ਨਸ਼ੇ ਦੇ ਮੁੱਦੇ ‘ਤੇ ਸੱਤਾ ਧਿਰ ਨੂੰ ਨਹੀਂ ਘੇਰ ਸਕੀ ਅਕਾਲੀ-ਭਾਜਪਾ ਸਣੇ ਆਮ ਆਦਮੀ ਪਾਰਟੀ
- ਪਿਛਲੇ ਦਿਨੀਂ ਜ਼ਿਲ੍ਹੇ ਸੰਗਰੂਰ ‘ਚ ਪਾੜ ਪੈਣ ਤੇ ਬਠਿੰਡਾ ‘ਚ ਬਰਸਾਤ ਕਾਰਨ ਹੋਈ ਸੀ ਹੜ੍ਹ ਵਰਗੀ ਸਥਿਤੀ ਪੈਦਾ
- ਅਮਨ ਤੇ ਕਾਨੂੰਨ ਦੀ ਵਿਵਸਥਾ ‘ਤੇ ਵੀ ਨਹੀਂ ਹੋਈ ਚਰਚਾ, ਵਿਰੋਧੀ ਧਿਰ ਨਹੀਂ ਨਿਭਾ ਸਕੀ ਚੰਗੀ ਭੂਮਿਕਾ
ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਵਿਧਾਨ ਸਭਾ ਦੇ ਤਿੰਨ ਦਿਨਾਂ ਮਾਨਸੂਨ ਸੈਸ਼ਨ ‘ਚ ਸੱਤਾ ਧਿਰ ਸੂਬੇ ਦੇ ਅਹਿਮ ਮੁੱਦਿਆਂ ਨੂੰ ਹੀ ਅਣਗੌਲੇ ਕਰ ਗਈ। ਸੈਸ਼ਨ ਦੌਰਾਨ ਨਾ ਹੀ ਕੋਈ ਚਰਚਾ ਹੋਈ ਅਤੇ ਨਾ ਹੀ ਸੱਤਾ ਧਿਰ ਵੱਲੋਂ ਕੋਈ ਬਿਆਨ ਜਾਰੀ ਕੀਤਾ ਗਿਆ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬੀਆਂ ਦੇ ਭਖਵੇਂ ਮੁੱਦਿਆਂ ‘ਤੇ ਵੱਧ ਦਿਨਾਂ ਦਾ ਸੈਸ਼ਨ ਮੰਗਣ ਵਾਲੀ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਚੰਗੀ ਭੂਮਿਕਾ ਨਿਭਾਉਣ ਵਿੱਚ ਵੀ ਨਾਕਾਮ ਸਾਬਤ ਹੋਈ ਹੈ। ਵਿਧਾਨ ਸਭਾ ਸੈਸ਼ਨ ਦੌਰਾਨ ਹਰ ਸੀਟਿੰਗ ਦਾ ਸਮਾਂ 3 ਘੰਟੇ 30 ਮਿੰਟ ਦਾ ਹੁੰਦਾ ਹੈ ਪਰ ਦੂਜੇ ਤੇ ਤੀਜੇ ਦਿਨ ਵਿਧਾਨ ਸਭਾ ਦੇ ਅੰਦਰ ਸਦਨ ਦੀ ਕਾਰਵਾਈ ਸਿਰਫ਼ 2-2 ਘੰਟੇ ਵਿੱਚ ਹੀ ਮੁਕੰਮਲ ਹੋ ਕੇ ਤੈਅ ਸਮੇਂ ਤੋਂ ਡੇਢ-ਡੇਢ ਘੰਟੇ ਪਹਿਲਾਂ ਸਮਾਪਤ ਹੋ ਗਈ। ਇਸ ਮੌਕੇ ਵਿਰੋਧੀ ਧਿਰਾਂ ਕੋਲ ਚੰਗਾ ਮੌਕਾ ਸੀ ਕਿ ਉਹ ਬਾਕੀ ਬਚਦੇ ਸਮੇਂ ਲਈ ਵਿਧਾਨ ਸਭਾ ਸਪੀਕਰ ਨੂੰ ਕਿਸੇ ਵੀ ਵਿਸ਼ੇ ‘ਤੇ ਚਰਚਾ ਕਰਨ ਲਈ ਤਿਆਰ ਕਰਵਾ ਸਕਦੇ ਸਨ ਪਰ ਦੋਵੇਂ ਪਾਰਟੀਆਂ ਵੱਲੋਂ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਤੱਕ ਨਹੀਂ ਕੀਤੀ ਗਈ।
ਹਾਲਾਂਕਿ ਇੱਕ ਦੋ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਹੰਗਾਮਾ ਕਰਦੇ ਹੋਏ ਵਾਕ ਆਊਟ ਕੀਤਾ ਗਿਆ
ਪਿਛਲੇ ਦਿਨੀਂ ਬਰਸਾਤ ਦੇ ਪਾਣੀ ਦੇ ਕਾਰਨ ਬਠਿੰਡਾ ਵਿਖੇ ਸਭ ਤੋਂ ਜ਼ਿਆਦਾ ਦਿੱਕਤ ਦਾ ਆਮ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਸੀ ਤੇ ਬਠਿੰਡਾ ਵਿਖੇ 4 ਤੋਂ 5 ਦਿਨ ਤੱਕ ਹੜ੍ਹ ਵਰਗੀ ਸਥਿਤੀ ਬਣੀ ਰਹੀ ਸੀ। ਇਸ ਬਾਰੇ ਕਈ ਦਿਨਾਂ ਤੱਕ ਬਿਆਨਬਾਜ਼ੀ ਕਰਦੇ ਹੋਏ ਅਕਾਲੀ ਦਲ ਤੇ ਕਾਂਗਰਸ ਨੇ ਇੱਕ ਦੂਜੇ ‘ਤੇ ਦੋਸ਼ ਤਾਂ ਜਰੂਰ ਲਾਏ ਪਰ ਵਿਧਾਨ ਸਭਾ ਦੇ ਅੰਦਰ ਇਸ ਮੁੱਦੇ ਨੂੰ ਚੁੱਕਿਆ ਤੱਕ ਨਹੀਂ ਗਿਆ। ਸਦਨ ਦੀ ਕਾਰਵਾਈ ਦੌਰਾਨ ਧਿਆਨ ਦਿਵਾਊ ਨੋਟਿਸ ਜਾਂ ਫਿਰ ਸਿਫ਼ਰ ਕਾਲ ਵਿੱਚ ਕਿਸੇ ਵੀ ਵਿਧਾਇਕ ਵੱਲੋਂ ਇਸ ਮੁੱਦੇ ਨੂੰ ਦੀ ਗੱਲ ਨਹੀਂ ਕੀਤੀ ਗਈ। ਇੱਥੇ ਹੀ ਜ਼ਿਲ੍ਹਾ ਸੰਗਰੂਰ ਦੇ ਮੂਨਕ ਇਲਾਕੇ ਵਿੱਚੋਂ ਲੰਘਦੀ ਘੱਗਰ ਵਿੱਚ ਪਾੜ ਪੈਣ ਕਾਰਨ ਪਿੰਡ ਦੇ ਪਿੰਡ ਡੁੱਬ ਗਏ ਤੇ ਸ਼ਹਿਰੀ ਇਲਾਕੇ ਨੂੰ ਵੀ ਕਾਫ਼ੀ ਜਿਆਦਾ ਨੁਕਸਾਨ ਹੋਇਆ ਪਰ ਇਸ ਮੁੱਦੇ ਨੂੰ ਵੀ ਵਿਧਾਨ ਸਭਾ ‘ਚ ਚੁੱਕਣ ਤੋਂ ਪੂਰੀ ਤਰ੍ਹਾਂ ਵਿਰੋਧੀ ਧਿਰਾਂ ਅਸਫ਼ਲ ਸਾਬਤ ਹੋਈਆਂ ਹਨ।
ਨਸ਼ੇ ਕਾਰਨ ਹੋ ਰਹੀਆਂ ਹਨ ਮੌਤਾਂ, ਸਦਨ ‘ਚ ਨਹੀਂ ਹੋਈ ਚਰਚਾ
ਪੰਜਾਬ ਵਿੱਚ ਲਗਭਗ ਰੋਜ਼ਾਨਾ ਨਸ਼ੇ ਕਾਰਨ ਹੀ ਮੌਤਾਂ ਹੋ ਰਹੀਆਂ ਹਨ ਪਰ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਇਸ ਮੁੱਦੇ ‘ਤੇ ਕਿਸੇ ਵੀ ਵਿਧਾਇਕ ਵੱਲੋਂ ਚਰਚਾ ਤੱਕ ਨਹੀਂ ਕੀਤੀ ਗਈ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਤੋਂ ਬਾਹਰ ਧਰਨਾ ਲਾਉਂਦੇ ਹੋਏ ਨਸ਼ੇ ਖ਼ਿਲਾਫ਼ ਨਾਅਰੇਬਾਜ਼ੀ ਤਾਂ ਜਰੂਰ ਕੀਤੀ ਪਰ ਸਦਨ ਦੇ ਅੰਦਰ ਆਉਂਦੇ ਹੀ ਉਨ੍ਹਾਂ ਨੇ ਚੁੱਪ ਵੱਟ ਲਈ। ਨਸ਼ੇ ਦੇ ਮੁੱਦੇ ‘ਤੇ ਕਿਸੇ ਵੀ ਆਮ ਆਦਮੀ ਪਾਰਟੀ ਅਤੇ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਵੀ ਚਰਚਾ ਕਰਨ ਦੀ ਕੋਸ਼ਿਸ਼ ਨਾ ਕਰਦੇ ਹੋਏ ਸੱਤਾ ਧਿਰ ਨੂੰ ਘੇਰਨ ਦਾ ਮੌਕਾ ਹੀ ਗੁਆ ਦਿੱਤਾ।
ਕਿਸਾਨ ਖੁਦਕੁਸ਼ੀਆਂ ਨੂੰ ਭੁੱਲੀ ਵਿਰੋਧੀ ਧਿਰ
ਵਿਧਾਨ ਸਭਾ ਅੰਦਰ ਕਿਸਾਨ ਖ਼ੁਦਕੁਸ਼ੀਆਂ ਨੂੰ ਲੈ ਕੇ ਹਰ ਵਾਰ ਹੰਗਾਮਾ ਕਰਨ ਵਾਲੀ ਵਿਰੋਧੀ ਧਿਰ ਇਸ ਵਾਰ ਇਸ ਮੁੱਦੇ ਨੂੰ ਚੁੱਕ ਹੀ ਨਹੀਂ ਸਕੀ। ਪੰਜਾਬ ਵਿੱਚ ਅੱਜ ਵੀ ਰੋਜ਼ਾਨਾ ਖ਼ੁਦਕੁਸ਼ੀਆਂ ਹੋ ਰਹੀਆਂ ਹਨ ਪਰ ਇਸ ਸਬੰਧੀ ਕਾਂਗਰਸ ਸਰਕਾਰ ਤੋਂ ਜਵਾਬ ਲੈਣ ਦੀ ਕੋਸ਼ਿਸ਼ ਕਿਸੇ ਵੀ ਵਿਰੋਧੀ ਧਿਰ ਨੇ ਕੀਤੀ ਹੀ ਨਹੀਂ। ਸ਼੍ਰੋਮਣੀ ਅਕਾਲੀ ਦਲ ਜਾਂ ਫਿਰ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਿਧਾਇਕ ਨੇ ਪਿਛਲੇ 2 ਦਿਨਾਂ ‘ਚ ਕਿਸਾਨ ਖ਼ੁਦਕੁਸ਼ੀਆਂ ਦੇ ਮੁੱਦੇ ‘ਤੇ ਇੱਕ ਮਿੰਟ ਤੱਕ ਚਰਚਾ ਵੀ ਨਹੀਂ ਕੀਤੀ ਇਸ ਵਾਰ ਕਿਸਾਨਾਂ ਦਾ ਮੁੱਦਾ ਇੱਕ ਪਾਸੇ ਰੱਖਦੇ ਹੋਏ ਵਿਰੋਧੀ ਧਿਰਾਂ ਹੋਰ ਹੀ ਗੱਲਾਂ ‘ਤੇ ਚਰਚਾ ਕਰਦੀ ਰਹੀਆਂ।