ਪਰਿਵਾਰ ਨੇ ਮੰਨਿਆ ਕਿ ਮੋਰਚਰੀ ਵਿਖੇ ਪਿਆ ਲੜਕਾ ਉਨ੍ਹਾਂ ਦਾ ਹੀ ਹੈ
ਅਜਯ ਕਮਲ, ਰਾਜਪੁਰਾ
ਪਿੰਡ ਖੇੜੀ ਗੰਡਿਆ ਤੋਂ ਲਾਪਤਾ ਬੱਚਿਆਂ ਦੇ ਮਾਮਲੇ ਵਿੱੱਚ ਅੱਜ ਜਦੋਂ ਪੁਲਿਸ ਬੱਚਿਆਂ ਦੇ ਮਾਪਿਆਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਨ ਲਈ ਲੈ ਗਏ ਤਾਂ ਬੱਚਿਆਂ ਦੇ ਮਾਪਿਆਂ ਨੇ ਮੰਨ ਲਿਆ ਕਿ ਜਿਸ ਬੱਚੇ ਦੀ ਕੁਝ ਦਿਨ ਪਹਿਲਾਂ ਨਹਿਰ ਵਿੱਚੋਂ ਲਾਸ਼ ਮਿਲੀ ਸੀ, ਉਹ ਉਨ੍ਹਾਂ ਦਾ ਛੋਟਾ ਬੇਟਾ ਹਸਨਦੀਪ ਹੀ ਹੈ ਪਰ ਪੁਲਿਸ ਵੱੱਲੋਂ ਉਕਤ ਦੋਵਾਂ ਦਾ ਡੀ ਐਨ ਏ ਟੈਸਟ ਅਜੇ ਵੀ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਸਰਾਲਾ ਹੈੱਡ ਤੋਂ ਇੱਕ ਬੱਚੇ ਦੀ ਲਾਸ਼ ਬਰਾਮਦ ਹੋਈ ਸੀ ਪਰ ਪਰਿਵਾਰ ਵਾਲਿਆਂ ਨੇ ਉਸ ਸਮੇਂ ਪੁਲਿਸ ਨੂੰ ਇਹ ਕਿਹਾ ਸੀ ਕਿ ਉਹ ਬੱਚਾ ਉਨ੍ਹਾਂ ਦਾ ਨਹੀਂ ਹੈ, ਜਿਸ ‘ਤੇ ਪੁਲਿਸ ਨੇ ਉਕਤ ਬੱਚੇ ਦੀ ਲਾਸ਼ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਸੀ। ਬੀਤੇ ਦਿਨੀਂ ਭਾਖੜਾ ਦੀ ਨਰਵਾਣਾ ਬ੍ਰਾਂਚ ਵਿੱਚੋਂ ਇੱਕ ਹੋਰ ਬੱਚੇ ਦੀ ਲਾਸ਼ ਬਰਾਮਦ ਹੋਈ ਸੀ ਪਰ ਪਰਿਵਾਰ ਵਾਲਿਆਂ ਨੇ ਪਹਿਲਾਂ ਕਿਹਾ ਕਿ ਇਹ ਬੱਚਾ ਉਨ੍ਹਾਂ ਦਾ ਨਹੀਂ ਹੈ ਪਰ ਬਾਅਦ ‘ਚ ਮੰਨ ਲਿਆ ਕਿ ਇਹ ਉਹਨਾਂ ਦਾ ਹੀ ਵੱਡਾ ਬੇਟਾ ਹੈ, ਜਿਸ ਉਪਰੰਤ ਉਸਦਾ ਬੀਤੇ ਕੱਲ੍ਹ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ ਅੱਜ ਮਾਪਿਆਂ ਵੱਲੋਂ ਛੋਟੇ ਲੜਕੇ ਦੀ ਪੁਸ਼ਟੀ ਕਰਨ ਦੇ ਬਾਅਦ ਵੀ ਪੁਲਿਸ ਨੇ ਕਿਹਾ ਕਿ ਉਕਤ ਦੋਵਾਂ ਦਾ ਡੀ ਐਨ ਏ ਟੈਸਟ ਜਰੂਰ ਕਰਵਾਇਆ ਜਾਵੇਗਾ। ਇਸ ਮੌਕੇ ਡੀ ਐਸ ਪੀ ਘਨੌਰ ਨੇ ਕਿਹਾ ਕਿ ਬੱਚਿਆਂ ਦੀਆਂ ਲਾਸ਼ਾਂ ਬ੍ਰਾਮਦ ਹੋਣ ਤੋਂ ਬਾਅਦ ਹੁਣ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।
ਮੌਕੇ ‘ਤੇ ਜਦੋਂ ਪਰਿਵਾਰ ਵਾਲਿਆਂ ਤੋਂ ਪੁੱਛਿਆ ਗਿਆ ਕਿ ਪਹਿਲਾਂ ਉਹਨਾਂ ਨੇ ਉਸ ਬੱਚੇ ਦੀ ਪਛਾਣ ਕਿਉਂ ਨਹੀਂ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੱਲ੍ਹ ਵੱਡੇ ਲੜਕੇ ਦੀ ਲਾਸ਼ ਨਹਿਰ ਵਿੱਚੋਂ ਬ੍ਰਾਮਦ ਹੋਣ ਤੋਂ ਬਾਅਦ ਉਸ ਦੇ ਗਲ ਵਿੱਚ ਕਾਲੇ ਧਾਗੇ ਤੋਂ ਪਛਾਣ ਹੋ ਗਈ ਸੀ ਪਰ ਉਨ੍ਹਾਂ ਦੇ ਛੋਟੇ ਲੜਕੇ ਦੇ ਕੋਈ ਵੀ ਅਜਿਹੀ ਨਿਸ਼ਾਨੀ ਨਹੀਂ ਸੀ ਜਿਸ ਨਾਲ ਉਹ ਉਸ ਦੀ ਪਛਾਣ ਕਰ ਸਕਦੇ ਕਿਉਂਕਿ ਪਾਣੀ ਕਾਰਨ ਉਸ ਦਾ ਸਰੀਰ ਛੋਟੇ ਬੱਚੇ ਦਾ ਨਹੀਂ ਲੱਗ ਰਿਹਾ ਸੀ ਪਰ ਜਦੋਂ ਕੱਲ੍ਹ ਉਨ੍ਹਾਂ ਦੇ ਵੱਡੇ ਲੜਕੇ ਦੀ ਲਾਸ਼ ਨਹਿਰ ਵਿੱਚੋਂ ਬ੍ਰਾਮਦ ਹੋਈ ਹੈ ਤਾਂ ਪਹਿਲਾਂ ਵਾਲਾ ਬੱਚਾ ਸਾਡਾ ਹੀ ਹੈ ਕਿਉਂਕਿ ਅਜੇ ਤੱਕ ਉਸ ਦਾ ਕੋਈ ਵਾਲੀ ਵਾਰਸ ਨਹੀਂ ਆਇਆ ਸੀ।