ਇਸ਼ਾਨ ਤਾਇਲ ਨੇ 5 ਮਿੰਟ 16 ਸੈਕੰਡ ’ਚ 70 ਸਵਾਲ ਹੱਲ ਕਰ ਬਣਾਇਆ ਨਵਾਂ ਇੰਟਰਨੈਸ਼ਨਲ ਰਿਕਾਰਡ
(ਅਮਿਤ ਗਰਗ) ਰਾਮਪੁਰਾ ਫੂਲ। ਚੈਪੀਅਨਜ਼ ਵਰਲਡ ਵੱਲੋਂ ਕਰਵਾਏ ਗਏ ਅੰਤਰਾਸ਼ਟਰੀ ਅਬੈਕਸ ਮੁਕਾਬਲੇ ’ਚ ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੇ ਜਿੱਤ ਦੇ ਝੰਡੇ ਗੱਡਦੇ ਹੋਏ 5 ਇਨਾਮ ਹਾਸਿਲ ਕੀਤੇ ਹਨ। ਵਿਦਿਆਰਥੀ ਇਸ਼ਾਨ ਤਾਇਲ ਵੱਲੋਂ ਇਸ ਮੁਕਾਬਲੇ ਵਿੱਚ ਸਭ ਤੋਂ ਤੇਜ਼ ਗਤੀ ਨਾਲ ਸਵਾਲ ਹੱਲ ਕਰਨ ਦਾ ਨਵਾਂ ਇੰਟਰਨੈਸ਼ਨਲ ਰਿਕਾਰਡ ਬਣਾਇਆ ਗਿਆ। ਸ਼ਹਿਰ ਦੀਆਂ ਵਿਦਿਆਰਥਣਾ ਵਿਧੀ ਅਤੇ ਅਪੈਕਸ਼ਾ ਨੇ ਪਹਿਲਾਂ ਨੈਸ਼ਨਲ ਅਤੇ ਹੁਣ ਇੰਟਰਨੈਸ਼ਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਚੈਂਪੀਅਨ ਆਫ ਚੈਂਪੀਅਨ ਦਾ ਖਿਤਾਬ ਹਾਸਿਲ ਕੀਤਾ ਹੈ। (International Abacus Competition )
29 ਦੇਸ਼ਾਂ ਦੇ 23 ਹਜ਼ਾਰ ਤੋਂ ਵੱਧ ਵਿਦਿਆਰਥੀ ਸ਼ਾਮਿਲ ਹੋਏ
ਇਸ ਮੌਕੇ ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਨੇ ਜੇਤੂਆਂ ਨੂੰ ਇਨਾਮ ਵੰਡੇ। ਵਰਨਣਯੋਗ ਹੈ ਕਿ ਪਹਿਲਾਂ ਅਕਤੂਬਰ ਮਹੀਨੇ ’ਚ ਹੋਏ ਨੈਸ਼ਨਲ ਅਬੈਕਸ ਮੁਕਾਬਲੇ ਵਿੱਚ ਰਾਮਪੁਰਾ ਫੂਲ ਦੇ 4 ਵਿਦਿਆਰਥੀਆਂ ਨੇ ਪਹਿਲੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ ਸਨ। ਚੈਪੀਅਨਜ਼ ਵਰਲਡ ਦੇ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਅੰਤਰਾਸ਼ਟਰੀ ਅਬੈਕਸ ਮੁਕਾਬਲੇ ਵਿੱਚ ਪੂਰੇ ਭਾਰਤ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਂਡ, ਫਿਨਲੈਂਡ, ਸਕਾਟਲੈਂਡ, ਜਰਮਨੀ, ਆਸਟਰੇਲੀਆ, ਨਿਊਜੀਲੈਂਡ, ਡੁਬਈ, ਇਰਾਕ, ਸਵਿਜਰਲੈਂਡ, ਬੈਲਜਿਮ, ਡੈਨਮਾਰਕ, ਫਰਾਂਸ, ਇਜਰਾਇਲ, ਆਇਸਲੈਂਡ ਆਦਿ ਕੁਲ 29 ਦੇਸ਼ਾਂ ਦੇ 23 ਹਜ਼ਾਰ ਤੋਂ ਵੱਧ ਵਿਦਿਆਰਥੀ ਸ਼ਾਮਿਲ ਹੋਏ ਸਨ।
ਸ਼ਾਰਪ ਬ੍ਰੇਨਸ ਏਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਪ੍ਰਤੀਯੋਗਿਤਾ ਵਿੱਚ ਰਾਮਪੁਰਾ ਫੂਲ ਦੇ ਨਤੀਜਿਆਂ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਸੇਂਟ ਜੇਵੀਅਰ ਸਕੂਲ ਦੇ ਵਿਦਿਆਰਥੀ ਇਸ਼ਾਨ ਤਾਇਲ ਸਪੁੱਤਰ ਸੰਦੀਪ ਤਾਇਲ ਨੇ ਪਹਿਲੀ ਟਰਮ ਦੀ (ਸੀ) ਕੈਟਾਗਿਰੀ ਵਿੱਚ 5 ਮਿੰਟ 16 ਸੈਕੰਡ ’ਚ 70 ਸਵਾਲ ਕਰਕੇ ਸਭ ਤੋਂ ਤੇਜ ਗਤੀ ਨਾਲ ਪੇਪਰ ਹੱਲ ਕਰਨ ਦਾ ਨਵਾਂ ਇੰਟਰਨੈਸ਼ਨਲ ਰਿਕਾਰਡ ਬਣਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਕੈਟਾਗਿਰੀ ਵਿੱਚ ਮਾਊਂਟ ਲਿਟਰਾ ਸਕੂਲ ਦੇ ਵਿਦਆਰਥੀ ਚੰਦਨ ਗਰਗ ਸਪੁੱਤਰ ਟਿੰਕੂ ਗਰਗ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। (International Abacus Competition )
ਇਹ ਵੀ ਪਡ਼੍ਹੋ : ਜਾਣੋ ਭਾਰਤ ਦਾ ਦੂਜੇ ਇੱਕਰੋਜ਼ਾ ’ਚ ਹਾਰ ਦਾ ਇਹ ਵੱਡਾ ਕਾਰਨ, ਜਾਣ ਕੇ ਹੋ ਜਾਵੋਂਗੇ ਹੈਰਾਨ!
ਗਲੋਬਲ ਡਿਸਕਵਰੀ ਸਕੂਲ ਦੀ ਵਿਦਿਆਰਥਣ ਅਨਨਿਆ ਸਪੁੱਤਰੀ ਰਿਤੇਸ਼ ਸਿੰਗਲਾ ਨੇ ਦੂਸਰੀ ਟਰਮ ਦੀ (ਸੀ) ਕੈਟਾਗਿਰੀ ਵਿੱਚ ਦੂਸਰੀ ਪੁਜੀਸ਼ਨ ਅਤੇ ਸੇਂਟ ਜੇਵੀਅਰ ਸਕੂਲ ਦੀ ਵਿਦਿਆਰਥਣ ਵਿਧੀ ਗਰਗ ਸਪੁੱਤਰੀ ਮਨਿੰਦਰ ਗਰਗ ਹਨੀ ਨੇ ਚੋਥੀ ਟਰਮ ਦੀ (ਸੀ) ਕੈਟਾਗਿਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਸਕੂਲ ਦੀ ਵਿਦਿਆਰਥਣ ਅਪੈਕਸਾ ਸਪੁੱਤਰੀ ਰੰਜੀਵ ਗੋਇਲ ਨੇ ਅੱਠਵੀਂ ਟਰਮ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਵਿਧੀ ਅਤੇ ਅਪੈਕਸ਼ਾ ਵੱਲੋਂ ਪਹਿਲਾਂ ਨੈਸ਼ਨਲ ਅਤੇ ਹੁਣ ਇੰਟਰਨੈਸ਼ਨ ਮੁਕਾਬਲੇ ਵਿੱਚ ਪਹਿਲਾ ਸਥਾਨ ਜਿੱਤਣ ਤੇ ਚੈਂਪਿਅਨ ਆਫ ਚੈਂਪਿਅਨ ਦੀ ਟਰਾਫੀ ਦਿੱਤੀ ਗਈ ਹੈ ।
ਇਸ ਮੌਕੇ ਵਿਦਿਆਰਥੀਆਂ ਨੂੰ ਕੈਲਕੁਲੇਟਰ ਵਾਂਗ ਚੁਟਕੀਆਂ ਵਿੱਚ ਸਵਾਲ ਹੱਲ ਕਰਦਿਆਂ ਦੇਖ ਉਨ੍ਹਾਂ ਦੀ ਭਰਪੂਰ ਪ੍ਰਸੰਸਾ ਵੀ ਕੀਤੀ । ਡਾਇਰੈਕਟਰ ਉਮਾ ਸ਼ੰਕਰ ਗੁਪਤਾ ਕਿਹਾ ਕਿ ਇਸ ਤਰ੍ਹਾਂ ਦੀ ਅਬੈਕਸ ਸਿੱਖਆ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਜਿੱਤ ਹਾਸਿਲ ਕਰਨ ਵਿੱਚ ਬਹੁਤ ਮੱਦਦਗਾਰ ਰਹੇਗੀ। ਉਨ੍ਹਾਂ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਮਾਪਿਆਂ ਅਤੇ ਪ੍ਰਬੰਧਕਾਂ ਨੂੰ ਵਧਾਈ ਵੀ ਦਿੱਤੀ।