ਮਕਾਨ ਦੀ ਛੱਤ ਡਿੱਗੀ, ਇੱਕ ਮੌਤ ਤੇ ਇੱਕ ਗੰਭੀਰ ਜ਼ਖ਼ਮੀ

ਅਬੋਹਰ : ਬਰਸਾਤ ਦੌਰਾਨ ਮਕਾਨ ਦੀ ਡਿੱਗ ਛੱਤ ਤੇ ਮ੍ਰਿਤਕ ਪੰਜਾਬ ਸਿੰਘ ਫਾਈਲ ਫੋਟੋ।

(ਮੇਵਾ ਸਿੰਘ) ਅਬੋਹਰ। ਬੀਤੀ ਰਾਤ ਹੋਈ ਬਰਸਾਤ ਦੌਰਾਨ ਅਬੋਹਰ ਦੇ ਮੋਹਨ ਨਗਰ ਵਿੱਚ ਸਵੇਰੇ ਇੱਕ ਪਰਿਵਾਰ ਦੇ ਮਕਾਨ ਦੀ ਛੱਤ ਅਚਾਨਕ ਡਿੱਗ ਪਈ, ਜਿਸ ਨਾਲ ਘਰ ਦੇ 2 ਮੈਂਬਰ ਗੰਭੀਰ ਜ਼ਖ਼ਮੀ ਹੋ ਗਏ ਤੇ ਬਾਕੀਆਂ ਨੂੰ ਕੁਝ ਸੱਟਾਂ ਲੱਗ ਗਈਆਂ। ਜਖ਼ਮੀ ਹੋਏ ਪਰਿਵਾਰਕ ਮੈਂਬਰਾਂ ਨੂੰ ਮੁਹੱਲੇ ਦੇ ਲੋਕਾਂ ਨੇ ਮਕਾਨ ਦੇ ਮਲਬੇ ’ਚੋਂ ਬਾਹਰ ਕੱਢਕੇ ਹਸਪਤਾਲ ਭਰਤੀ ਕਰਵਾਇਆ। Abohar News

ਹਸਪਤਾਲ ਵਿੱਚ ਇਲਾਜ ਦੌਰਾਨ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ, ਜਦੋਂਕਿ ਮ੍ਰਿਤਕ ਦੀ ਪਤਨੀ ਵੀ ਗੰਭੀਰ ਜ਼ਖ਼ਮੀ ਹੈ, ਜਿਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਉਸ ਨੂੰ ਇਲਾਜ ਲਈ ਕਿਤੇ ਹੋਰ ਰੈਫਰ ਕਰਨ ਤਿਆਰੀ ਕੀਤੀ ਜਾ ਰਹੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮੋਹਨ ਨਗਰ ਦੇ ਨਿਵਾਸੀ ਕਮਲ ਹਰਸ਼ ਨੇ ਦੱਸਿਆ ਕਿ ਉਸ ਦੇ ਪਿਤਾ ਪੰਜਾਬ ਸਿੰਘ ਅਤੇ ਮਾਤਾ ਰਾਣੋ ਕਮਰੇ ਵਿੱਚ ਬੈਠੇ ਸਨ, ਤਾਂ ਅਚਾਨਕ ਹੀ ਕਮਰੇ ਦੀ ਛੱਤ ਉਨ੍ਹਾਂ ’ਤੇ ਆ ਡਿੱਗੀ, ਜਿਸ ਨਾਲ ਉਹ ਛੱਤ ਦੇ ਮਲਬੇ ਹੇਠ ਦੱਬ ਗਏ, ਛੱਤ ਡਿੱਗਣ ਨਾਲ ਹੋਈ ਚੀਕ ਪੁਕਾਰ ਸੁਣਕੇ ਮੁਹੱਲੇ ਦੇ ਲੋਕ ਵੀ ਇਕੱਤਰ ਹੋ ਗਏ ਜਿੰਨ੍ਹਾਂ ਨੇ ਬੜੀ ਹੀ ਮੁਸ਼ਕਿਲ ਨਾਲ ਕਰੀਬ ਡੇਢ ਘੰਟੇ ਵਿੱਚ ਉਨ੍ਹਾਂ ਦੋਵਾਂ ਨੂੰ ਬਾਹਰ ਕੱਢਿਆ।

ਇਹ ਵੀ ਪੜ੍ਹੋ: ਫਿਰੋਜ਼ਪੁਰ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾ ਕੇ 4 ਮੁਲਜ਼ਮ ਕੀਤੇ ਕਾਬੂ

ਕਮਲ ਹਰਸ਼ ਨੇ ਦੱਸਿਆ ਕਿ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੇ ਪਿਤਾ ਪੰਜਾਬ ਦੀ ਦਰਦਨਾਕ ਮੌਤ ਹੋ ਗਈ, ਜਦ ਕਿ ਉਸ ਦੀ ਮਾਤਾ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਮੁਹੱਲਾ ਨਿਵਾਸੀਆਂ ਕਿਹਾ ਕਿ ਪੰਜਾਬ ਸਿੰਘ ਪੱਲੇਦਾਰੀ ਦਾ ਕੰਮ ਕਰਦਾ ਸੀ ਤੇ ਬਾਕੀ ਪਰਿਵਾਰ ਮਿਹਨਤ ਮਜ਼ਦੂਰੀ ਦਾ ਕੰਮ ਕਰਕੇ ਆਪਣਾ ਘਰੇਲੂ ਖਰਚਾ ਚਲਾ ਰਹੇ ਸਨ। ਮ੍ਰਿਤਕ ਦੀਆਂ 3 ਲੜਕੀਆਂ ਤੇ ਇੱਕ ਲੜਕਾ ਹੈ। ਛੱਤ ਡਿੱਗਣ ਨਾਲ ਜਿੱਥੇ ਪਰਿਵਾਰਕ ਮੁਖੀ ਦੀ ਮੌਤ ਤੇ ਮ੍ਰਿਤਕ ਦੀ ਧਰਮ ਪਤਨੀ ਗੰਭੀਰ ਜਖ਼ਮੀ ਹੋਈ ਹੈ, ਉਥੇ ਘਰੇਲੂ ਸਮਾਨ ਮਲਬੇ ਥੱਲੇ ਆਉਣ ਕਰਕੇ ਪਰਿਵਾਰ ਦਾ ਕਾਫੀ ਮਾਲੀ ਨੁਕਸਾਨ ਵੀ ਹੋ ਗਿਆ ਹੈ। ਮੁਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ। Abohar News