ਪੰਜਾਬ ਸਰਕਾਰ ਛੇਤੀ ਹੀ ਕੇਂਦਰ ਦੀ ਪੁਰਾਣੀ ਵਜ਼ੀਫ਼ਾ ਸਕੀਮ ਦੀ ਥਾਂ ‘ਐਸ.ਸੀ. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ’ ਦੀ ਸ਼ੁਰੂਆਤ ਕਰੇਗੀ : ਕੈਪਟਨ ਅਮਰਿੰਦਰ ਸਿੰਘ

ਛੇਵੇਂ ਮੈਗਾ ਰੋਜ਼ਗਾਰ ਮੇਲੇ ਦੀ ਸਮਾਪਤੀ ਮੌਕੇ ਰਾਹੁਲ ਗਾਂਧੀ ਵੱਲੋਂ ਨੌਜਵਾਨਾਂ ਦੇ ਉਸਾਰੂ ਨਿਰਮਾਣ ਲਈ ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਜਲਦ ਹੀ ਅਨੁਸੂਚਿਤ ਜਾਤੀਆਂ (ਐਸ.ਸੀ) ਦੇ ਵਿਦਿਆਰਥੀਆਂ ਲਈ ਨਵੀਂ ਵਜ਼ੀਫਾ ਸਕੀਮ ਦੀ ਸ਼ੁਰੂਆਤ ਕਰੇਗੀ, ਜਿਨ੍ਹਾਂ ਨਾਲ ਕੇਂਦਰ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਅਚਾਨਕ ਖਤਮ ਕਰਕੇ ਵੱਡਾ ਵਿਸ਼ਵਾਸਘਾਤ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਯੋਜਨਾ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰੇਗੀ, ਜਿਸ ਤੋਂ ਉਹ ਭਾਰਤ ਸਰਕਾਰ ਵਲੋਂ ਵਜ਼ੀਫਾ ਸਕੀਮ ਵਾਪਸ ਲੈਣ ਕਾਰਨ ਵਾਂਝੇ ਰਹਿ ਗਏ ਸਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਹ ਸਕੀਮ ਦੁਬਾਰਾ ਸ਼ੁਰੂ ਕਰਨ ਦੀ ਪ੍ਰਕਿਰਿਆ ਅਧੀਨ ਹੈ ਤਾਂ ਜੋ ਅਨੁਸੂਚਿਤ ਜਾਤੀ ਨਾਲ ਸਬੰਧਤ ਕੋਈ ਵੀ ਵਿਦਿਆਰਥੀ ਉੱਚ ਸਿੱਖਿਆ ਤੋਂ ਵਿਰਵਾ ਨਾ ਰਹੇ। ਮੁੱਖ ਮੰਤਰੀ ਨੇ ਅਗਲੇ ਡੇਢ ਸਾਲ ਵਿੱਚ ਇਕ ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਸਬੰਧੀ ਆਪਣੀ ਸਰਕਾਰ ਦੇ ਫੈਸਲੇ ਨੂੰ ਵੀ ਦੁਹਰਾਇਆ, ਜਿਸ ਵਿਚ 50,000 ਭਰਤੀਆਂ ਮਾਰਚ, 2021 ਤੱਕ ਅਤੇ ਬਾਕੀ 50,000 ਭਰਤੀਆਂ ਇਸ ਦੇ ਕਾਰਜਕਾਲ ਦੇ ਅੰਤ ਤੱਕ ਕੀਤੀਆਂ ਜਾਣਗੀਆਂ। ਉਹ ਪਟਿਆਲੇ ਤੋਂ ਛੇਵੇਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਦੀ ਸਮਾਪਤੀ ‘ਤੇ ਇੱਕ ਵਰਚੁਅਲ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।

ਕੈਪਟਨ ਅਮਰਿੰਦਰ ਨੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਉਨ੍ਹਾਂ ਦੀ ਸਰਕਾਰ ਨੇ ਸਕੀਮ ਦੇ ਤਹਿਤ ਪਿਛਲੇ 3.5 ਸਾਲਾਂ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਸੇਵਾਵਾਂ ਰਾਹੀਂ 13.42 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਪ੍ਰਦਾਨ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 50,000 ਸਰਕਾਰੀ ਅਤੇ 4.04 ਲੱਖ ਪ੍ਰਾਈਵੇਟ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ, ਇਸ ਤੋਂ ਇਲਾਵਾ ਲਗਭਗ 8.80 ਲੱਖ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦੀਆਂ ਸਹੂਲਤਾਵਾਂ ਦਿੱਤੀਆਂ ਗਈਆਂ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਮੁੱਖ ਰੂਪ ਵਿੱਚ ਖੇਤੀਬਾੜੀ ਅਰਥਚਾਰਾ ਹੋਣ ਦੇ ਬਾਵਜ਼ੂਦ ਪੰਜਾਬ ਨੇ ਇੱਕ ਵਾਰ ਛੋਟੇ ਅਤੇ ਦਰਮਿਆਨੇ ਉਦੋਯਗ ਦੇ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਸੂਬੇ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਉਸੇ ਤਰ੍ਹਾਂ ਖੇਤੀਬਾੜੀ ਨੂੰ ਤਬਾਹ ਕੀਤਾ ਸੀ, ਜਿਵੇਂ ਉਹ ਹੁਣ ਖੇਤੀਬਾੜੀ ਨੂੰ ਤਹਿਸ-ਨਹਿਸ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਪੰਜਾਬ ਵਿਚ ਛੋਟੀਆਂ ਅਤੇ ਸੂਖਮ ਉਦਯੋਗਿਕ ਇਕਾਈਆਂ ਨੂੰ ਪ੍ਰਫੁੱਲਿਤ ਕਰਨਾ ਜਾਰੀ ਰੱਖਿਆ ਹੈ ਜੋ ਕਿ ਰੋਜ਼ਗਾਰ ਪੈਦਾ ਕਰਨ ਸਬੰਧੀ ਵੱਡੀ ਸੰਭਾਵਨਾ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਮਾਈਕ੍ਰੋਸਾਫਟ ਵਰਗੀ ਵਿਸ਼ਵ ਪ੍ਰਸਿੱਧ ਕੰਪਨੀ ਨੇ ਵੀ ਇੱਕ ਛੋਟੀ ਜਿਹੀ ਕੰਪਨੀ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਅਤੇ ਪੰਜਾਬ ਦੀਆਂ ਇਹ ਛੋਟੀਆਂ ਇਕਾਈਆਂ ਵੀ ਨਵੀਨਤਾਕਾਰੀ ਅਤੇ ਮਿਹਨਤੀ ਨੌਜਵਾਨਾਂ ਦੀ ਅਗਵਾਈ ਵਿੱਚ ਵੱਡੀਆਂ ਕੰਪਨੀਆਂ ਬਣਨਗੀਆਂ।

ਇਸ ਮੌਕੇ ਅਮਨਦੀਪ ਕੌਰ ਅਤੇ ਸਾਹਿਲ ਸ਼ਰਮਾ ਨੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਅਤੇ 24-30 ਸਤੰਬਰ ਤੱਕ ਸੂਬੇ ਭਰ ਵਿੱਚ ਆਯੋਜਿਤ ਛੇਵੇਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਰਾਹੀਂ ਨੌਕਰੀ ਪ੍ਰਾਪਤ ਕਰਨ ਦੇ ਆਪਣੇ ਤਜਰਬੇ ਸਾਂਝੇ ਕੀਤੇ। ਫੈਸ਼ਨ ਤਕਨਾਲੋਜੀ ਵਿੱਚ ਪੋਸਟ ਗ੍ਰੈਜੂਏਟ ਅਮਨਦੀਪ ਕੌਰ ਨੂੰ ਪਾਤੜਾਂ ਦੇ ਇਕ ਪ੍ਰਮੁੱਖ ਪ੍ਰਾਈਵੇਟ ਸਕੂਲ ਵਿੱਚ ਆਰਟ ਐਂਡ ਕਰਾਫਟ ਅਧਿਆਪਕ ਨਿਯੁਕਤ ਕੀਤਾ ਗਿਆ ਹੈ ਅਤੇ ਮਕੈਨੀਕਲ ਇੰਜੀਨੀਅਰਿੰਗ ਵਿਚ ਬੀ.ਟੈਕ ਸਾਹਿਲ ਸ਼ਰਮਾ ਨੇ ਟੈੱਕ ਮਹਿੰਦਰਾ ਵਿਚ ਨੌਕਰੀ ਪ੍ਰਾਪਤ ਕੀਤੀ ਹੈ।

ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਉਤਪਤੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਛੇਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਦੌਰਾਨ ਪ੍ਰਾਈਵੇਟ ਖੇਤਰ ਦੀਆਂ 1.43 ਲੱਖ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ਨੌਕਰੀ ਦੀ ਭਾਲ ਕਰਨ ਵਾਲੇ 93,593 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਲਗਭਗ ਰੋਜ਼ਗਾਰ ਦੇ ਚਾਹਵਾਨ 9.5 ਲੱਖ ਨੌਜਵਾਨਾਂ ਨੂੰ ‘ਘਰ ਘਰ ਰੋਜ਼ਗਾਰ’ ਪੋਰਟਲ ਰਾਹੀਂ ਰਜਿਸਟਰਡ ਕੀਤਾ ਗਿਆ।

ਸ੍ਰੀ ਚੰਨੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 15 ਅਕਤੂਬਰ, 2020 ਤੋਂ 15 ਦਸੰਬਰ, 2020 ਤੱਕ ਮੈਗਾ ਰੋਜ਼ਾਗਰ ਲੋਨ ਮੇਲੇ ਕਰਵਾਏ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾ ਕੇ ਸਵੈ-ਰੋਜ਼ਗਾਰ ਦੇ ਉੱਦਮਾਂ ਨੂੰ ਹੁਲਾਰਾ ਦਿੱਤਾ ਜਾ ਸਕੇ।

ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਰਾਣਾ ਗੁਰਮੀਤ ਸਿੰਘ ਸੋਢੀ ਅਤੇ ਵਿਜੈ ਇੰਦਰ ਸਿੰਗਲਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.