ਨਿਫਟੀ 9875 ਦੇ ਉੱਪਰ ਪਹੁੰਚਣ ‘ਚ ਕਾਮਯਾਬ
ਨਵੀਂ ਦਿੱਲੀ: ਗਲੋਬਲ ਮਾਰਕਿਟ ਅਤੇ ਘਰੇਲੂ ਇਕੋਨਾਮੀ ਤੋਂ ਮਿਲੇ ਪਾਜ਼ੇਟਿਵ ਸੰਕੇਤਾਂ ਤੋਂ ਬਾਅਦ ਘਰੇਲੂ ਬਾਜ਼ਾਰਾਂ ਨੇ ਅੱਜ ਫਿਰ ਨਵਾਂ ਰਿਕਾਰਡ ਬਣਾਇਆ ਹੈ। ਸੈਂਸੈਕਸ ਨੇ ਰਿਕਾਰਡ ਬਣਾਉਂਦੇ ਹੋਏ ਪਹਿਲੀ ਵਾਰ 32000 ਦਾ ਪੱਧਰ ਪਾਰ ਕੀਤਾ ਹੈ ਜਦਕਿ ਨਿਫਟੀ 9875 ਦੇ ਉੱਪਰ ਪਹੁੰਚਣ ‘ਚ ਕਾਮਯਾਬ ਹੋਇਆ ਹੈ। ਸੈਂਸੈਕਸ ਅਤੇ ਨਿਫਟੀ ‘ਚ 0.5 ਫੀਸਦੀ ਤੋਂ ਜ਼ਿਆਦਾ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਫਿਲਹਾਲ ਸੈਂਸੈਕਸ 212 ਅੰਕ ਯਾਨੀ 0.7 ਫੀਸਦੀ ਤੱਕ ਦੀ ਤੇਜ਼ੀ ਦੇ ਨਾਲ 32,017 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ 60 ਅੰਕ ਯਾਨੀ 0.6 ਫੀਸਦੀ ਵੱਧ ਕੇ 9,876.5 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਟ੍ਰੇਡਿੰਗ ਦੌਰਾਨ ਚੌਤਰਫ਼ਾ ਖ਼ਰੀਦਦਾਰੀ ਨਾਲ ਸੈਂਸੈਕਸ ਨੇ ਨਵਾਂ ਰਿਕਾਰਡ ਬਣਾਇਆ ਹੈ। ਕੇਵਲ 9 ਸੈਸ਼ਨਜ਼ ਦੌਰਾਨ ਸੈਂਸੈਕਸ 31000 ਦੇ ਪੱਧਰ ਤੋਂ 32000 ਤੋਂ ਉਪਰ ਦੇ ਪੱਧਰ ‘ਤੇ ਪਹੁੰਚ ਗਿਆ।
ਮਿਡਕੈਪ ਅਤੇ ਸ਼ੇਅਰਾਂ ‘ਚ ਵੀ ਖਰੀਦਾਰੀ ਆਈ ਹੈ। ਬੀ. ਐਸ. ਈ. ਦਾ ਮਿਡਕੈਪ ਇੰਡੈਕਸ 0.5 ਫੀਸਦੀ ਤੱਕ ਵਧਿਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ ‘ਚ 0.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ. ਐਸ. ਈ. ਦਾ ਸਮਾਲਕੈਪ ਇੰਡੈਕਸ ਵੀ 0.5 ਫੀਸਦੀ ਤੱਕ ਮਜ਼ਬੂਤ ਹੋਇਆ ਹੈ। ਸਾਰੇ ਸੈਕਟਰ ਹਰੇ ਨਿਸ਼ਾਨ ‘ਤੇ ਨਜ਼ਰ ਆ ਰਹੇ ਹਨ। ਬੈਂਕ ਨਿਫਟੀ 0.6 ਫੀਸਦੀ ਦੀ ਤੇਜ਼ੀ ਦੇ ਨਾਲ 23,839 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਐਫ.ਐਮ.ਸੀ.ਜੀ., ਆਈ.ਟੀ., ਆਈ.ਟੀ., ਮੈਟਲ, ਫਾਰਮਾ, ਕੈਪੀਟਲ ਗੁਡਸ ਅਤੇ ਪਾਵਰ ਸ਼ੇਅਰਾਂ ‘ਚ ਚੰਗੀ ਖਰੀਦਾਰੀ ਦਾ ਮਾਹੌਲ ਹੈ। ਜੂਨ ਵਿਚ ਖ਼ੁਦਰਾ ਮਹਿੰਗਾਈ ਦਰ ਘਟ ਕੇ ਘੱਟ ਤੋਂ ਘੱਟ ਸਾਢੇ ਚਾਰ ਸਾਲ ਦੇ ਹੇਠਲੇ ਪੱਧਰ 1.54 ਫੀ਼ਸਦੀ ‘ਤੇ ਆ ਗਈ। ਇਹ ਨਵੇਂ ਆਧਾਰ ਸਾਲ 2012 ਦੇ ਹਿਸਾਬ ਨਾਲ ਖ਼ੁਦਰਾ ਮਹਿੰਗਾਈ ਦਾ ਸਭ ਤੋਂ ਹੇਠਲਾ ਪੱਧਰ ਹੈ।
ਗਿਰਾਵਟ ਨਾਲ ਆਰਬੀਆਈ ‘ਤੇ ਵਿਆਜ਼ ਦਰਾਂ ਵਿਚ ਕਟੌਤੀ ਦਾ ਦਬਾਅ ਵਧਿਆ
ਰਿਟੇਲ ਮਹਿੰਗਾਈ ਵਿਚ ਗਿਰਾਵਟ ਨਾਲ ਆਰਬੀਆਈ ‘ਤੇ ਵਿਆਜ਼ ਦਰਾਂ ਵਿਚ ਕਟੌਤੀ ਦਾ ਦਬਾਅ ਵਧ ਗਿਆ ਹੈ। ਫੈਡ ਚੇਅਰਪਰਸਨ ਜੈਨਨ ਯੇਲੇਨ ਨੇ ਦਰਾਂ ਵਿਚ ਹੌਲੀ ਹੌਲੀ ਵਾਧੇ ਦੇ ਸੰਕੇਤ ਦਿੱਤੇ ਹਨ। ਜੇਨਟ ਯੇਲੇਨ ਦੇ ਮੁਤਾਬਕ ਯੂਐੱਸ ਫੈਡ ਦਰਾਂ ਵਿਚ ਹੌਲੀ ਹੌਲੀ ਵਾਧਾ ਕਰੇਗਾ ਅਤੇ ਮਾਨਿਟਰੀ ਪਾਲਿਸੀ ਹੋਰ ਸਖ਼ਤ ਕਰਨ ਦੀ ਜਲਦੀ ਨਹੀਂ ਹੈ। ਇਸ ਖ਼ਬਰ ਨਾਲ ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਤੇਜ਼ੀ ਦੇ ਨਾਲ ਬੰਦ ਹੋਏ। ਅਮਰੀਕੀ ਬਾਜ਼ਾਰਾਂ ਵਿਚ ਮਿਲੇ ਪਾਜੇਟਿਵ ਸੰਕੇਤਾਂ ਨਾਲ ਵੀਰਵਾਰ ਨੂੰ ਏਸ਼ੀਆਈ ਬਾਜ਼ਾਰਾਂ ਵਿਚ ਤੇਜ਼ੀ ਆਈ, ਜਿਸ ਦਾ ਅਸਰ ਭਾਰਤੀ ਸਟਾਕ ਮਾਰਕਿਟ ‘ਤੇ ਦੇਖਣ ਨੂੰ ਮਿਲਿਆ।
ਬਾਜ਼ਾਰ ‘ਚ ਕਾਰੋਬਾਰ ਦੇ ਇਸ ਦੌਰਾਨ ਮਸ਼ਹੂਰ ਸ਼ੇਅਰਾਂ ‘ਚ ਐਲਐਂਡਟੀ,ਆਈ.ਸੀ.ਆਈ.ਸੀ.ਆਈ. ਬੈਂਕ, ਆਈ.ਟੀ.ਸੀ., ਐਕਸਿਸ ਬੈਂਕ, ਇੰਡੀਆਬੁਲਸ ਹਾਊਸਿੰਗ ਅਤੇ ਐਨ.ਟੀ.ਪੀ.ਸੀ.1.6-1.1 ਫੀਸਦੀ ਤੱਕ ਵਧੇ ਹਨ। ਹਾਲਾਂਕਿ ਦਿੱਗਜ਼ ਸ਼ੇਅਰਾਂ ‘ਚ ਭਾਰਤੀ ਇੰਰਫਾ, ਆਈ.ਓ.ਸੀ., ਇੰਡੈਕਸ ਬੈਂਕ, ਓ.ਐਨ.ਜੀ.ਸੀ. ਅਤੇ ਮਹਿੰਦਰਾ ਐਂਡ ਮਹਿੰਦਰਾ 1.4-0.4 ਫੀਸਦੀ ਤੱਕ ਡਿੱਗੇ ਹਨ।
ਵੀਰਵਾਰ ਨੂੰ ਕਾਰੋਬਾਰ ਦੌਰਾਨ ਬੀਐੱਸਈ ਦਾ ਮਾਰਕਿਟ ਕੈਪ ਰਿਕਾਰਡ ਹਾਈ ਪੱਧਰ ‘ਤੇ ਪਹੁੰਚ ਗਿਆ। ਕਾਰੋਬਾਰ ਦੌਰਾਨ ਬੀਐੱਸਈ ‘ਤੇ ਲਿਸਟਡ ਸਾਰੀਆਂ ਕੰਪਨੀਆਂ ਦਾ ਕੁੱਲ ਮਾਰਕਿਟ ਕੈਪ 131 ਲੱਖ ਕਰੋੜ ਦੇ ਪਾਰ ਪਹੁੰਚ ਗਿਆ। ਦਿਨ ਦੇ 11 ਵਜੇ ਤੱਕ ਬੀਐੱਸਈ ‘ਤੇ ਲਿਸਟਡ 131.06 ਲੱਖ ਕਰੋੜ ਰੁਪਏ ਦੇ ਪੱਧਰ ‘ਤੇ ਸੀ। ਰੁਪਏ ਦੀ ਸ਼ੁਰੂਆਤ ਵੀ ਮਜ਼ਬੂਤੀ ਦੇ ਲਾਂਲ ਹੋਈ। ਡਾਲਰ ਦੇ ਮੁਕਾਬਲੇ ਰੁਪਈਆ 16 ਪੈਸੇ ਮਜ਼ਬੂਤ ਹੋ ਕੇ 64.38 ਦੇ ਪੱਧਰ ‘ਤੇ ਖੁੱਲ੍ਹਿਆ।