ਸ਼ਰਾਬ ਦਾ ਆਤੰਕਵਾਦ

Drug challenge

ਪੰਜਾਬ ਦੇ ਮਰਹੂਮ ਵਿਦਵਾਨ ਲੇਖਕ ਜਸਵੰਤ ਸਿੰਘ ਕੰਵਲ ਨੇ ਪ੍ਰਾਂਤ ਦੀ ਦੁਖਦੀ ਰਗ ’ਤੇ ਹੱਥ ਧਰਦਿਆਂ ਲਿਖਿਆ ਸੀ, ‘ਪੰਜਾਬ ਨੂੰ ਗੋਡਿਆਂ ਭਾਰ ਨੇਜ਼ਿਆਂ ਜਾਂ ਤਲਵਾਰਾਂ ਨੇ ਨਹੀਂ ਕੀਤਾ, ਸਗੋਂ ਢਾਈ-ਤਿੰਨ ਇੰਚ ਦੀਆਂ ਸਰਿੰਜਾਂ ਤੇ ਸ਼ਰਾਬ ਦੀਆਂ ਬੋਤਲਾਂ ਨੇ ਕੀਤਾ ਹੈ।’ ਸੱਚਮੁੱਚ ਸ਼ਰਾਬ ਦੇ ਵਗਦੇ ਦਰਿਆ ਕਾਰਨ ਜਿੱਥੇ ਜਵਾਨੀ ਦਿਸ਼ਾਹੀਣ, ਮਨੋਰਥਹੀਣ ਤੇ ਮੰਤਵਹੀਣ ਹੋਈ ਹੈ, ਉੱਥੇ ਹੀ ਪ੍ਰਾਂਤ ਦੇ ਪੱਛੜੇਪਣ, ਵਿਕਾਸ ਦੀ ਖੜੋਤ ਤੇ ਸਿਰਜਣਾਤਮਕ ਸ਼ਕਤੀ ਦੀਆਂ ਪੁਲਾਂਘਾਂ ਨੂੰ ਜੂੜ ਪੈਣ ਕਾਰਨ ਘਰਾਂ ਦੀ ਬਰਕਤ ਗੁੰਮ ਹੋਣ ਦੇ ਨਾਲ-ਨਾਲ ਠੰਢੇ ਚੁੱਲ੍ਹਿਆਂ ’ਚ ਘਾਹ ਉੱਗਿਆ ਹੋਇਆ ਹੈ। ਬਜ਼ੁਰਗ ਮਾਂ-ਬਾਪ, ਪਤਨੀਆਂ ਤੇ ਵਿਲਕਦੇ ਬੱਚੇ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ। (Alcohol)

ਇੱਥੇ ਹੀ ਬੱਸ ਨਹੀਂ, 60% ਹਾਦਸੇ, 90% ਤੇਜਧਾਰ ਹਥਿਆਰਾਂ ਨਾਲ ਹਮਲੇ, 69% ਦੁਰਾਚਾਰ, 80% ਦੁਸ਼ਮਣੀ ਕੱਢਣ ਵਾਲੇ ਹਮਲੇ ਵੀ ਸ਼ਰਾਬੀ ਹਾਲਤ ਵਿੱਚ ਹੀ ਕੀਤੇ ਜਾਂਦੇ ਹਨ। ਅਜਿਹੀਆਂ ਵਾਰਦਾਤਾਂ ਕਾਰਨ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਹੈ, ਉੱਥੇ ਹੀ ਕ੍ਰਾਈਮ ਗ੍ਰਾਫ਼ ਵਿੱਚ ਵਾਧਾ ਹੋਣ ਕਾਰਨ ਵੱਖ-ਵੱਖ ਜੁਰਮਾਂ ਨਾਲ ਥਾਣੇ ਦਾ ਰੋਜ਼ਨਾਮਚਾ ਵੀ ਭਰਿਆ ਜਾ ਰਿਹਾ ਹੈ। ਇੰਜ ਪੰਜਾਬ ਇਸ ਵੇਲੇ ਬਹੁ-ਪੱਖੀ ਅਤੇ ਬਹੁ-ਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਸ਼ਰਾਬ ਦੇ ਕਹਿਰ ਕਾਰਨ ਹਰ ਪਿੰਡ ਵਿੱਚ ਅੰਦਾਜ਼ਨ 16 ਵਿਧਵਾਵਾਂ ਨਰਕ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ। ਹਰ ਰੋਜ਼ ਅੰਦਾਜ਼ਨ 18 ਤਲਾਕ ਦੇ ਮੁਕੱਦਮੇ ਅਦਾਲਤਾਂ ਵਿੱਚ ਦਰਜ ਹੋ ਰਹੇ ਹਨ।

ਇਹ ਵੀ ਪੜ੍ਹੋ : ਭਵਿੱਖ ਦਾ ਸਭ ਤੋਂ ਵੱਡਾ ਸੰਕਟ ਘਟਦੀ ਖੁਰਾਕ ਪੈਦਾਵਾਰ

ਪੀੜਤ ਔਰਤਾਂ ਨਸ਼ੱਈ ਪਤੀ ਦੀਆਂ ਹਰਕਤਾਂ ਤੋਂ ਪੋਟਾ-ਪੋਟਾ ਦੁਖੀ ਹੋ ਕੇ ਅਲੱਗ ਰਹਿਣ ਦਾ ਫੈਸਲਾ ਬੇਵਸੀ ਦੀ ਹਾਲਤ ਵਿੱਚ ਕਰਦੀਆਂ ਹਨ। ਪਿਛਲੇ ਦਿਨੀਂ ਅੰਮਿ੍ਰਤਸਰ ਜ਼ਿਲ੍ਹੇ ਦੇ ਪਿੰਡ ਪੰਧੇਰ ਕਲਾਂ ਵਿੱਚ ਇੱਕ ਬਾਪ ਦਾ ਇਕਲੌਤਾ ਪੁੱਤ ਗੁਆਂਢ ਵਿੱਚ ਵਿਆਹ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਚਲਾ ਗਿਆ। ਦੇਰ ਰਾਤ ਤੱਕ ਜਦੋਂ ਉਹ ਨਾ ਪਰਤਿਆ ਤਾਂ ਬਾਪ ਨੇ ਉਸ ਨੂੰ ਘਰ ਆਉਣ ਲਈ ਕਈ ਫੋਨ ਕੀਤੇ। ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਜਦੋਂ ਉਹ ਘਰ ਪੁੱਜਿਆ ਤਾਂ ਲੋਹਾ-ਲਾਖਾ ਹੋ ਕੇ ਮਾਂ-ਬਾਪ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਥੋੜ੍ਹੀ-ਮੋਟੀ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਲੋਹੇ ਦੀ ਰਾਡ ਨਾਲ ਮਾਂ-ਬਾਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ। (Alcohol)

ਕਿਤੇ ਮਾਂ ਦਾ ਕਤਲ, ਕਿਤੇ ਪਤਨੀ ਦਾ ਕਤਲ, ਕਿਤੇ ਮਾਸੂਮ ਬੱਚਿਆਂ ਦੇ ਕਤਲ ਉਪਰੰਤ ਸ਼ਰਾਬੀ ਵੱਲੋਂ ਆਪਣੀ ਜੀਵਨ-ਲੀਲਾ ਵੀ ਸਮਾਪਤ ਕਰ ਲੈਣੀ, ਅਜਿਹੇ ਦਰਦਨਾਕ ਕਿੱਸੇ ਹਰ ਰੋਜ਼ ਸੁਣਨ ਨੂੰ ਮਿਲਦੇ ਹਨ। ਦਰਅਸਲ ਨਸ਼ੱਈ ਸਰੀਰਕ, ਮਾਨਸਿਕ ਅਤੇ ਬੌਧਿਕ ਕੰਗਾਲੀ ਭੋਗਦਿਆਂ ਚੰਗਾ ਪੁੱਤ, ਚੰਗਾ ਪਤੀ, ਚੰਗਾ ਬਾਪ ਤੇ ਚੰਗਾ ਨਾਗਰਿਕ ਬਣਨ ਦੇ ਯੋਗ ਨਹੀਂ ਹੁੰਦਾ। ਪਿਛਲੇ ਡੇਢ ਦਹਾਕੇ ਵਿੱਚ ਬੀਅਰ ਦੀ ਖਪਤ ਵਿੱਚ 209%, ਅੰਗਰੇਜ਼ੀ ਸ਼ਰਾਬ ਵਿੱਚ 131% ਤੇ ਦੇਸੀ ਸ਼ਰਾਬ ਦੀ ਖਪਤ ਵਿੱਚ 127% ਦਾ ਵਾਧਾ ਹੋਣਾ ਗੰਭੀਰ ਚਿੰਤਾਜਨਕ ਵਿਸ਼ਾ ਹੈ। ਪੰਜਾਬ ਦੀਆਂ 16 ਸ਼ਰਾਬ ਦੀਆਂ ਫੈਕਟਰੀਆਂ ਰਾਹੀਂ ਰੋਜ਼ਾਨਾ 23,90,000 ਲੀਟਰ ਸ਼ਰਾਬ ਦਾ ਉਤਪਾਦਨ ਹੋ ਰਿਹਾ ਹੈ। ਪੰਜਾਬ ਦੇ 12673 ਪਿੰਡਾਂ ਵਿੱਚ ਕੋਈ ਵੀ ਅਜਿਹਾ ਪਿੰਡ ਨਹੀਂ ਜਿੱਥੇ ਸ਼ਰਾਬ ਨੇ ਭਾਣਾ ਨਾ ਵਰਤਾਇਆ ਹੋਵੇ। (Alcohol)

ਇਹ ਵੀ ਪੜ੍ਹੋ : ਆਬੋਂ-ਹਵਾ ’ਚ ਹੋਇਆ ਕਾਫ਼ੀ ਸੁਧਾਰ, ਬਠਿੰਡਾ ਦੀ ਸਥਿਤੀ ਸਭ ਤੋਂ ਬਿਹਤਰ

ਇੱਕ ਸਰਵੇਖਣ ਅਨੁਸਾਰ ਚਾਰ ਹਜ਼ਾਰ ਦੀ ਅਬਾਦੀ ਵਾਲੇ ਪਿੰਡ ਵਿੱਚ ਹਰ ਰੋਜ਼ ਪਿੰਡ ਦੇ ਲੋਕ ਅੰਦਾਜ਼ਨ 30 ਹਜ਼ਾਰ ਦੀ ਸ਼ਰਾਬ ਡਕਾਰ ਜਾਂਦੇ ਹਨ। ਮਹੀਨੇ ਦੀ 9 ਲੱਖ ਅਤੇ ਸਾਲ ਦਾ ਇੱਕ ਕਰੋੜ ਤੋਂ ਜ਼ਿਆਦਾ ਇੱਕ ਪਿੰਡ ਦੇ ਲੋਕਾਂ ਦਾ ਸ਼ਰਾਬ ਦੇ ਲੇਖੇ ਲੱਗ ਜਾਂਦਾ ਹੈ। ਹਰ ਰੋਜ਼ ਅੰਦਾਜ਼ਨ 5.20 ਲੱਖ ਸ਼ਰਾਬ ਦੇ ਢੱਕਣ ਖੁੱਲ੍ਹਦੇ ਹਨ। ਪੰਜਾਬ ਸਰਕਾਰ ਵੱਲੋਂ 41 ਕਰੋੜ ਤੋਂ ਵੀ ਜ਼ਿਆਦਾ ਸ਼ਰਾਬ ਦੀਆਂ ਬੋਤਲਾਂ ਪੰਜਾਬੀਆਂ ਨੂੰ ਪਰੋਸ ਕੇ 9754 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਮਿਥਿਆ ਗਿਆ ਹੈ। ਦੂਸਰੇ ਸ਼ਬਦਾਂ ਵਿੱਚ ਪੰਜਾਬੀਆਂ ਨੂੰ ਖੁੰਘਲ ਕਰਕੇ, ਉਨ੍ਹਾਂ ਨੂੰ ਕਮਲੇ-ਬੌਲੇ ਕਰਕੇ ਇਕੱਠੇ ਕੀਤੇ ਪੈਸਿਆਂ ਨਾਲ ਪੰਜਾਬ ਦਾ ਸਰਬਪੱਖੀ ਵਿਕਾਸ ਕਰਨ ਦੀ ਯੋਜਨਾ ਹੈ। ਸ਼ਰਾਬ ਦੇ ਠੇਕਿਆਂ ਤੋਂ 41 ਕਰੋੜ ਤੋਂ ਜ਼ਿਆਦਾ ਸ਼ਰਾਬ ਦੀਆਂ ਜਿਹੜੀਆਂ ਬੋਤਲਾਂ ਲੋਕਾਂ ਨੂੰ ਪਰੋਸੀਆਂ ਜਾਂਦੀਆਂ ਹਨ। (Alcohol)

ਜੇਕਰ ਇਸ ਨੂੰ ਸ਼ਰਾਬ ਡੋਲ੍ਹ ਦਿੱਤੀ ਜਾਵੇ ਤਾਂ ਪੰਜਾਬ ਵਿੱਚ ਚਾਰੇ ਪਾਸੇ ਸ਼ਰਾਬ ਦਾ ਛੇਵਾਂ ਦਰਿਆ ਵਗਦਾ ਨਜ਼ਰ ਆਵੇਗਾ। ਸ਼ਰਾਬ ਕਾਰਨ ਲੋਕਾਂ ਦੀ ਹੋ ਰਹੀ ਬਰਬਾਦੀ ਨੂੰ ਮੁੱਖ ਰੱਖਦਿਆਂ ਸੰਗਰੂਰ ਦੀਆਂ ਤਿੰਨ ਸਮਾਜਿਕ ਜਥੇਬੰਦੀਆਂ ਸਾਇੰਟੀਫਿਕ ਅਵੇਇਰਨੈੱਸ ਐਂਡ ਸੋਸ਼ਲ ਵੈਲਫੇਅਰ ਫੋਰਮ, ਬਿਰਧ ਆਸ਼ਰਮ ਸੰਗਰੂਰ ਅਤੇ ਬਿਰਧ ਆਸ਼ਰਮ ਬਡਰੁੱਖਾਂ ਨੇ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40ਏ ਦਾ ਸਹਾਰਾ ਲਿਆ। ਇਸ ਧਾਰਾ ਅਧੀਨ ਜੇਕਰ ਪਿੰਡ ਦੀ ਪੰਚਾਇਤ 2/3 ਬਹੁਮੱਤ ਨਾਲ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਾ ਖੋਲ੍ਹਣ ਦਾ ਮਤਾ ਪਾ ਦੇਵੇ ਤਾਂ ਉਸ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਹੀਂ ਖੱਲ੍ਹੇਗਾ। (Alcohol)

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਨਵੇਂ ਭਰਤੀ 250 ਨਰਸਿੰਗ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਇਨ੍ਹਾਂ ਉੱਦਮੀ ਸੰਸਥਾਵਾਂ ਨੇ ਪੰਜਾਬ ਦੀਆਂ ਪੰਚਾਇਤਾਂ ਨੂੰ ਜਾਗਰੂਕ ਕਰਕੇ 422 ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਵਿੱਚ ਇੱਕ ਵਾਰ ਤਾਂ ਸਫਲਤਾ ਪ੍ਰਾਪਤ ਕੀਤੀ, ਪਰ ਬਾਹੂਬਲ, ਸਰਕਾਰੀ ਤੰਤਰ ਵੱਲੋਂ ਇਸ ਮੁਹਿੰਮ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਤੇ ਸ਼ਰਾਬ ਦੇ ਠੇਕੇ ਜਿਨ੍ਹਾਂ ਪਿੰਡਾਂ ਵਿੱਚ ਬੰਦ ਹੋਏ, ਉਨ੍ਹਾਂ ਪਿੰਡਾਂ ਵਿੱਚ ਸ਼ਰਾਬ ਦੀ ਸਪਲਾਈ ਵਧ ਜਾਣ ਕਾਰਨ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ। ਇੰਜ ਹੀ ਅਰਾਈਵ ਸੇਫ ਸੰਸਥਾ ਨੈਸ਼ਨਲ ਤੇ ਸਟੇਟ ਹਾਈਵੇ ’ਤੇ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਸਬੰਧੀ ਪਾਬੰਦੀ ਲਗਵਾਉਣ ਵਿੱਚ ਕਾਮਯਾਬ ਹੋਈ। ਹਾਈਕੋਰਟ ਵੱਲੋਂ ਪਾਬੰਦੀ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਕਈ ਥਾਵਾਂ ’ਤੇ ਕਾਨੂੰਨ ਵਿੱਚ ਚੋਰ ਮੋਰੀ ਰੱਖਦਿਆਂ ਸਟੇਟ ਹਾਈਵੇ ’ਤੇ ਸ਼ਰਾਬ ਦੇ ਅਹਾਤੇ ਅੱਗੇ ਕਰ ਦਿੱਤੇ ਤੇ ਸ਼ਰਾਬ ਦੇ ਠੇਕੇ ਅਹਾਤੇ ਦੇ ਪਿਛਲੇ ਪਾਸੇ ਖੱੁਲ੍ਹੇ ਰੱਖਣ ਦਾ ਸਿਲਸਿਲਾ ਜਾਰੀ ਰੱਖਿਆ। (Alcohol)

ਸੰਸਥਾ ਨੇ ਇਸ ਸਬੰਧ ਵਿੱਚ ਜਦੋਂ ਦੂਜੀ ਵਾਰ ਹਾਈਕੋਰਟ ਦਾ ਸਹਾਰਾ ਲਿਆ ਤਾਂ ਪੰਜਾਬ ਸਰਕਾਰ ਵੱਲੋਂ ਦਲੀਲ ਦਿੱਤੀ ਗਈ ਕਿ ਸ਼ਰਾਬ ਦੇ ਠੇਕਿਆਂ ਤੋਂ ਪ੍ਰਾਪਤ ਮਾਲੀਏ ਰਾਹੀਂ ਪ੍ਰਾਂਤ ਦਾ ਵਿਕਾਸ ਕੀਤਾ ਜਾਂਦਾ ਹੈ। ਹਾਈਕੋਰਟ ਵੱਲੋਂ ਉਸ ਸਮੇਂ ਇਨ੍ਹਾਂ ਸ਼ਬਦਾਂ ਰਾਹੀਂ ਸਰਕਾਰ ਦੀ ਦਲੀਲ ’ਤੇ ਸਖ਼ਤ ਟਿੱਪਣੀ ਕੀਤੀ ਗਈ ਸੀ, ਜੇਕਰ ਸਰਕਾਰ ਨੂੰ ਮਾਲੀਏ ਦਾ ਐਨਾ ਹੀ ਫਿਕਰ ਹੈ, ਫਿਰ ਤਾਂ ਸਕੱਤਰੇਤ ਵਿੱਚ ਵੀ ਠੇਕਾ ਖੋਲ੍ਹ ਲਵੋ। ਇਸ ਵੇਲੇ ਗੁਜਰਾਤ, ਮਣੀਪੁਰ, ਮਿਜ਼ੋਰਮ, ਬਿਹਾਰ, ਨਾਗਾਲੈਂਡ, ਕੇਂਦਰ ਸ਼ਾਸਿਤ ਪ੍ਰਦੇਸ਼, ਲਕਸ਼ਦੀਪ ਵਿੱਚ ਪੂਰਨ ਸ਼ਰਾਬਬੰਦੀ ਹੈ, ਪਰ ਦੂਜੇ ਪਾਸੇ ਪੰਜਾਬ ’ਚ ਸ਼ਰਾਬ ਦੀ ਖਪਤ ਦੇਸ਼ ਦੀ ਔਸਤ ਤੋਂ ਡੇਢ ਗੁਣਾਂ ਵੱਧ ਹੈ ਅਤੇ ਇਸ ਦੇ ਮਾਰੂ ਅਤੇ ਖਤਰਨਾਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਸ਼ਰਾਬ ਕਾਰਨ ਸਾਡੀ ਬੌਧਿਕ ਜ਼ਮੀਨ ਬੰਜਰ ਹੋ ਰਹੀ ਹੈ। ਹੁਣ ਵੱਧ ਤੋਂ ਵੱਧ ਸ਼ਰਾਬ ਦੇ ਠੇਕੇ ਖੋਲ੍ਹਣ ਉਪਰੰਤ ਨਸ਼ਾ ਛੁਡਾਊ ਕੇਂਦਰਾਂ ਦਾ ਉਦਘਾਟਨ ਕਰਨਾ ਕਿਸੇ ਵੀ ਪੱਖ ਤੋਂ ਜਾਇਜ਼ ਨਹੀਂ ਹੈ। (Alcohol)