ਸਾਡੇ ਨਾਲ ਸ਼ਾਮਲ

Follow us

10.1 C
Chandigarh
Friday, January 23, 2026
More
    Home Breaking News Punjab Land R...

    Punjab Land Record: ਪਟਵਾਰੀਆਂ ਦਾ ‘ਰਾਜ ਖ਼ਤਮ’, 500 ਕਰੋੜ ਦੇ ਭ੍ਰਿਸ਼ਟਾਚਾਰ ਨੂੰ ਪਏਗੀ ਨਕੇਲ

    Punjab Land Record
    Punjab Land Record: ਪਟਵਾਰੀਆ ਦਾ ‘ਰਾਜ ਖ਼ਤਮ’, 500 ਕਰੋੜ ਦੇ ਭ੍ਰਿਸ਼ਟਾਚਾਰ ਨੂੰ ਪਏਗੀ ਨਕੇਲ

    Punjab Land Record: ਹੁਣ ਆਮ ਲੋਕਾਂ ਨੂੰ ਨਹੀਂ ਜਾਣਾ ਪਏਗਾ ਪਟਵਾਰਖ਼ਾਨੇ, ਇੱਕ ਕਲਿੱਕ ’ਤੇ ਘਰ ਬੈਠ ਕੇ ਹੋਣਗੇ ਕੰਮ

    • ਸਿਰਫ਼ 75 ਰੁਪਏ ਵਿੱਚ ਮੋਬਾਇਲ ਫੋਨ ’ਤੇ ਤਸਦੀਕਸ਼ੁਦਾ ਮਿਲੇਗੀ ਫਰਦ, ਕੰਪਿਊਟਰ ’ਤੇ ਦੇਣੀ ਪਵੇਗੀ ਅਰਜ਼ੀ | Punjab Land Record

    Punjab Land Record: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ ਪਟਵਾਰੀਆਂ ਦਾ ਦਹਾਕਿਆਂ ਤੋਂ ਚੱਲਦਾ ਆ ਰਿਹਾ ਰਾਜ ਖ਼ਤਮ ਹੋ ਗਿਆ ਹੈ। ਹੁਣ ਕਿਸੇ ਵੀ ਵਿਅਕਤੀ ਨੂੰ ਆਪਣੇ ਜ਼ਮੀਨੀ ਕੰਮ ਲਈ ਪਟਵਾਰੀ ਲੱਭਣ ਦੀ ਲੋੜ ਨਹੀਂ ਹੈ ਤੇ ਨਾ ਹੀ ਪਟਵਾਰਖ਼ਾਨੇ ਵਿੱਚ ਗੇੜੇ ਮਾਰਨ ਦੀ ਲੋੜ ਹੈ, ਕਿਉਂਕਿ ਫਰਦ ਤੋਂ ਲੈ ਕੇ ਜਮੀਨ ਨਾਲ ਜੁੜੇ ਹਰ ਦਸਤਾਵੇਜ਼ ਦਾ ਕੰਮ ਘਰ ਬੈਠੇ-ਬੈਠੇ ਸਿਰਫ਼ ਇੱਕ ਕਲਿੱਕ ’ਤੇ ਹੋਏਗਾ।

    ਇਸ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਵੀ ਦੇਣੀ ਨਹੀਂ ਪਏਗੀ ਅਤੇ ਕੰਮ ਵੀ ਕੁਝ ਹੀ ਦਿਨਾਂ ’ਚ ਹੋ ਜਾਏਗਾ। ਪੰਜਾਬ ਸਰਕਾਰ ਦੇ ਮਾਲ ਵਿਭਾਗ ਵੱਲੋਂ ਇਤਿਹਾਸਕ ਕੰਮ ਕਰਦੇ ਹੋਏ ਜਿੱਥੇ ਪਟਵਾਰੀਆਂ ਦਾ ਆਮ ਲੋਕਾਂ ਨਾਲ ਸੰਪਰਕ ਖ਼ਤਮ ਕਰ ਦਿੱਤਾ ਗਿਆ ਹੈ ਤੇ 500 ਕਰੋੜ ਰੁਪਏ ਤੱਕ ਦੇ ਭ੍ਰਿਸ਼ਟਾਚਾਰ ’ਤੇ ਨਕੇਲ ਲਗਾ ਦਿੱਤੀ ਗਈ ਹੈ। ਇਸ ਦਾ ਸਿੱਧੇ ਤੌਰ ’ਤੇ ਪੰਜਾਬ ਦੇ ਆਮ ਲੋਕਾਂ ਨੂੰ ਵੱਡੇ ਪੱਧਰ ’ਤੇ ਫਾਇਦਾ ਹੋਏਗਾ। ਇੱਕ ਅਨੁਮਾਨ ਅਨੁਸਾਰ ਪਟਵਾਰੀਆਂ ਵੱਲੋਂ 1 ਹਜ਼ਾਰ ਰੁਪਏ ਤੋਂ ਲੈ ਕੇ 20 ਹਜ਼ਾਰ ਰੁਪਏ ਦੀ ਰਿਸ਼ਵਤ ਕੰਮ ਅਨੁਸਾਰ ਲੈ ਲਈ ਜਾਂਦੀ ਸੀ ਅਤੇ ਹੁਣ ਸਾਰਾ ਕੰਮ ਆਨਲਾਈਨ ਹੋਣ ਕਰਕੇ ਇਹ ਰਿਸ਼ਵਤ ਦੇਣੀ ਨਹੀਂ ਪਏਗੀ ਅਤੇ ਇਸ ਨਾਲ ਆਮ ਲੋਕਾਂ ਦਾ ਅਗਲੇ 5-7 ਸਾਲਾਂ ਦੌਰਾਨ 500 ਕਰੋੜ ਰੁਪਏ ਦੀ ਬੱਚਤ ਹੋ ਜਾਏਗੀ, ਜਿਹੜੀ ਕਿ ਸਿਰਫ਼ ਰਿਸ਼ਵਤ ਵਿੱਚ ਹੀ ਜਾਣੀ ਸੀ।

    Punjab Land Record

    ਮਾਲ ਵਿਭਾਗ ਪੰਜਾਬ ਵੱਲੋਂ ਪੰਜਾਬ ਲੈਂਡ ਰਿਕਾਰਡ ਨੂੰ ਆਨਲਾਈਨ ਕਰਨ ਦੇ ਨਾਲ ਹੀ ਇੱਕ ਵੈਬਸਾਈਟ ਨੂੰ ਤਿਆਰ ਕਰ ਦਿੱਤਾ ਗਿਆ ਹੈ, ਜਿਸ ਰਾਹੀਂ ਕੋਈ ਵੀ ਵਿਅਕਤੀ ਆਪਣੀ ਜਮੀਨ ਦੀ ਫਰਦ ਦੇਖਣ ਤੋਂ ਲੈ ਕੇ ਉਸ ਵਿੱਚ ਲੱਗੇ ਹੋਏ ਇਤਰਾਜ਼ ਨੂੰ ਦੂਰ ਕਰਵਾ ਸਕਦਾ ਹੈ। ਜ਼ਮੀਨ ਦੀ ਖ਼ਰੀਦ ਤੇ ਵੇਚ ਕਰਨ ਮੌਕੇ ਫਰਦ ਨੂੰ ਅਹਿਮ ਦਸਤਾਵੇਜ਼ ਮੰਨਿਆ ਜਾਂਦਾ ਹੈ ਅਤੇ ਇਸ ਦਸਤਾਵੇਜ਼ ਨੂੰ ਦਰਜ਼ ਕਰਨ ਤੋਂ ਲੈ ਕੇ ਇਸ ਦੀ ਤਸਦੀਕ ਕੀਤੀ ਕਾਪੀ ਸਪਲਾਈ ਦਾ ਕੰਮ ਪਟਵਾਰੀ ਕੋਲ ਹੀ ਹੁੰਦਾ ਸੀ

    Read Also : Vigilance Bureau :ਵਿਜੀਲੈਂਸ ਬਿਊਰੋ ਵੱਲੋਂ ਐਸਡੀਐਮ ਰਾਏਕੋਟ ਦਾ ਸਟੈਨੋ 24 ਲੱਖ ਰੁਪਏ ਦੀ ਨਗਦੀ ਸਮੇਤ ਕੀਤਾ ਕਾਬੂ

    ਮਾਲ ਵਿਭਾਗ ਵੱਲੋਂ ਤਿਆਰ ਕੀਤੀ ਗਈ ਵੈਬਸਾਈਟ ’ਤੇ ਜਾ ਕੇ ਸਿਰਫ਼ ਆਪਣੀ ਫਰਦ ਲਈ ਅਰਜੀ ਭਰ ਕੇ ਸਿਰਫ਼ 75 ਰੁਪਏ ਦੀ ਫੀਸ ਭਰਨ ਨਾਲ ਫਰਦ ਦੀ ਕਾਪੀ ਮੋਬਾਇਲ ’ਤੇ ਆ ਜਾਏਗੀ ਤੇ ਕਾਪੀ ਵਿੱਚ ਇੱਕ ਸਕੈਨ ਕੋਡ ਵੀ ਦਰਜ਼ ਹੋਏਗਾ। ਉਸ ਸਕੈਨ ਕੋਡ ਨੂੰ ਅਧਿਕਾਰੀ ਸਕੈਨ ਕਰਨ ਤੋਂ ਬਾਅਦ ਉਸ ਫਰਦ ਦੇ ਅਸਲੀ ਹੋਣ ਬਾਰੇ ਵੀ ਮੌਕੇ ’ਤੇ ਜਾਣਕਾਰੀ ਲੈ ਸਕਣਗੇ, ਜਿਸ ਨਾਲ ਆਮ ਲੋਕਾਂ ਨੂੰ ਬੈਂਕਾਂ ਤੋਂ ਆਪਣੀ ਜਮੀਨ ’ਤੇ ਕਰਜ਼ਾ ਲੈਣਾ ਵੀ ਸੌਖਾ ਹੋ ਜਾਏਗਾ।

    ਆਮ ਲੋਕਾਂ ਨੂੰ ਸਹੂਲਤ ਦੇਣਾ ਮੁੱਖ ਮਕਸਦ : ਅਨੁਰਾਗ ਵਰਮਾ

    ਮਾਲ ਵਿਭਾਗ ਦੇ ਅਧੀਨ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ ਆਮ ਲੋਕਾਂ ਦੀ ਖੱਜਲ ਖੁਆਰੀ ਨੂੰ ਖ਼ਤਮ ਕਰਨ ਲਈ ਹੀ ਇਸ ਸਿਸਟਮ ਨੂੰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰਿਸ਼ਵਤ ਦੇ ਖ਼ਾਤਮੇ ਦਾ ਪ੍ਰਣ ਲਿਆ ਹੋਇਆ ਹੈ ਅਤੇ ਪਟਵਾਰੀਆਂ ਕੋਲ ਵੱਡੇ ਪੱਧਰ ’ਤੇ ਆਮ ਲੋਕਾਂ ਨੂੰ ਰਿਸ਼ਵਤ ਦੇਣੀ ਪੈਂਦੀ ਸੀ ਪਰ ਹੁਣ ਤੋਂ ਬਾਅਦ ਰਿਸ਼ਵਤ ਦੇਣ ਦੀ ਲੋੜ ਹੀ ਨਹੀਂ ਪੈਣੀ ਹੈ

    ਸਿਰਫ਼ 500 ਰੁਪਏ ਕਰਨਗੇ ਤੁਹਾਡੀ ਜਮੀਨ ਦੀ ਰਾਖੀ, ਐੱਨਆਰਆਈ ਨੂੰ ਵੀ ਰਾਹਤ

    ਮਾਲ ਵਿਭਾਗ ਵਲੋਂ ਆਪਣੇ ਨਵੇਂ ਸਿਸਟਮ ’ਚ 500 ਰੁਪਏ ਦੀ ਇੱਕ ਨਵੇਕਲੀ ਸਰਵਿਸ ਸ਼ੁਰੂ ਕੀਤੀ ਗਈ ਹੈ, ਜਿਸ ਦਾ ਉਨ੍ਹਾਂ ਪੰਜਾਬ ਦੇ ਆਮ ਲੋਕਾਂ ਦੇ ਨਾਲ ਹੀ ਐੱਨ.ਆਰ.ਆਈਜ਼ ਨੂੰ ਫਾਇਦਾ ਹੋਏਗਾ, ਜਿਨ੍ਹਾਂ ਦੀ ਜਮੀਨ ਕਿਸੇ ਹੋਰ ਸ਼ਹਿਰ ਜਾਂ ਫਿਰ ਪਿੰਡ ’ਚ ਪਈ ਹੈ। ਕੋਈ ਵੀ ਵਿਅਕਤੀ ਖ਼ਰੀਦੀ ਹੋਈ ਜਮੀਨ ਦੀ ਫਰਦ ਨੂੰ 500 ਰੁਪਏ ਦੀ ਫੀਸ ਭਰਦੇ ਹੋਏ ਸਬਸਕ੍ਰਾਈਬ ਕਰਵਾ ਸਕਦਾ ਹੈ। ਇਸ ਨਾਲ ਜਦੋਂ ਵੀ ਉਸ ਜਮੀਨ ਨੂੰ ਖ਼ਰੀਦ-ਵੇਚ ਜਾਂ ਫਿਰ ਉਸ ਦੇ ਰਿਕਾਰਡ ’ਚ ਛੇੜਛਾੜ ਕਰਨ ਦੀ ਕੋਸ਼ਿਸ਼ ਹੋਏਗੀ, ਉਸ ਜ਼ਮੀਨ ਦੇ ਮਾਲਕ ਕੋਲ ਇੱਕ ਵਟਸਐਪ ਮੈਸੇਜ ਚਲਾ ਜਾਏਗਾ। ਉਸ ਵੱਲੋਂ ਉਸੇ ਵਟਸਐਪ ਮੈਸੇਜ ’ਤੇ ਆਪਣਾ ਇਤਰਾਜ਼ ਜ਼ਾਹਰ ਕਰ ਦਿੱਤਾ ਜਾਏਗਾ ਤਾਂ ਉਸ ਜਮੀਨ ਸਬੰਧੀ ਸ਼ੁਰੂ ਹੋਈ ਸਾਰੀ ਕਾਰਵਾਈ ਰੁਕ ਜਾਏਗੀ ਤੇ ਉੱਚ ਅਧਿਕਾਰੀਆਂ ਕੋਲ ਵੀ ਜਾਣਕਾਰੀ ਪੁੱਜ ਜਾਏਗੀ।