡਾਂ ‘ਚ ਰਚ ਜਾਵੇ ਤਾਂ ਬਾਦ ‘ਚ ਇਸ ਤੋਂ ਬਗੈਰ ਸਰਦਾ ਨਹੀਂ। ਹੌਲੀ-ਹੌਲੀ ਕਪੈਸਟੀ ਵਧਦੀ ਜਾਂਦੀ ਹੈ ਤੇ ਦੋ ਚਾਰ ਗੋਲੀਆਂ ਖਾਣ ਵਾਲਾ ਬੰਦਾ 100-100 ਗੋਲੀਆਂ ਦੇ ਫੱਕੇ ਮਾਰਨ ਲੱਗ ਜਾਂਦਾ ਹੈ।
ਪਿੰਡਾਂ ‘ਚ ਦਿਹਾੜੀਦਾਰ ਮਜ਼ਦੂਰ ਸਵੇਰੇ 100 ਰੁ. ਦੀਆਂ ਗੋਲੀਆਂ ਖਾ ਕੇ ਕੰਮ ‘ਤੇ ਤੁਰਦੇ ਹਨ ਤੇ ਸ਼ਾਮ ਨੂੰ 100 ਰੁ. ਦੀ ਦਾਰੂ ਪੀ ਜਾਂਦੇ ਹਨ। 50 ਰੁ. ਦੀ ਸਬਜ਼ੀ ਜਾਂ ਫਲ ਲੈਣ ਲੱਗਿਆਂ ਸਾਰੀ ਮੰਡੀ ‘ਚੋਂ ਰੇਟ ਪਤਾ ਕਰਨ ਵਾਲੇ ਸ਼ਰਾਬ ਦੇ ਠੇਕੇ ਜਾਂ ਨਸ਼ੇ ਦੇ ਵਪਾਰੀ ਨੂੰ ਕਦੇ ਰੇਟ ਨਹੀਂ ਪੁੱਛਦੇ, ਬੱਸ ਮਾਲ ਮਿਲਣਾ ਚਾਹੀਦਾ ਹੈ।
ਇਸ ਤਰ੍ਹਾਂ ਹੋਈ ਹੈਰੋਇਨ ਦੀ ਖੋਜ
ਪੰਜਾਬ ਦੀ ਨੌਜਵਾਨੀ ਨੂੰ ਲੱਗੇ ਹੈਰੋਇਨ ਰੂਪੀ ਕਲੰਕ ਦੀ ਖੋਜ ਸੇਂਟ ਮੈਰੀ ਮੈਡੀਕਲ ਕਾਲਜ ਲੰਡਨ ਦੇ ਇੱਕ ਵਿਗਿਆਨੀ ਚਾਰਲਸ ਰੋਮਲੇ ਐਲਡਰ ਰਾਈਟ ਨੇ ਕੀਤੀ ਸੀ। ਦਵਾਈ ਦੇ ਤੌਰ ‘ਤੇ ਹੋਈ ਇਹ ਖੋਜ ਹੌਲੀ-ਹੌਲੀ ਅਫ਼ਗਾਨਿਸਤਾਨ-ਬਰਮਾ-ਥਾਈਲੈਂਡ ਦੇ ਸਮੱਗਲਰਾਂ ਦੇ ਹੱਥਾਂ ਤੱਕ ਪਹੁੰਚ ਗਈ। ਹੁਣ ਸੰਸਾਰ ਦੀ 90% ਅਫੀਮ ਤੇ ਹੈਰੋਇਨ ਅਫ਼ਗਾਨਿਸਤਾਨ ‘ਚ ਪੈਦਾ ਹੁੰਦੀ ਹੈ। 16 ਕਿੱਲੋ ਅਫੀਮ ਤੋਂ ਇੱਕ ਕਿੱਲੋ ਹੈਰੋਇਨ ਬਣਦੀ ਹੈ ਤੇ 2009 ‘ਚ ਕਰੀਬ 7 ਲੱਖ ਕਿੱਲੋ ਹੈਰੋਇਨ ਪੈਦਾ ਹੋਈ ਸੀ।
ਕਈ ਦਹਾਕਿਆਂ ਤੋਂ ਗੜਬੜ ਗ੍ਰਸਤ ਹੋਣ ਕਾਰਨ ਅਫ਼ਗਾਨ ਸਰਕਾਰ ਦਾ ਦੇਸ਼ ਦੇ ਬਹੁਤੇ ਹਿੱਸੇ ‘ਤੇ ਕੋਈ ਕੰਟਰੋਲ ਨਹੀਂ ਹੈ। ਜ਼ਿਆਦਾਤਰ ਤਾਲਿਬਾਨ ਬਾਗੀ, ਮੰਤਰੀ, ਗਵਰਨਰ ਤੇ ਸਰਕਾਰੀ ਅਫ਼ਸਰ ਇਸ ਮੁਨਾਫ਼ਾਬਖਸ਼ ਧੰਦੇ ‘ਚ ਰੁੱਝੇ ਹੋਏ ਹਨ। ਉਥੇ ਬੱਚਾ ਬੱਚਾ ਹੈਰੋਇਨ ਬਣਾਉਣ ਦਾ ਤਰੀਕਾ ਜਾਣਦਾ ਹੈ। ਤਿਆਰ ਹੈਰੋਇਨ ਪਾਕਿਸਤਾਨ ਰਾਹੀਂ ਭਾਰਤ-ਪੰਜਾਬ ਹੁੰਦੀ ਹੋਈ ਅੱਗੇ ਯੂਰਪ-ਅਮਰੀਕਾ ਤੱਕ ਪਹੁੰਚ ਜਾਂਦੀ ਹੈ। ਅਫ਼ਗਾਨਿਸਤਾਨ ਤੋਂ 2 ਲੱਖ ਰੁ. ਦੇ ਹਿਸਾਬ ਚੱਲੀ ਹੈਰੋਇਨ ਯੂਰਪ ਤੇ ਅਮਰੀਕਾ ਤੱਕ ਪਹੁੰਚਦੇ-ਪਹੁੰਚਦੇ ਕਰੋੜਾਂ ਤੱਕ ਪਹੁੰਚ ਜਾਂਦੀ ਹੈ। ਸੰਸਾਰ ਵਿੱਚ ਹਰ ਸਾਲ ਦੋ ਲੱਖ ਮੌਤਾਂ ਹੈਰੋਇਨ ਦੇ ਕਾਰਨ ਹੁੰਦੀਆਂ ਹਨ। ਸਾਫ਼ ਦਾਣੇਦਾਰ ਹੈਰੋਇਨ ਨੂੰ ਚਿੱਟਾ ਤੇ ਖੇਹ ਸੁਆਹ ਰਲਾ ਕੇ ਤਿਆਰ ਕੀਤੇ ਮਾਲ ਨੂੰ ਸਮੈਕ ਕਿਹਾ ਜਾਂਦਾ ਹੈ।
ਇੱਕ ਨਸ਼ਈ ਦਾ ਔਸਤ ਖਰਚਾ 2000 ਰੁ. ਰੋਜ਼ਾਨਾ
ਪੰਜਾਬ ‘ਚ ਨਸ਼ਿਆਂ ਦੀ ਖਪਤ ਸਮੇਂ ਤੇ ਹਾਲਾਤ ਅਨੁਸਾਰ ਘਟਦੀ-ਵਧਦੀ ਰਹਿੰਦੀ ਹੈ। ਇਸ ਸਮੇਂ ਪੰਜਾਬ ‘ਚ ਨਸ਼ੇ ਦੇ ਖਿਲਾਫ਼ ਬਹੁਤ ਜ਼ਿਆਦਾ ਸਖ਼ਤੀ ਚੱਲ ਰਹੀ ਹੈ। ਇੱਕ ਨਸ਼ਈ ਦਾ ਨਸ਼ੇ ਲਈ ਔਸਤ ਖਰਚਾ 2000 ਰੁ. ਰੋਜ਼ਾਨਾ ਹੈ। ਨਸ਼ੇ ਦਾ ਖਰਚਾ ਪੂਰਾ ਕਰਨ ਨਸ਼ਈ ਫਿਰ ਜ਼ੁਰਮ ਵੱਲ ਝੁਕ ਜਾਂਦੇ ਹਨ। ਪੰਜਾਬ ‘ਚ ਲੁੱਟ-ਖੋਹ ਦੀਆਂ ਜ਼ਿਆਦਾ ਘਟਨਾਵਾਂ ਨਸ਼ਈਆਂ ਦੁਆਰਾ ਹੀ ਕੀਤੀਆਂ ਜਾਂਦੀਆਂ ਹਨ। ਜਦੋਂ ਵੀ ਕਿਸੇ ਸ਼ਹਿਰ ‘ਚ ਝਪਟਮਾਰੀ ਦੀਆਂ ਘਟਨਾਵਾਂ ਵਧ ਜਾਣ ਤਾਂ ਸਮਝੋ ਕਿਸੇ ਨਾ ਕਿਸੇ ਸਮੱਗਲਰ ਕੋਲ ਨਸ਼ੇ ਦੀ ਖੇਪ ਪਹੁੰਚ ਚੁੱਕੀ ਹੈ।
ਨਸ਼ੇ ਦੀ ਲਤ ਇਨਸਾਨ ਨੂੰ ਐਨੀ ਬੁਰੀ ਤਰ੍ਹਾਂ ਨਾਲ ਆਪਣੇ ਸ਼ਿਕੰਜੇ ‘ਚ ਜਕੜਦੀ ਹੈ ਕਿ ਉਹ ਮਕੱਦਮੇ ਦਰਜ਼ ਹੋਣ ਤੋਂ ਵੀ ਨਹੀਂ ਡਰਦੇ। ਨਸ਼ਾ ਕਰਨਾ ਆਪਣੀ ਮੌਤ ਆਪ ਸਹੇੜਨ ਵਾਲੀ ਗੱਲ ਹੈ। ਇਹ ਇੱਕ ਧੀਮਾ ਜ਼ਹਿਰ ਹੈ ਜੋ ਹੌਲੀ-ਹੌਲੀ ਇਨਸਾਨ ਨੂੰ ਮੌਤ ਵੱਲ ਲੈ ਜਾਂਦਾ ਹੈ। ਨਸ਼ਾ ਕਰਨ ਦੇ ਬਹੁਤ ਬਹਾਨੇ ਹਨ ਜਿਵੇਂ, ਬੇਰੋਜ਼ਗਾਰੀ, ਪਰਿਵਾਰਕ ਝਗੜੇ, ਮਾਨਸਿਕ ਸ਼ਾਂਤੀ ਤੇ ਸਰੀਰਕ ਮਿਹਨਤ ਵਾਲੇ ਕੰਮ ਆਦਿ। ਪਰ ਨਸ਼ਾ ਕਰਨ ਨਾਲ ਇਨ੍ਹਾਂ ‘ਚੋਂ ਕਿਸੇ ਮਸਲੇ ਦਾ ਵੀ ਹੱਲ ਨਹੀਂ ਹੁੰਦਾ। ਬੇਰੁਜ਼ਗਾਰ ਵਾਸਤੇ ਤਾਂ ਰੋਟੀ ਕਮਾਉਣੀ ਔਖੀ ਹੈ ਉਹ ਹੋਰ ਵਾਧੂ ਖਰਚਾ ਆਪਣੇ ਗਲ਼ ਕਿਉਂ ਪਾਉਂਦਾ ਹੈ? ਇਸ ਕਾਰਨ ਘਰਾਂ ‘ਚ ਕਲੇਸ਼ ਪੈਂਦਾ ਹੈ।
ਪੰਜਾਬ ‘ਚ 1980ਵਿਆਂ ਵਿੱਚ ਆਈ ਹੈਰੋਇਨ ਤੇ ਸਮੈਕ
ਨਸ਼ਾ ਕਈ ਤਰੀਕਿਆਂ ਨਾਲ ਕੀਤਾ ਜਾਂਦਾ ਹੈ। ਹੈਰੋਇਨ ਪੀਣ ਵਾਲੇ ਸ਼ੁਰੂ-ਸ਼ੁਰੂ ‘ਚ ਇਸ ਨੂੰ ਪਾਊਡਰ ਦੇ ਰੂਪ ‘ਚ ਸਿੱਧਾ ਜਾਂ ਧੂੰਆਂ ਬਣਾ ਕੇ ਸੁੰਘਦੇ ਹਨ। ਜਦੋਂ ਇਸ ਤਰ੍ਹਾਂ ਨਾਲ ਨਸ਼ਾ ਘੱਟ ਅਸਰ ਕਰਦਾ ਹੈ ਤਾਂ ਫਿਰ ਪਾਣੀ ‘ਚ ਘੋਲ ਕੇ ਨਾੜੀ ‘ਚ ਟੀਕੇ ਲਾਉਂਦੇ ਹਨ । ਹੌਲੀ-ਹੌਲੀ ਜਦੋਂ ਨਾੜਾਂ ਮਰ ਜਾਂਦੀਆਂ ਹਨ ਤਾਂ ਲੱਤਾਂ ਦੀਆਂ ਨਾੜਾਂ ‘ਚ ਟੀਕੇ ਲਾਉਂਦੇ ਹਨ। ਹੌਲੀ-ਹੌਲੀ ਡੋਜ਼ ਵਧਦੀ ਜਾਂਦੀ ਹੈ ਤੇ ਫਿਰ ਮੌਤ ਤੋਂ ਇਲਾਵਾ ਪੱਲੇ ਕੁਝ ਨਹੀਂ ਬਚਦਾ।
ਪੰਜਾਬ ‘ਚ ਪੁਰਾਣੇ ਸਮੇਂ ‘ਚ ਅਫੀਮ ਅਤੇ ਭੁੱਕੀ ਦੀ ਵਰਤੋਂ ਕੀਤੀ ਜਾਂਦੀ ਸੀ। ਹੈਰੋਇਨ ਤੇ ਸਮੈਕ ਨੇ ਪੰਜਾਬ ‘ਚ 1980ਵਿਆਂ ‘ਚ ਪ੍ਰਵੇਸ਼ ਕੀਤਾ। ਜਿਹੜੇ ਲੋਕ ਮਹਿੰਗੀ ਹੈਰੋਇਨ, ਅਫੀਮ ਤੇ ਸਮੈਕ ਨਹੀਂ ਖਰੀਦ ਸਕੇ ਉਹ ਸਿੰਥੈਟਿਕ ਦਵਾਈਆਂ ਖਾਣ ਲੱਗ ਪਏ। 1984 ਤੋਂ ਪਹਿਲਾਂ ਨਸ਼ੇ ਦੀ ਤਸਕਰੀ ਸਿੱਧੀ ਪੰਜਾਬ ਬਾਰਡਰ ਤੋਂ ਹੁੰਦੀ ਸੀ। ਤਾਰ ਲੱਗਣ ਤੇ ਸਖ਼ਤੀ ਹੋਣ ਕਾਰਨ ਹੁਣ ਇਹ ਗੁਜਰਾਤ, ਰਾਜਸਥਾਨ ਤੇ ਜੰਮੂ ਕਸ਼ਮੀਰ ਬਾਰਡਰ ਤੋਂ ਹੋ ਰਹੀ ਹੈ। ਮੋਟਾ ਮੁਨਾਫ਼ਾ ਹੋਣ ਕਾਰਨ ਲਾਲਚ ਕਈ ਚੰਗੇ ਭਲੇ ਵਿਅਕਤੀ ਇਸ ਕੰਮ ‘ਚ ਲੱਗੇ ਹੋਏ ਸਨ । ਪਿਛਲੇ ਦਿਨੀਂ ਪੰਜਾਬ ‘ਚ ਹੋਈਆਂ ਗ੍ਰਿਫ਼ਤਾਰੀਆਂ ਇਸ ਗੱਲ ਦਾ ਸਬੂਤ ਹਨ।
ਮਾਪੇ ਬੱਚਿਆਂ ਦਾ ਧਿਆਨ ਰੱਖਣ
ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਨਸ਼ਿਆਂ ਦੀ ਅਲਾਮਤ ਤੋਂ ਬਚ ਕੇ ਰਹਿਣ। ਮਜ਼ਾਕ-ਮਜ਼ਾਕ ‘ਚ ਲੱਗਾ ਨਸ਼ਾ ਜ਼ਿੰਦਗੀ ਭਰ ਦਾ ਕੋਹੜ ਬਣ ਜਾਂਦਾ ਹੈ। ਨਸ਼ਾ ਕਿਸੇ ਮਸਲੇ ਦਾ ਹੱਲ ਨਹੀਂ ਹੈ। ਹੁਣ ਤਾਂ ਪੁਲਿਸ ਤੇ ਫੌਜ ਦੀ ਭਰਤੀ ਤੋਂ ਪਹਿਲਾਂ ਵੀ ਡੋਪ ਟੈਸਟ ਹੋਣ ਲੱਗ ਪਿਆ ਹੈ। ਨਸ਼ਈ ਆਦਮੀ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ। ਪੱਕੇ ਨਸ਼ਈ 8-10 ਹੋਰ ਚੰਗੇ ਘਰਾਂ ਦੇ ਨੌਜਵਾਨਾਂ ਨੂੰ ਨਸ਼ੇ ‘ਤੇ ਲਾਉਂਦੇ ਹਨ ਤੇ ਉਨ੍ਹਾਂ ਨੂੰ ਨਸ਼ਾ ਵੇਚ ਕੇ ਆਪਣਾ ਖਰਚਾ ਪੂਰਾ ਕਰਦੇ ਹਨ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਵੱਲ ਖਾਸ ਧਿਆਨ ਰੱਖਣ। ਨਸ਼ਈ ਨੂੰ ਇੱਕ ਮਾਨਸਿਕ ਬਿਮਾਰ ਦੇ ਤੌਰ ‘ਤੇ ਲੈਣਾ ਚਾਹੀਦਾ ਹੈ।
ਉਸ ਨਾਲ ਨਫਰਤ ਕਰਨ ਜਾਂ ਮਜ਼ਾਕ ਉਡਾਉਣ ਦੀ ਬਜਾਏ ਪਿਆਰ ਨਾਲ ਸਮਝਾ ਕੇ ਸਿੱਧੇ ਰਸਤੇ ‘ਤੇ ਲਿਆਉਣਾ ਚਾਹੀਦਾ ਹੈ। ਲੋਕਾਂ ‘ਚ ਬਹੁਤ ਵੱਡਾ ਵਹਿਮ ਹੈ ਕਿ ਨਸ਼ਾ ਛੱਡਣ ਨਾਲ ਅਧਰੰਗ ਹੋ ਜਾਂਦਾ ਹੈ ਜਾਂ ਕਿਡਨੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਇਹ ਬਿਲਕੁਲ ਅਫ਼ਵਾਹਾਂ ਹਨ ਜੋ ਨਸ਼ਾ ਵੇਚਣ ਵਾਲਿਆਂ ਨੇ ਫੈਲਾਈਆਂ ਹੋਈਆਂ ਹਨ। ਨਸ਼ਾ ਛੱਡਣ ਕਾਰਨ ਅੱਜ ਤੱਕ ਕੋਈ ਨਹੀਂ ਮਰਿਆ ਸਗੋਂ ਵੱਧ ਡੋਜ਼ ਨਾਲ ਅਨੇਕਾਂ ਲੋਕ ਮਰੇ ਹਨ।
ਬਲਰਾਜ ਸਿੰਘ ਸਿੱਧੂ, ਪੰਡੋਰੀ ਸਿੱਧਵਾਂ ਮੋ.9815124449
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।