ਜ਼ਿੰਦਗੀ ‘ਚ ਪਸਰੇ ਹਨ੍ਹੇਰਿਆਂ ਨੂੰ ਆਪਣੀ ਮਿਹਨਤ ਨਾਲ ਦੂਰ ਭਜਾਉਣ ਵਾਲਾ ਸੂਰਜ

ਜ਼ਿੰਦਗੀ ‘ਚ ਪਸਰੇ ਹਨ੍ਹੇਰਿਆਂ ਨੂੰ ਆਪਣੀ ਮਿਹਨਤ ਨਾਲ ਦੂਰ ਭਜਾਉਣ ਵਾਲਾ ਸੂਰਜ

ਜਨਵਰੀ ਮਹੀਨੇ ਦੀ ਗੱਲ ਹੈ ਇੱਕ 11-12 ਸਾਲ ਦਾ ਲੜਕਾ ਸਾਡੇ ਦਫ਼ਤਰ ਵਿੱਚ ਅਖ਼ਬਾਰ ਦੇਣ ਲਈ ਆਉਣਾ ਸ਼ੁਰੂ ਹੋਇਆ। ਉਹ ਬਹੁਤ ਜ਼ਲਦੀ-ਜ਼ਲਦੀ ਆਉਂਦਾ ਅਤੇ ਅਖ਼ਬਾਰਾਂ ਗੇਟ ਅੱਗੇ ਸੁੱਟ ਕੇ ਕਾਹਲੀ-ਕਾਹਲੀ ਆਪਣੇ ਸਾਈਕਲ ਨੂੰ ਪੈਡਲ ਮਾਰਦਾ ਹੋਇਆ ਅਗਲੇ ਪੰਧ ਵੱਲ ਨੂੰ ਚਲਾ ਜਾਂਦਾ। ਕਈ ਵਾਰ ਤਾਂ ਉਹ ਦਫ਼ਤਰ ਖੋਲ੍ਹਣ ਤੋਂ ਪਹਿਲਾਂ ਹੀ ਅਖ਼ਬਾਰਾਂ ਸੁੱਟ ਕੇ ਚਲਾ ਜਾਂਦਾ। ਉਸਨੂੰ ਤੱਕਦਿਆਂ ਮੈਨੂੰ ਮਹਿਸੁਸ ਹੁੰਦਾ ਜਿਵੇਂ ਉਹ ਕੋਈ ਵੱਡੀ ਜ਼ਿੰਮੇਵਾਰੀ ਨਿਭਾ ਰਿਹਾ ਹੋਵੇ।

ਉਸਦੇ ਮਾਸੂਮ ਜਿਹੇ ਚਿਹਰੇ ਵੱਲ ਜਦੋਂ ਮੈਂ ਵੇਖਦਾ ਤਾਂ ਉਹ ਵੀ ਥੋੜ੍ਹਾ ਜਿਹਾ ਮੁਸਕਰਾ ਕੇ ਮੇਰੇ ਵੱਲ ਝਾਕਦਾ। ਉਸਦਾ ਅਣਭੋਲ ਜਿਹਾ ਚਿਹਰਾ ਵੇਖ ਕੇ ਮੈਂ ਸੋਚਾਂ ਵਿੱਚ ਪੈ ਜਾਂਦਾ ਕਿ ਆਖਿਰ ਅਜਿਹੀ ਕਿਹੜੀ ਮਜ਼ਬੂਰੀ ਹੈ ਜਿਸਨੇ ਬਾਲ ਵਰੇਸ ਵਿੱਚ ਹੀ ਇਸ ਮਾਸੂਮ ਨੂੰ ਜੀਵਨ ਵਿੱਚ ਐਨੀ ਤੇਜ਼ੀ ਨਾਲ ਅੱਗੇ ਵਧਣ ਅਤੇ ਜ਼ਿੰਮੇਵਾਰੀ ਵਾਲਾ ਅਹਿਸਾਸ ਕਰਵਾ ਦਿੱਤਾ ਹੈ!

ਇੱਕ ਦਿਨ ਜਦੋਂ ਐਤਵਾਰ ਨੂੰ ਅਖ਼ਬਾਰ ਦੇਣ ਲਈ ਉਹ ਕੁਝ ਲੇਟ ਆਇਆ ਤਾਂ ਮੈਂ ਉਸਨੂੰ ਆਪਣੇ ਕੋਲ ਬਿਠਾ ਲਿਆ ਤੇ ਉਸਦੇ ਪਰਿਵਾਰ ਬਾਰੇ ਪੁੱਛਿਆ। ਉਸਨੇ ਅੱਖਾਂ ਵਿੱਚੋਂ ਹੰਝੂ ਕੇਰਦਿਆਂ ਦੱਸਿਆ ਕਿ ਅੰਕਲ ਜੀ! ਮੇਰੇ ਪਿਤਾ ਜੀ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਹਨ। ਮੇਰੀ ਮੰਮੀ ਦੀ ਕਈ ਸਾਲ ਪਹਿਲਾਂ ਹੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਉਸ ਸਮੇਂ ਮੈਂ ਬਿਲਕੁਲ ਹੀ ਛੋਟਾ ਜਿਹਾ ਸੀ। ਮੈਨੂੰ ਮੇਰੀ ਮੰਮੀ ਦਾ ਚਿਹਰਾ ਵੀ ਯਾਦ ਨਹੀਂ ਹੈ। ਹੁਣ ਘਰ ਵਿੱਚ ਮੇਰੇ ਤੋਂ ਵੱਡੀਆਂ ਦੋ ਭੈਣਾਂ ਹਨ।

ਮੇਰੀਆਂ ਭੈਣਾਂ ਘਰ ਵਿੱਚ ਸਿਲਾਈ-ਕਢਾਈ ਦਾ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੀਆਂ ਹਨ। ਬਿਮਾਰ ਹੋਣ ਕਾਰਨ ਪਿਤਾ ਜੀ ਕੋਈ ਵੀ ਕੰਮ ਕਰਨ ਤੋਂ ਅਸਮਰੱਥ ਹਨ। ਹੁਣ ਘਰ ਦਾ ਸਾਰਾ ਖਰਚ ਮੇਰੀਆਂ ਭੈਣਾਂ ਆਪਣੀ ਮਿਹਨਤ ਨਾਲ ਚਲਾਉਂਦੀਆਂ ਹਨ ਅਤੇ ਆਪਣੇ ਬਿਮਾਰ ਪਿਤਾ ਦੀਆਂ ਦਵਾਈਆਂ ਦਾ ਖਰਚ ਅਤੇ ਆਪਣੇ ਸਕੂਲ ਦੀ ਫ਼ੀਸ ਮੈਂ ਅਖਬਾਰਾਂ ਵੰਡ ਕੇ ਇਕੱਠੀ ਕੀਤੀ ਆਮਦਨ ਵਿੱਚੋਂ ਭਰਦਾ ਹਾਂ।

ਆਪਣੀ ਦੁੱਖ ਭਰੀ ਕਹਾਣੀ ਸੁਣਾਉਂਦੇ-ਸੁਣਾਉਂਦੇ ਉਹ ਰੋਣ ਲੱਗ ਪਿਆ। ਮੈਂ ਭਾਵੇਂ ਉਸਨੂੰ ਚੁੱਪ ਕਰਵਾਉਣ ਲਈ ਆਪਣੇ ਕਲਾਵੇ ਵਿੱਚ ਲੈ ਲਿਆ ਪਰ ਉਸ ਮਾਸੂਮ ਅਤੇ ਅਣਭੋਲ ਜਿਹੇ ਸੂਰਜ ਦੀਆਂ ਗੱਲਾਂ ਸੁਣ ਕੇ ਮੇਰਾ ਵੀ ਗੱਚ ਭਰ ਆਇਆ। ਉਸਨੇ ਦੱਸਿਆ ਕਿ ਪਹਿਲਾਂ ਘਰ ਦਾ ਸਾਰਾ ਖਰਚ ਹੀ ਉਸਦੀਆਂ ਭੈਣਾਂ ਆਪਣੀ ਮਿਹਨਤ ਨਾਲ ਚਲਾਉਂਦੀਆਂ ਸਨ ਪਰ ਖਰਚ ਜ਼ਿਆਦਾ ਹੋਣ ਕਾਰਨ ਪੂਰੀ ਨਹੀਂ ਸੀ ਪੈ ਰਹੀ। ਮੈਂ ਖੁਦ ਹੀ ਆਪਣੇ ਲਈ ਇਹ ਕੰਮ ਲੱਭਿਆ ਹੈ। ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ ਅੰਕਲ, ਮੈਂ ਵੱਡਾ ਹੋ ਕੇ ਕੋਈ ਅਫ਼ਸਰ ਬਣਨਾ ਚਾਹੁੰਦਾ ਹਾਂ। ਜੇਕਰ ਮੈਂ ਕੋਈ ਹੋਰ ਕੰਮ ਕਰਦਾ ਤਾਂ ਮੈਨੂੰ ਆਪਣੀ ਪੜ੍ਹਾਈ ਵਿਚਕਾਰ ਹੀ ਛੱਡਣੀ ਪੈਣੀ ਸੀ ਪਰ ਹੁਣ ਮੈਂ ਰੋਜ਼ਾਨਾ ਕਰੀਬ 100 ਅਖ਼ਬਾਰਾਂ ਵੰਡ ਕੇ ਆਪਣੇ ਸਕੂਲ ਚਲਾ ਜਾਂਦਾ ਹਾਂ। ਜਿਸ ਨਾਲ ਮੇਰੀ ਪੜ੍ਹਾਈ ਵੀ ਚੱਲ ਰਹੀ ਹੈ ਅਤੇ ਹੁਣ ਮੇਰੀਆਂ ਭੈਣਾਂ ਦੇ ਸਿਰ ਤੋਂ ਘਰ ਦੇ ਖਰਚ ਦਾ ਬੋਝ ਵੀ ਘਟ ਗਿਆ ਹੈ।

ਉਸਦੀਆਂ ਗੱਲਾਂ ਮੈਨੂੰ ਉਸਦੀ ਉਮਰ ਤੋਂ ਕਿਤੇ ਵਡੇਰੀਆਂ ਲੱਗੀਆਂ। ਮੈਂ ਸੋਚ ਰਿਹਾ ਸੀ ਕਿ ਮਜ਼ਬੂਰੀਆਂ ਕਿਵੇਂ ਛੋਟੀ ਜਿਹੀ ਉਮਰ ਵਿੱਚ ਹੀ ਇਨਸਾਨ ਨੂੰ ਐਨਾ ਸਿਆਣਾ ਬਣਾ ਦਿੰਦੀਆਂ ਹਨ। ਉਸ ਦਿਨ ਉਹ ਆਪਣੀ ਪੂਰੀ ਕਹਾਣੀ ਸੁਣਾ ਕੇ ਚਲਾ ਗਿਆ ਪਰ ਮੈਂ ਜਦੋਂ ਵੀ ‘ਕੱਲਾ ਬੈਠਦਾ ਤਾਂ ਸੂਰਜ ਦੇ ਜੀਵਨ ਦੀ ਮੌਜੂਦਾ ਅਤੇ ਭਵਿੱਖ ਦੀ ਤਸਵੀਰ ਮੇਰੀਆਂ ਅੱਖਾਂ ਸਾਹਮਣੇ ਆਪਣੇ-ਆਪ ਹੀ ਘੁੰਮਣ ਲੱਗ ਜਾਂਦੀ। ਮੈਂ ਜਦੋਂ ਗਲੀ ਵਿੱਚ ਉਸਦੀ ਉਮਰ ਦੇ ਬੱਚਿਆਂ ਨੂੰ ਖੇਡਦੇ ਵੇਖਦਾ ਤਾਂ ਸੂਰਜ ਆਪਣੇ ਘਰ ਵਿੱਚ ਆਪਣੀਆਂ ਭੈਣਾਂ ਨਾਲ ਕਿਸੇ ਨਾ ਕਿਸੇ ਕੰਮ ਵਿੱਚ ਹੱਥ ਵਟਾਉਂਦਾ ਮੈਨੂੰ ਨਜ਼ਰ ਆਉਂਦਾ।

ਫਿਰ ਉਸਨੇ ਅਚਾਨਕ ਅਖ਼ਬਾਰਾਂ ਵੰਡਣ ਲਈ ਆਉਣਾ ਛੱਡ ਦਿੱਤਾ ਸੀ। ਉਸਦੀ ਥਾਂ ‘ਤੇ ਅਖ਼ਬਾਰ ਦੇਣ ਵਾਲੇ ਵਿਅਕਤੀ ਕੋਲੋਂ ਜਦੋਂ ਮੈਂ ਸੂਰਜ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਸੂਰਜ ਦੇ ਡੈਡੀ ਇਸ ਦੁਨੀਆ ਵਿੱਚ ਨਹੀਂ ਰਹੇ। ਕਈ ਦਿਨਾਂ ਬਾਅਦ ਜਦੋਂ ਉਸਨੇ ਦੁਬਾਰਾ ਫਿਰ ਅਖ਼ਬਾਰਾਂ ਵੰਡਣ ਦਾ ਕੰਮ ਸ਼ੁਰੂ ਕੀਤਾ ਤਾਂ ਮੈਂ ਉਸਦੇ ਡੈਡੀ ਬਾਰੇ ਉਸ ਨਾਲ ਅਫ਼ਸੋਸ ਕਰਦਿਆਂ ਆਖਿਆ, ”ਸੂਰਜ ਬਹੁਤ ਮਾੜਾ ਹੋਇਆ! ਹੁਣ ਤੇਰੀਆਂ ਜ਼ਿੰਮੇਵਾਰੀਆਂ ਬਹੁਤ ਵਧ ਗਈਆਂ ਨੇ, ਘਰ ਵਿੱਚ ਜਵਾਨ ਹੋਈਆਂ ਦੋ ਭੈਣਾਂ ਦੇ ਵਿਆਹ ਕਰਨ ਦੀ ਜ਼ਿੰਮੇਵਾਰੀ ਵੀ ਤਾਂ ਹੁਣ ਪੂਰੀ ਤਰ੍ਹਾਂ ਤੇਰੇ ਮੋਢਿਆਂ ‘ਤੇ ਆ ਪਈ ਹੈ।” ਉਹ ਬਹੁਤ ਹੌਂਸਲੇ ਨਾਲ ਬੋਲਿਆ, ”ਹਾਂ ਜੀ ਅੰਕਲ ਜੀ! ਮੈਂ ਜਾਣਦਾ ਹਾਂ ਮੇਰੀ ਜ਼ਿੰਮੇਵਾਰੀ ਵਧ ਗਈ ਹੈ। ਪਹਿਲਾਂ ਮੈਂ ਪੰਜ ਵਜੇ ਜਾਗਦਾ ਸੀ ਪਰ ਹੁਣ ਮੈਂ ਚਾਰ ਵਜੇ ਜਾਗਣਾ ਸ਼ੁਰੂ ਕਰ ਦਿੱਤਾ ਹੈ।

ਪਹਿਲਾਂ ਮੈਂ 100 ਅਖ਼ਬਾਰਾਂ ਵੰਡ ਕੇ ਆਪਣੇ ਸਕੂਲ ਜਾਂਦਾ ਸੀ ਪਰ ਹੁਣ ਮੈਂ 200 ਅਖ਼ਬਾਰਾਂ ਵੰਡ ਕੇ ਸਕੂਲ ਜਾਂਦਾ ਹਾਂ। ਏਜੰਸੀ ਵਾਲਿਆਂ ਨੇ ਮੈਨੂੰ ਹੁਣ ਦੁੱਗਣੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਹਨ।” ਉਹ ਇੰਝ ਬੋਲ ਰਿਹਾ ਸੀ ਜਿਵੇਂ ਮੁਸੀਬਤ ਨੂੰ ਵੰਗਾਰ ਰਿਹਾ ਹੋਵੇ। ਫਿਰ ਰੋਜ਼ਾਨਾ ਵਾਂਗ ਹੀ ਉਸਨੇ ਆਪਣੇ ਸਾਈਕਲ ਨੂੰ ਪੈਡਲ ਮਾਰਿਆ ਤੇ ਤੇਜ਼ੀ ਨਾਲ ਅੱਗੇ ਵੱਲ ਨੂੰ ਵਧ ਗਿਆ। ਸੂਰਜ ਦੀਆਂ ਗੱਲਾਂ ਸੁਣ ਕੇ ਮੈਨੂੰ ਇਸ ਗੱਲ ਦਾ ਸਹਿਜੇ ਹੀ ਅਹਿਸਾਸ ਹੋ ਗਿਆ ਕਿ ਸੰਕਟ ਰੂਪੀ ਬੱਦਲ ਸੂਰਜ ਦੀ ਰੌਸ਼ਨੀ ਨੂੰ ਬਹੁਤਾ ਸਮਾਂ ਨਹੀਂ ਰੋਕ ਸਕਦੇ।
ਐਲਨਾਬਾਦ,
ਸਰਸਾ (ਹਰਿਆਣਾ)
ਮੋ. 94670-95953
ਜਗਤਾਰ ਸਮਾਲਸਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.