ਰਾਵੀ ਦਰਿਆ ਤੋਂ ਪਾਰ ਫਸੇ 150 ਵਿਅਕਤੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਦੇਰ ਰਾਤ ਤੱਕ ਜਾਰੀ ਬਚਾਅ ਕਾਰਜ

(ਰਾਜਨ ਮਾਨ)  ਅੰਮ੍ਰਿਤਸਰ। ਅੰਮਿ੍ਤਸਰ ਜ਼ਿਲ੍ਹੇ ਦੇ ਆਖਰੀ ਪਿੰਡ ਘੋਨੇਵਾਲ, ਜਿਸ ਦੇ 300 ਦੇ ਕਰੀਬ ਵਾਸੀ ਰਾਵੀ ਦਰਿਆ ਤੋਂ ਪਾਰ ਆਪਣੇ ਖੇਤਾਂ ਵਿੱਚ ਕੰਮ ਕਰਨ ਗਏ ਸਨ, ਪਰ ਰਾਵੀ ਦਰਿਆ (River Ravi ) ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਉਥੇ ਹੀ ਫਸ ਗਏ ਸਨ, ਜਿਨ੍ਹਾਂ ਨੂੰ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਫੌਜ ਦੀ ਮੱਦਦ ਨਾਲ ਕੁੱਝ ਹੀ ਘੰਟਿਆਂ ਬਾਅਦ ਸੁਰੱਖਿਅਤ ਵਾਪਸ ਕੱਢ ਲਿਆ ਗਿਆ ਹੈ। ਸ਼ਾਮ ਢੱਲਦੇ ਜਦੋਂ ਇਹ ਖਬਰ ਧਾਲੀਵਾਲ ਨੂੰ ਮਿਲੀ ਤਾਂ ਉਨ੍ਹਾਂ ਜਿਲਾ ਪ੍ਰਸ਼ਾਸਨ ਦੀ ਮੱਦਦ ਨਾਲ ਫੌਜ ਨਾਲ ਸੰਪਰਕ ਕੀਤਾ। ਫੌਜ ਨੇ ਤੁਰੰਤ ਹਰਕਤ ਵਿੱਚ ਆਉਂਦੇ ਆਪਣੇ ਜਵਾਨਾਂ ਨੂੰ ਚਾਰ ਕਿਸ਼ਤੀਆਂ ਨਾਲ ਮੌਕੇ ਉਤੇ ਭੇਜਿਆ, ਜਿੰਨਾ ਨੇ ਇਹ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਦੇਰ ਰਾਤ ਤੱਕ 150 ਦੇ ਕਰੀਬ ਵਿਅਕਤੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ, ਜਦੋਂਕਿ ਬਾਕੀਆਂ ਦੀ ਵਾਪਸੀ ਲਈ ਲਗਾਤਾਰ ਮੁਹਿੰਮ ਜਾਰੀ ਹੈ।

ਲੋਕਾਂ ਨੂੰ ਅਪੀਲ ਰਾਵੀ ਦਰਿਆ (River Ravi ) ਤੋਂ ਪਾਰ ਅਜੇ ਨਾ ਜਾਣ

ਫੌਜ ਦੀ ਸਹਾਇਤਾ ਨਾਲ ਚੱਲ ਰਹੇ ਅਪਰੇਸ਼ਨ ਦੀ ਅਗਵਾਈ ਕਰਨ ਪੁੱਜੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਵੀ ਦਰਿਆ ਤੋਂ ਪਾਰ ਅਜੇ ਨਾ ਜਾਣ, ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਨ ਹੈ ਤਾਂ ਜਹਾਨ ਹੈ। ਸ ਧਾਲੀਵਾਲ ਨੇ ਕਿਹਾ ਕਿ ਭਾਵੇਂ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮੁੱਚੀ ਪੰੰਜਾਬ ਸਰਕਾਰ ਇਸ ਮੌਕੇ ਰਾਜ ਦੇ ਸੰਕਟ ਨਾਲ ਨਜਿੱਠਣ ਲਈ ਸਰਗਰਮ ਹੈ, ਪਰ ਇਹ ਸੰਕਟ ਤੁਹਾਡੇ ਸਾਰਿਆਂ ਦੇ ਸਾਥ ਬਿਨਾ ਹੱਲ ਨਹੀਂ ਹੋਣਾ।

River Ravi

ਇਹ ਵੀ ਪੜ੍ਹੋ : ਹਜ਼ਾਰਾਂ ਏਕੜ ਫਸਲਾਂ ਪਾਣੀ ’ਚ ਡੁੱਬੀਆਂ, ਸੜਕਾਂ ’ਤੇ ਫੈਲਿਆ ਪਾਣੀ, ਪਿੰਡਾਂ ਦੇ ਸੰਪਰਕ ਟੁੱਟੇ

ਉਨ੍ਹਾਂ ਕਿਹਾ ਕਿ ਤੁਸੀਂ ਜਿੱਥੇ ਆਪਣੀ ਜਾਨ ਮਾਲ ਦੀ ਰੱਖਿਆ ਕਰੋ, ਉਥੇ ਦਰਿਆ ਦੇ ਬੰਨ੍ਹ ਉਤੇ ਵੀ ਨਜ਼ਰ ਰੱਖੋ, ਤਾਂ ਜੋ ਕਿਧਰੇ ਕੋਈ ਸੰਕਟ ਨਾ ਆਵੇ। ਇਸ ਮੌਕੇ ਹੜ ਦੇ ਪਾਣੀ ਵਿੱਚੋਂ ਕੱਢੇ ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਕਰਦੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਖੇਤਾਂ ਵਿੱਚ ਆਪਣੇ ਕੰਮਾਂ ਲਈ ਗਏ ਸਨ। ਉਸ ਵੇਲੇ ਪਾਣੀ ਆਮ ਦੀ ਤਰ੍ਹਾਂ ਸੀ, ਪਰ ਸ਼ਾਮ ਜਦੋਂ ਘਰਾਂ ਨੂੰ ਵਾਪਸ ਆਉਣ ਦਾ ਸਮਾਂ ਹੋਇਆ ਤਾਂ ਪਾਣੀ ਦਾ ਪੱਧਰ ਵੱਧ ਗਿਆ, ਜਿਸ ਕਾਰਨ ਉਥੋਂ ਨਿਕਲਣਾ ਮੁਸ਼ਕਿਲ ਹੋਣ ਕਾਰਨ ਅਸੀਂ ਸ ਧਾਲੀਵਾਲ ਨਾਲ ਸੰਪਰਕ ਕੀਤਾ, ਜੋ ਕਿ ਕੁੱਝ ਹੀ ਮਿੰਟਾਂ ਵਿੱਚ ਆਪਣੇ ਅਮਲੇ ਨਾਲ ਆ ਪੁੱਜੇ। ਉਨ੍ਹਾਂ ਕਿਹਾ ਕਿ ਅੱਜ ਇਸ ਮੱਦਦ ਸਦਕਾ ਅਸੀਂ ਵੱਡੇ ਸੰਕਟ ਵਿੱਚੋਂ ਮਹਿਫ਼ੂਜ਼ ਨਿਕਲੇ ਹਾਂ।

LEAVE A REPLY

Please enter your comment!
Please enter your name here