ਕੈਬਨਿਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਮੌਕੇ ’ਤੇ ਮੰਨੀ ਗਈ ਕਈ ਮੰਗਾਂ, ਰਹਿੰਗੀ ਮੰਗਾਂ ਲਈ ਮੁੱਖ ਮੰਤਰੀ ਨਾਲ ਹੋਵੇਗੀ ਮੀਟਿੰਗ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਭਰ ਵਿੱਚ ਰੋਡਵੇਜ਼ ਕਰਮਚਾਰੀਆਂ ਵੱਲੋਂ ਕੀਤੇ ਗਏ ਬੱਸਾਂ ਦੇ ਚੱਕਾ ਜਾਮ ਹੜਤਾਲ ਨੂੰ ਖ਼ਤਮ ਕਰਨ ਸਬੰਧੀ ਲੰਬੀ ਮੀਟਿੰਗ ਤੋਂ ਬਾਅਦ ਸਹਿਮਤੀ ਬਣ ਗਈ ਹੈ। ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਦੀ ਕਈ ਮੰਗਾਂ ਨੂੰ ਮੀਟਿੰਗ ਦੌਰਾਨ ਹੀ ਕੈਬਨਿਟ ਮੰਤਰੀ ਲਾਲ ਜੀਤ ਭੁੱਲਰ ਵੱਲੋਂ ਮਨਜ਼ੂਰ ਕਰ ਲਿਆ ਗਿਆ ਤਾਂ ਬਾਕੀ ਰਹਿੰਦੀ ਮੰਗਾਂ ਲਈ ਜਲਦ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਦਿੱਤਾ ਗਿਆ ਹੈ। (Strike Punjab Roadways)
ਬੁੱਧਵਾਰ ਨੂੰ ਹੀ ਪੰਜਾਬ ਰੋਡਵੇਜ਼ ਦੇ ਆਉਟਸੋਰਸ ਅਤੇ ਕੰਟਰੈਕਚਿਊਲ ਮੁਲਾਜ਼ਮਾਂ ਵੱਲੋਂ ਸੂਬੇ ਭਰ ਵਿੱਚ ਬੱਸਾਂ ਦਾ ਚੱਕਾ ਜਾਮ ਕਰਦੇ ਹੋਏ ਹੜਤਾਲ ਦਾ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸੂਬੇ ਭਰ ਵਿੱਚ ਸਵਾਰੀਆਂ ਨੂੰ ਕਾਫ਼ੀ ਜਿਆਦਾ ਪਰੇਸ਼ਾਨੀ ਵਿੱਚੋਂ ਗੁਜ਼ਰਨਾ ਪੈ ਰਿਹਾ ਸੀ ਤਾਂ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਚੰਡੀਗੜ ਵਿਖੇ ਇਨਾਂ ਹੜਤਾਲੀ ਕਰਮਚਾਰੀਆਂ ਨਾਲ ਤੁਰੰਤ ਮੀਟਿੰਗ ਕਰਦੇ ਹੋਏ ਹੜਤਾਲ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਗਈ।
ਇਹ ਵੀ ਪੜ੍ਹੋ : ਕੈਨੇਡਾ-ਭਾਰਤ ਤਣਾਅ ਦਰਮਿਆਨ NIA ਨੇ ਗੋਲਡੀ ਬਰਾੜ ਸਮੇਤ 11 ਗੈਂਗਸਟਰ-ਅੱਤਵਾਦੀਆਂ ਦੀ ਸੂਚੀ ਕੀਤੀ ਜਾਰੀ
ਅੱਜ ਇਥੇ ਪੰਜਾਬ ਭਵਨ ਵਿਖੇ ਹੜਤਾਲ ਕਰਨ ਵਾਲੇ ਆਉਟਸੋਰਸ ਅਤੇ ਕੰਟਰੈਕਚਿਊਲ ਮੁਲਾਜ਼ਮਾਂ ਦੀ ਜਥੇਬੰਦੀ ਦੇ ਆਗੂ ਵੱਲੋਂ ਪੰਜਾਬ ਰਾਜ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਟਰਾਂਸਪੋਰਟ ਸਕੱਤਰ ਦਿਲਰਾਜ ਸਿੰਘ ਸੰਧਾਵਾਲੀਆ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਅਮਨਦੀਪ ਕੌਰ ਨੇ ਮੀਟਿੰਗ ਕਰਦੇ ਹੋਏ ਕਰਮਚਾਰੀਆਂ ਦੀ ਸਾਰੀ ਮੁਸ਼ਕਿਲਾਂ ਨੂੰ ਸੁਣਿਆ।
ਇੱਥੇ ਹੀ ਕਰਮਚਾਰੀਆਂ ਵੱਲੋਂ ਅਗਲੀ ਤਨਖ਼ਾਹ 5 ਫ਼ੀਸਦ ਵਾਧੇ ਨਾਲ ਦੇਣ, ਬਲੈਕ ਲਿਸਟ ਕੀਤੇ ਗਏ ਮੁਲਾਜ਼ਮਾਂ ਨੂੰ ਨਿਯਮਾਂ ਅਨੁਸਾਰ ਬਹਾਲ ਕਰਨ, (Strike Punjab Roadways) ਜਿਨਾਂ ਬੱਸਾਂ ਵਿਚ ਬੈਟਰੀਆਂ ਜਾ ਟਾਇਰ ਪੈਣ ਵਾਲੇ ਹਨ ਉਨਾਂ ਨੂੰ ਤੁਰੰਤ ਬਦਲਣ ਦੀ ਮੰਗ ਨੂੰ ਮੌਕੇ ’ਤੇ ਮੰਨ ਲਿਆ ਗਿਆ ਹੈ। ਇਨਾਂ ਮੰਗਾਂ ਨੂੰ ਜਲਦ ਹੀ ਲਾਗੂ ਕਰਨ ਲਈ ਟਰਾਂਸਪੋਰਟ ਮੰਤਰੀ ਵਲੋਂ ਅਧਿਕਾਰੀਆ ਨੂੰ ਮੌਕੇ ’ਤੇ ਹੀ ਆਦੇਸ਼ ਜਾਰੀ ਕਰ ਦਿੱਤੇ ਗਏ। ਇਥੇ ਹੀ ਇਨਾਂ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਕੋਈ ਫੈਸਲਾ ਨਹੀਂ ਹੋ ਪਾਇਆ ਅਤੇ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨਾਲ ਅਗਲੇ ਹਫ਼ਤੇ ਮੀਟਿੰਗ ਤੈਅ ਕੀਤੀ ਗਈ ਹੈ। ਜਿਥੇ ਕਿ ਇਸ ਮਸਲੇ ਦਾ ਹਲ਼ ਕੱਢਿਆ ਜਾਏਗਾ।