ਗੁਆਂਢੀ ਹੀ ਨਿਕਲਿਆ ਲੁੱਟ-ਖੋਹ ਤੇ ਕਤਲ ਦੀ ਵਾਰਦਾਤ ਦਾ ਮਾਸਟਰ ਮਾਈਂਡ, ਪੁਲਿਸ ਨੇ 5 ਸਮੇਤ ਕੀਤਾ ਕਾਬੂ

ਗੁਆਂਢੀ ਹੀ ਨਿਕਲਿਆ ਲੁੱਟ-ਖੋਹ ਤੇ ਕਤਲ ਦੀ ਵਾਰਦਾਤ ਦਾ ਮਾਸਟਰ ਮਾਈਂਡ, ਪੁਲਿਸ ਨੇ 5 ਸਮੇਤ ਕੀਤਾ ਕਾਬੂ

(ਜਸਵੀਰ ਸਿੰਘ ਗਹਿਲ) ਬਰਨਾਲਾ। ਲੰਘੇ ਦਿਨੀਂ ਜ਼ਿਲੇ ਦੇ ਕਸਬਾ ਸ਼ਹਿਣਾ ਵਿਖੇ ਹੋਈ ਲੁੱਟਖੋਹ ਤੇ ਕਤਲ ਦੀ ਵਾਰਦਾਤ ਦਾ ‘ਮਾਸਟਰ ਮਾਈਂਡ’ ਪਰਿਵਾਰ ਦਾ ਗੁਆਂਢੀ ਹੀ ਨਿਕਲਿਆ। ਜਿਸ ਨੇ ਆਪਣੇ 5 ਹੋਰ ਸਾਥੀਆਂ ਨੂੰ ਨਾਲ ਲੈ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਵੱਲੋਂ ਉਕਤ ਮਾਮਲੇ ਨੂੰ ਸੁਲਝਾਉਂਦਿਆਂ 6 ਜਣਿਆਂ ਨੂੰ ਕਾਬੂ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ 3 ਨਵੰਬਰ ਨੂੰ ਜ਼ਿਲ੍ਹਾ ਦੇ ਕਸਬਾ ਸ਼ਹਿਣਾ ਵਿਖੇ ਕੈਨੇਡਾ ਤੋਂ ਆਏ ਇੱਕ ਪਰਿਵਾਰ ਦੇ ਘਰ ਲੁੱਟ-ਖੋਹ ਅਤੇ ਪਰਿਵਾਰ ਦੀ ਬਿਰਧ ਔਰਤ ਦੇ ਕਤਲ ਹੋਣ ਦਾ ਇਤਲਾਹ ਮਿਲੀ ਸੀ। ਜਿਸ ’ਚ ਪੁਲਿਸ ਵੱਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਸੀ। ਜਿਸ ਨੂੰ ਪੁਲਿਸ ਵੱਲੋਂ 24 ਘੰਟਿਆਂ ਅੰਦਰ ਹੀ ਹੱਲ ਕਰ ਲਿਆ ਗਿਆ ਸੀ। ਉਨਾਂ ਦੱਸਿਆ ਕਿ ਐਨਆਰਆਈ ਲਛਮਣ ਸਿੰਘ ਰਿਟਾਇਰਡ ਹੈਡ ਮਾਸਟਰ ਦੇ ਘਰ ਲੁੱਟ-ਖੋਹ ਕਰਨ ਦੀ ਯੋਜਨਾ ਇਨਾਂ ਦੇ ਗੁਆਂਢੀ ਹਰਬੰਸ ਸਿੰਘ ਉਰਫ਼ ਬੰਸੀ ਵੱਲੋਂ ਹੀ ਬਣਾਈ ਗਈ ਸੀ।

ਜਿਸ ਨੇ ਪਿੰਡ ਦੇ ਵਸਨੀਕ ਆਪਣੇ 5 ਹੋਰ ਨੂੰ ਨਾਲ ਲੈ ਕੇ ਉਕਤ ਵਾਰਦਾਤ ਨੂੰ ਅੰਜ਼ਾਮ ਦਿੱਤਾ। ਜ਼ਿਲ੍ਹਾ ਪੁਲਿਸ ਮੁਖੀ ਮੁਤਾਬਕ ਹਰਬੰਸ ਸਿੰਘ ਉਰਫ਼ ਬੰਸੀ ਦੇ ਹਰਜਿੰਦਰ ਸਿੰਘ ਉਰਫ਼ ਸੁੱਖਾ, ਗੁਰਦੀਪ ਸਿੰਘ ਉਰਫ਼ ਦੀਪਾ, ਸਤਵਿੰਦਰ ਸਿੰਘ ਉਰਫ਼ ਸੱਤਾ ਤੇ ਸੁਖਪ੍ਰੀਤ ਸਿੰਘ ਉਰਫ਼ ਸੁੱਖੀ ਵਾਸੀਆਨ ਕਸਬਾ ਸ਼ਹਿਣਾ ਨੂੰ ਕਾਬੂ ਕੀਤਾ ਗਿਆ ਹੈ। ਜਿੰਨਾਂ ਕੋਲੋਂ ਕੀਤੇ ਗਏ ਸਮਾਨ ’ਚ 7 ਤੋਲੇ ਦਾ ਸੋਨੇ ਦਾ ਕੜਾ, 4 ਤੋਲੇ ਦੀਆਂ ਦੋ ਸੋਨੇ ਦੀਆਂ ਚੂੜੀਆਂ, 5500 ਰੁਪਏ ਦੀ ਨਗਦੀ, ਇੱਕ ਲੱਖ ਰੁਪਏ ਦੀ ਕੀਮਤ ਦੀ ਰੈਡੋ ਦੀ ਘੜੀ ਤੇ ਇੱਕ ਸਪਲੈਂਡਰ ਮੋਟਰ ਸਾਇਕਲ ਵੀ ਬਰਾਮਦ ਕਰ ਲਿਆ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ ਗਿ੍ਰਫ਼ਤਾਰ 5 ਜਣਿਆਂ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਵਾਂ ’ਤੇ 25 ਮਾਮਲੇ ਦਰਜ ਹਨ। ਜਦੋਂਕਿ ਗੁਰਦੀਪ ਸਿੰਘ ’ਤੇ ਲੁੱਟ- ਖੋਹ ਤੇ ਕਤਲ ਦਾ ਪਹਿਲਾ ਮਾਮਲਾ ਦਰਜ਼ ਕੀਤਾ ਗਿਆ ਹੈ।

ਸਭ ਤੋਂ ਵੱਧ ਪਛਤਾਵਾ ਹੈ, ਐਦੂ ਵੱਡਾ ਪਾਪ ਕੀ ਹੋਵੇਗਾ।’

ਪਰਿਵਾਰ ਦੇ ਗੁਆਂਢੀ ਤੇ ਵਾਰਦਾਤ ਦੇ ਮਾਸਟਰ ਮਾਈਂਡ ਹਰਬੰਸ ਸਿੰਘ ਉਰਫ਼ ਬੰਸੀ ਨੇ ਕਿਹਾ ਕਿ ਉਨਾਂ ਨੇ 2 ਘੰਟੇ ਪਹਿਲਾਂ ਹੀ ਲੁੱਟ ਖੋਹ ਦੀ ਯੋਜਨਾ ਬਣਾਈ ਸੀ। ਜਿਸ ਦੌਰਾਨ ਉਹਨਾਂ ਦੀ ਕਤਲ ਕਰਨ ਦੀ ਕੋਈ ਮਨਸ਼ਾ ਨਹੀਂ ਸੀ। ਪਰ ਔਰਤ ਵੱਲੋਂ ਉਨਾਂ ਦੀ ਪਛਾਣ ਕਰ ਲਏ ਜਾਣ ਕਾਰਨ ਉਨਾਂ ਵੱਲੋਂ ਉਸਦਾ ਮੂੰਹ ਜਿਆਦਾ ਦਬਾਇਆ ਗਿਆ। ਜਿਸ ਨਾਲ ਸਾਹ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ। ਬੰਸੀ ਨੇ ਇਹ ਵੀ ਕਿਹਾ ਕਿ ਉਨਾਂ ਦੇ ਬੇਸ਼ੱਕ ਉਨਾਂ ਦੇ ਘਰ ਆਉਣਾ ਜਾਣਾ ਨਹੀਂ ਸੀ ਪਰ ਘਰ ਸਾਹਮਣੇ ਹੋਣ ਕਾਰਨ ਸੋਨਾ ਪਾਇਆ ਦਿਸ ਰਿਹਾ ਸੀ। ਉਨਾਂ ਅੱਗੇ ਕਿਹਾ ਕਿ ‘ਸਭ ਤੋਂ ਵੱਧ ਪਛਤਾਵਾ ਹੈ, ਐਦੂ ਵੱਡਾ ਪਾਪ ਕੀ ਹੋਵੇਗਾ।’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ