ਰੁੱਖ ਅਤੇ ਮਨੁੱਖ ਦਾ ਰਿਸ਼ਤਾ ਸਦੀਵੀ, ਰਿਸਤਾ ਕਾਇਮ ਰੱਖਣਾ ਸਮੇਂ ਦੀ ਲੋੜ

ਰੁੱਖ ਅਤੇ ਮਨੁੱਖ ਦਾ ਰਿਸ਼ਤਾ ਸਦੀਵੀ, ਰਿਸਤਾ ਕਾਇਮ ਰੱਖਣਾ ਸਮੇਂ ਦੀ ਲੋੜ

ਸਾਡੇ ਦੇਸ਼ ਵਿੱਚ ਵੱਡੀ ਗਿਣਤੀ ਦੇ ਲੋਕਾਂ ਨੂੰ ਅਜੇ ਤੱਕ ਰੁੱਖਾਂ ਦੀ ਮਹੱਤਤਾ ਬਾਰੇ ਉੱਕਾ ਹੀ ਜਾਣਕਾਰੀ ਨਹੀਂ, ਜਿਸ ਕਰਕੇ ਅਜਿਹੇ ਲੋਕ ਰੁੱਖਾਂ ਦੀ ਕਟਾਈ ਕਰਕੇ ਜਿੱਥੇ ਵਾਤਾਵਰਣ ਵਿੱਚ ਵਿਗਾੜ ਪੈਦਾ ਕਰਦੇ ਹਨ, ਉੱਥੇ ਹੀ ਨਾਲ-ਨਾਲ ਰੁੱਖਾਂ ਦੀ ਕਿਸਮਾਂ ਵੀ ਅਲੋਪ ਕਰ ਰਹੇ ਹਨ। ਵੱਡੀ ਗਿਣਤੀ ਲੋਕਾਂ ਨੇ ਰੁੱਖਾਂ ਨੂੰ ਕਮਾਈ ਦਾ ਸਾਧਨ ਬਣਾ ਲਿਆ ਹੈ। ਰੁੱਖਾਂ ਦੇ ਦੁਸ਼ਮਣ ਲੋਕ ਜੰਗਲ ਕੱਟ-ਕੱਟ ਕੇ ਮੈਦਾਨੀ ਇਲਾਕਾ ਬਣਾਉਣ ਵਿੱਚ ਲੱਗੇ ਹੋਏ ਹਨ, ਪਹਿਲੀ ਕਮਾਈ ਰੁੱਖਾਂ ‘ਚੋਂ ਤੇ ਦੂਜੀ ਕਮਾਈ ਉਸੇ ਜਗ੍ਹਾ ਦੀ ਜ਼ਮੀਨ ਵਿੱਚੋਂ। ਹਿੰਦੋਸਤਾਨ ਵਿੱਚ ਇਹ ਵਰਤਾਰਾ ਵੱਡੀ ਪੱਧਰ ‘ਤੇ ਚੱਲਿਆ ਆ ਰਿਹਾ ਹੈ।

ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਰੁੱਖ ਤੇ ਮਨੁੱਖ ਦਾ ਬਹੁਤ ਪੁਰਾਣਾ ਸਬੰਧ ਹੈ। ਜੰਗਲ ਦੇ ਆਦਿਵਾਸੀ ਅੱਜ ਵੀ ਰੁੱਖਾਂ ਦੀ ਗੂੜ੍ਹੀ ਯਾਰੀ ਕਾਰਨ ਜੀਵਤ ਚਲੇ ਆ ਰਹੇ ਹਨ। ਰੁੱਖਾਂ ਦੇ ਗੂੜ੍ਹੇ ਸਬੰਧ ਕਾਰਨ ਹੀ ਆਦਿ ਮਨੁੱਖ ਦਾ ਜੀਵਨ ਸ਼ੁਰੂ ਹੋਇਆ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਮਨੁੱਖ, ਪਸ਼ੂ, ਪੰਛੀ ਤੇ ਹਰ ਕਿਸਮ ਦੀ ਚਲਦੀ-ਫਿਰਦੀ ਜਾਨਦਾਰ ਵਸਤੂ ਰੁੱਖਾਂ ‘ਤੇ ਹੀ ਨਿਰਭਰ ਹੈ। ਕਹਿਣ ਦਾ ਮਤਲਬ ਕਿ ਅਸੀਂ ਹਰ ਕਿਸਮ ਦੇ ਖ਼ੁਰਾਕੀ ਤੱਤ ਰੁੱਖਾਂ ਤੇ ਪੌਦਿਆਂ ਤੋਂ ਹੀ ਪ੍ਰਾਪਤ ਕਰਦੇ ਹਾਂ। ਕੁਦਰਤ ਨੇ ਰੁੱਖਾਂ ਵਿੱਚ ਅਜਿਹਾ ਗੁਣ ਭਰਿਆ ਹੋਇਆ ਹੈ ਕਿ ਕਈ ਕਿਸਮ ਦੀਆਂ ਭਿਆਨਕ ਬੀਮਾਰੀਆਂ ਰੁੱਖਾਂ ਦੀਆਂ ਜੜੀਆਂ-ਬੂਟੀਆਂ ਦੀ ਬਦੌਲਤ ਠੀਕ ਹੋ ਜਾਂਦੀਆਂ ਹਨ।

ਅੱਜ ਦੇ ਪਦਾਰਥਵਾਦੀ ਮਨੁੱਖ ਨੇ ਰੁੱਖਾਂ ਬਾਰੇ ਬੇ-ਸਮਝੀ ਅਪਣਾ ਕੇ ਰੁੱਖਾਂ ਨਾਲੋਂ ਆਪਣਾ ਰਿਸ਼ਤਾ-ਨਾਤਾ ਤੋੜ ਲਿਆ ਹੈ। ਬਹੁਤ ਸਾਰੇ ਲੋਕਾਂ ਨੇ ਇਹ ਸਮਝ ਬਣਾ ਲਈ ਹੈ ਕਿ ਰੁੱਖ ਤਾਂ ਸਜਾਵਟ, ਬਾਲਣ ਅਤੇ ਕਮਾਈ ਕਰਨ ਲਈ ਹਨ। ਬਹੁਤ ਸਾਰੇ ਲੋਕ ਰੁੱਖ ਇਸ ਕਰਕੇ ਲਗਾਉਂਦੇ ਹਨ ਕਿ ਅੱਠ-ਦਸ ਸਾਲਾਂ ‘ਚ ਵੱਡੇ ਹੋਣ ‘ਤੇ ਉਨ੍ਹਾਂ ਨੂੰ ਵੇਚ ਦਿਆਂਗੇ ਤੇ ਚਾਰ ਪੈਸੇ ਆ ਜਾਣਗੇ। ਉਨ੍ਹਾਂ ਲੋਕਾਂ ਨੂੰ ਇਹ ਚਿੱਤ-ਚੇਤਾ ਵੀ ਨਹੀਂ ਹੁੰਦਾ ਕਿ ਜੇ ਰੁੱਖ ਹਨ ਤਾਂ ਅਸੀਂ ਇਸ ਧਰਤੀ ‘ਤੇ ਜਿਉਂ ਰਹੇ ਹਾਂ। ਅੱਜ ਖੇਤਾਂ ਵਿੱਚ ਕੋਈ ਵੀ ਵੱਡਾ ਰੁੱਖ ਵੇਖਣ ਨੂੰ ਨਹੀਂ ਮਿਲ ਰਿਹਾ। ਬੋਹੜ, ਪਿੱਪਲ, ਜੰਡ, ਟਾਹਲੀਆਂ, ਤੂਤ, ਅੰਬ ਆਦਿ ਦਰੱਖਤਾਂ ਦੀਆਂ ਕਿਸਮਾਂ ਲੋਪ ਹੁੰਦੀਆਂ ਜਾ ਰਹੀਆਂ ਹਨ।

ਅਜਿਹੇ ਵੱਡੇ ਰੁੱਖਾਂ ‘ਤੇ ਹਜ਼ਾਰਾਂ ਪੰਛੀ ਆਪਣੇ ਆਲ੍ਹਣੇ ਬਣਾ ਕੇ ਰਹਿੰਦੇ ਸਨ। ਵੱਡੇ ਦਰੱਖਤਾਂ ਦੇ ਪੁੱਟੇ ਜਾਣ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਪੰਛੀ ਹਿਜਰਤ ਕਰ ਗਏ ਹਨ। ਮਨੁੱਖੀ ਸੋਚ ਨੇ ਕਦੇ ਵੀ ਇਸ ਦਾ ਪਛਤਾਵਾ ਨਹੀਂ ਕੀਤਾ। ਕੁਦਰਤ ਦਾ ਸਮਤੋਲ ਰੱਖਣ ਵਿੱਚ ਪੰਛੀ ਬੜੇ ਸਹਾਈ ਹੁੰਦੇ ਹਨ, ਪਰ ਮਨੁੱਖੀ ਸੁਭਾਅ ਲਗਾਤਾਰ ਰੁੱਖਾਂ ਤੇ ਪੰਛੀਆਂ ਨਾਲ ਵੈਰ ਭਾਵਨਾ ਰੱਖਦਾ ਆ ਰਿਹਾ ਹੈ।

ਕੁਦਰਤ ਮਨੁੱਖ ਨੂੰ ਇਕ ਦਿਨ ਖੂੰਜੇ ਲਗਾ ਦੇਵੇਗੀ। ਅੱਜ ਤੋਂ ਪੱਚੀ-ਤੀਹ ਸਾਲ ਪਹਿਲਾਂ ਖੇਤਾਂ ਵਿੱਚ ਕੰਮ ਕਰਦੇ ਕਿਰਤੀ ਲੋਕ ਦੁਪਹਿਰ ਸਮੇਂ ਘਰ ਨਹੀਂ ਆਉਂਦੇ ਸਨ ਅਤੇ ਵੱਡੇ ਰੁੱਖਾਂ ਹੇਠ ਬੈਠ ਕੇ ਦੁਪਹਿਰ ਵੇਲੇ ਆਰਾਮ ਕਰ ਲੈਂਦੇ ਸਨ ਤੇ ਨੀਂਦ ਦਾ ਝਪਕਾ ਵੀ ਬੜੇ ਆਰਾਮ ਨਾਲ ਲੈਂਦੇ ਸਨ। ਅੱਜ ਦੇ ਸਮੇਂ ਵਿੱਚ ਗਿਆਰਾਂ-ਬਾਰ੍ਹਾਂ ਵਜੇ ਤੋਂ ਪਹਿਲਾਂ ਹੀ ਲੋਕ ਘਰਾਂ ਨੂੰ ਆ ਜਾਂਦੇ ਹਨ ਅਤੇ ਏ.ਸੀ. ਕਮਰਿਆਂ, ਕੂਲਰਾਂ ਵਿੱਚ ਵੀ ਅੱਜ ਦੇ ਮਨੁੱਖਾਂ ਨੂੰ ਚੈਨ ਦੀ ਨੀਂਦ ਨਹੀਂ ਆਉਂਦੀ। ਬਹੁਤ ਸਾਰੇ ਲੀਡਰਾਂ ਤੇ ਸਰਕਾਰੀ ਅਧਿਕਾਰੀਆਂ ਨੂੰ ਸਮਾਜਿਕ ਹਿੱਤਾਂ ਦੇ ਤਾਣੇ-ਬਾਣੇ ਬਣਾਉਂਦਿਆਂ ਦੇਖਿਆ ਹੈ ਤੇ ਅਖ਼ਬਾਰੀ ਸੁਰਖੀਆਂ ਵੀ ਮੂੰਹ ਬੋਲਦੀਆਂ ਤਸਵੀਰਾਂ ਪੇਸ਼ ਕਰਦੀਆਂ ਹਨ।

ਦਰੱਖ਼ਤ ਲਾਉਣ ਦੇ ਨਾਲ-ਨਾਲ ਆਪਣੀ ਸੱਚੀ ਭਾਵਨਾ ਨਾਲ ਵੱਡਾ ਹੋਣ ਤੱਕ ਇਸ ਰੁੱਖ ਦੀ ਸੰਭਾਲ ਕੀਤੀ ਜਾਵੇਗੀ। ਵਾਤਾਵਰਣ ਦੇ ਵਿਰੋਧੀਓ ਸੰਭਲ ਜਾਓ ਕਿਉਂ ਕੁਦਰਤ ਨੂੰ ਪੁੱਠਾ ਗੇੜਾ ਦੇਣ ਲੱਗਿਓਂ। ਜੇ ਕੁਦਰਤ ਨੇ ਆਪਣਾ ਗੇੜ ਸ਼ੁਰੂ ਕਰ ਦਿੱਤਾ ਤਾਂ ਤੁਹਾਡਾ ਵਜੂਦ ਵੀ ਨਹੀਂ ਲੱਭਣਾ।

ਜੇ ਜੰਗਲਾਂ ਦੀ ਅੰਨ੍ਹੇਵਾਹ ਹੋ ਰਹੀ ਕਟਾਈ ਨੂੰ ਛੇਤੀ ਤੋਂ ਛੇਤੀ ਨਾ ਰੋਕਿਆ ਗਿਆ ਅਤੇ ਰੁੱਖ ਲਾ ਕੇ ਧਰਤੀ ਨੂੰ ਹਰਾ ਭਰਾ ਨਾ ਕੀਤਾ ਗਿਆ ਤਾਂ ਸੋਕੇ ਆਉਣਗੇ, ਕਾਲ ਪੈਣਗੇ, ਧਰਤੀ ਖੁਰੇਗੀ ਤੇ ਰੇਤ ਦਾ ਮਾਰੂਥਲ ਬਣ ਜਾਵੇਗੀ। ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਨੇ ਰੁੱਖਾਂ ਨੂੰ ਆਪਣੇ ਪਰਿਵਾਰ ਦੇ ਮੈਂਬਰ ਮੰਨਦੇ ਹੋਏ ਲਿਖਿਆ ਹੈ, ‘ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ, ਕੁਝ ਰੁੱਖ ਨੂੰਹਾਂ ਧੀਆਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ, ਕੁਝ ਰੁੱਖ ਮੇਰੇ ਬਾਬੇ ਵਾਕਣ, ਪੱਤਰ ਟਾਵਾਂ-ਟਾਵਾਂ।‘ਜੇ ਤੁਸੀਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿਚ ਗਾਵਾਂ
ਰਿਟਾਇਰਡ ਫਾਰੈਸਟ ਆਫੀਸਰ
94635-12563 83605-89644
ਰਾਜਿੰਦਰ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ