ਝੋਨੇ ਦੀ ਫ਼ਸਲ ਦਾ ਬਦਲ ਲੱਭਣ ਦੀ ਲੋੜ

Alternative, Paddy, Crop

ਕਮਲ ਬਰਾੜ

ਪੰਜਾਬ ਇੱਕ ਖੇਤੀ ਸੂਬਾ ਹੈ। ਇੱਥੇ 70 ਪ੍ਰਤੀਸ਼ਤ ਲੋਕ ਸਿੱਧੇ ਜਾਂ ਅਸਿੱਧੇ ਤੌਰ ‘ਤੇ ਖੇਤੀ ਨਾਲ ਜੁੜੇ ਹੋਏ ਹਨ। 1966 ਦੀ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਵਿਚ ਵੱਡੇ ਪੱਧਰ ‘ਤੇ ਅੰਨ ਦਾ ਉਤਪਾਦਨ ਹੋਣ ਲੱਗਿਆ। ਇਸ ਤੋਂ ਪਹਿਲਾਂ ਪੰਜਾਬ ਆਪਣੇ ਖਾਣ ਜੋਗਾ ਅੰਨ ਪੈਦਾ ਕਰਦਾ ਸੀ ਪਰ ਹੁਣ ਵੱਡੇ ਪੱਧਰ ‘ਤੇ ਪੰਜਾਬ ਦੇਸ਼ ਦੇ ਅੰਨ ਉਤਪਾਦਨ ਵਿਚ ਆਪਣਾ ਯੋਗਦਾਨ ਪਾਉਣ ਲੱਗਿਆ ਹੈ।

ਪੰਜਾਬ ਵਿਚ ਲੰਮੇ ਸਮੇਂ ਤੋਂ ਕਣਕ-ਝੋਨੇ ਦਾ ਰਵਾਇਤੀ ਫਸਲ ਚੱਕਰ ਚੱਲ ਰਿਹਾ ਹੈ। ਪੰਜਾਬ ਦੇ ਕੁਝ ਜਿਲ੍ਹਿਆਂ ਵਿਚ ਜਿੱਥੇ ਪਾਣੀ ਦੀ ਸਮੱਸਿਆ ਹੈ Àੁੱਥੇ ਕਪਾਹ-ਨਰਮੇ ਦੀ ਕਾਸ਼ਤ ਕੀਤੀ ਜਾਂਦੀ ਹੈ ਨਹੀਂ ਤਾਂ ਜਿਆਦਾਤਰ ਹਿੱਸੇ ‘ਚ ਝੋਨਾ ਲੱਗਦਾ ਹੈ ਤੇ ਜੇਕਰ ਇਸ ਤਰ੍ਹਾਂ ਚਲਦਾ ਰਿਹਾ ਤਾਂ ਅਸੀਂ ਇੱਕ ਦਿਨ ਪੰਜਾਬ ਦੀ ਧਰਤੀ ਨੂੰ ਬੰਜਰ ਕਰ ਲਵਾਂਗੇ ਕਿਉਂਕਿ ਧਰਤੀ ਹੇਠ ਤਿੰਨ ਤਹਿਆਂ ਹੁੰਦੀਆਂ ਹਨ ਤੇ ਪਾਣੀ ਦੂਸਰੀ ਤਹਿ ‘ਚੋਂ ਕੱਢਿਆ ਜਾਣ ਲੱਗ ਪਿਆ ਹੈ। ਹਰੇਕ ਸਾਲ ਪਾਣੀ ਡੂੰਘੇ ਹੁੰਦੇ ਜਾ ਰਹੇ ਹਨ ਜੇਕਰ ਪੰਜਾਬ ਵਿਚ ਇਸ ਸਥਿਤੀ ‘ਤੇ ਨਜ਼ਰਸਾਨੀ ਕੀਤੀ ਜਾਵੇ ਤਾਂ ਪੰਜਾਬ ਸਟੇਟ ਵਿਕਾਸ ਫੋਰਮ ਦੀ ਇੱਕ ਰਿਪੋਰਟ ਅਨੁਸਾਰ, ਸਾਡੇ ਪੰਜਾਬ ਵਿਚ ਹੀ 23 ਫੀਸਦੀ ਜ਼ਮੀਨ ਨੂੰ ਨਹਿਰੀ ਪਾਣੀ ਦਿੱਤਾ ਜਾਂਦਾ ਹੈ। ਅੱਜ-ਕੱਲ੍ਹ ਪੰਜਾਬ ਵਿਚ ਫ਼ਸਲਾਂ ਨੂੰ 540 ਲੱਖ ਏਕੜ ਫੁੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ। ਪੰਜਾਬ ਵਿਚ ਇਸ ਵੇਲੇ 14 ਲੱਖ ਤੋਂ ਜਿਆਦਾ ਟਿਊਬਵੈੱਲ ਹਨ। ਜਿਹਨਾਂ ਵਿਚੋਂ ਇੱਕ ਤਿਹਾਈ ਡੀਜ਼ਲ ‘ਤੇ ਚਲਦੇ ਹਨ। ਧਰਤੀ ਵਿਚ ਜੋ ਹਜ਼ਾਰਾਂ ਸਾਲਾਂ ਵਿਚ ਪਾਣੀ ਜਮ੍ਹਾ ਹੋਇਆ ਸੀ ਅੱਜ ਉਸ ਨੂੰ ਬੇਦਰਦ ਤਰੀਕੇ ਨਾਲ ਚੂਸਿਆ ਜਾ ਰਿਹਾ ਹੈ ।

ਹੁਣ ਜਦੋਂ Àੁੱਪਰਲੀ ਤਹਿ ਵਿਚ ਪਾਣੀ ਨਹੀਂ ਰਿਹਾ ਤਾਂ ਡੂੰਘੇ ਸਬਮਰਸੀਬਲ ਪੰਪ ਲਾ ਕੇ ਇਸ ਪਾਣੀ ਦੀ ਬਰਬਾਦੀ ਕੀਤੀ ਜਾ ਰਹੀ ਹੈ। ਇਹ ਡੂੰਘੇ ਪੰਪ 5 ਤੋਂ 6 ਸੌ ਫੁੱਟ ਤੱਕ ਧਰਤੀ ਵਿਚੋਂ ਪਾਣੀ ਚੂਸਦੇ ਹਨ ਜਿਸ ਕਾਰਨ ਪੰਜਾਬ ਵਿਚ ਵੀ ਕਾਫੀ ਇਲਾਕਿਆਂ ਨੂੰ ਡਾਰਕ ਜੋਨ ਘੋਸ਼ਿਤ ਕੀਤਾ ਜਾ ਚੁੱਕਿਆ ਹੈ। ਇਸ ਦਾ ਮੁੱਖ ਕਾਰਨ ਪੰਜਾਬ ਦੀ ਧਰਤੀ ‘ਤੇ ਚੱਲ ਰਿਹਾ ਫ਼ਸਲੀ ਚੱਕਰ ਹੀ ਹੈ। ਇਹ ਹੀ ਨਹੀਂ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਵਧਣ ਕਾਰਨ ਬਹੁਤ ਸਾਰੇ ਲੋਕ ਘਾਤਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜਿਹਨਾਂ ਵਿਚ ਕੈਂਸਰ, ਚਮੜੀ ਆਦਿ ਦੀਆਂ ਬਿਮਾਰੀਆਂ ਪ੍ਰਮੁੱਖ ਹਨ। ਹਜ਼ਾਰਾਂ ਲੋਕ ਕੈਂਸਰ ਨਾਲ ਮਰ ਚੁੱਕੇ ਹਨ ਅਤੇ ਬਹੁਤ ਸਾਰੇ ਲੋਕ ਮਰਨ ਲਈ ਤਿਆਰ ਬੈਠੇ ਹਨ। ਇਸ ਦਾ ਮੁੱਖ ਕਾਰਨ ਵੀ ਪਾਣੀ ਵਿਚ ਘਾਤਕ ਰਿਸਾਇਣਾਂ ਦਾ ਮਿਲਣਾ ਹੈ। ਪਾਣੀ ਵਿਚ ਫੈਕਟਰੀਆਂ ਅਤੇ ਉਦਯੋਗਾਂ ਦੁਆਰਾ ਮਿਲਾਇਆ ਜਾ ਰਿਹਾ ਰਸਾਇਣ ਮਨੁੱਖੀ ਸਮਾਜ ਲਈ ਅੱਜ ਘਾਤਕ ਬਣਦਾ ਜਾ ਰਿਹਾ ਹੈ। ਇਹ ਹੀ ਨਹੀਂ ਪਾਣੀ ਦੀ ਘਾਟ ਵੱਡੇ ਦੁਖਾਂਤ ਦਾ ਰੂਪ ਲਵੇਗੀ।

ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਲੋਕਾਂ ਨੂੰ ਜਾਗਰੂਕ:

ਪਾਣੀ ਦੀ ਗੁਣਵੱਤਾ ਸੁਧਾਰਨ ਲਈ ਹਰ ਇਨਸਾਨ ਪਹਿਲ ਕਰ ਸਕਦਾ ਹੈ। ਲੋਕਾਂ ਨੂੰ ਪਾਣੀ ਦੀ ਗੁਣਵੱਤਾ ਅਤੇ ਸਿਹਤ ਦੇ ਵਿਸ਼ੇ ‘ਤੇ ਜਾਗਰੂਕ ਕੀਤਾ ਜਾ ਸਕਦਾ ਹੈ। ਸ਼ਹਿਰਾਂ ਵਿਚ ਜਿਆਦਾਤਰ ਹਿੱਸਿਆਂ ਵਿਚ ਪੱਕੇ ਫ਼ਰਸ਼ ਹੋਣ ਕਾਰਨ ਪਾਣੀ ਜ਼ਮੀਨ ਦੇ ਅੰਦਰ ਨਾ ਜਾ ਕੇ ਕਿਸੇ ਵੀ ਜਲ ਸਰੋਤ ਵਿਚ ਵਹਿ ਜਾਂਦਾ ਹੈ। ਰਸਤੇ ਵਿਚ ਇਹ ਸਾਡੇ ਦੁਆਰਾ ਸੁੱਟੇ ਗਏ ਖਤਰਨਾਕ ਰਸਾਇਣ, ਤੇਲ, ਗ੍ਰੀਸ ਨੂੰ ਆਪਣੇ ਨਾਲ ਵਹਾਅ ਕੇ ਲੈ ਜਾਂਦਾ ਹੈ ਜਿਸ ਕਾਰਨ ਪੂਰੇ ਦਾ ਪੂਰਾ ਜਲ ਸਰੋਤ ਹੀ ਖਰਾਬ ਕਰ ਦਿੰਦਾ ਹੈ ।

ਪੰਜਾਬ ਨੂੰ ਇਸ ਸਮੇਂ ਦੋਹਰੀ ਮਾਰ ਪੈ ਰਹੀ ਹੈ ਜਿੱਥੇ ਝੋਨੇ ਦੀ ਖੇਤੀ ਕਾਰਨ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ, ਉੱਥੇ ਫਸਲਾਂ ‘ਤੇ ਕੀਤੇ ਜਾਂਦੇ ਰਸਾਇਣਾਂ ਨਾਲ ਧਰਤੀ ਹੇਠਲਾ ਪਾਣੀ ਪੀਣ-ਯੋਗ-ਨਹੀਂ ਰਿਹਾ। ਇੱਥੇ ਕਸੂਰਵਾਰ ਕਿਸਾਨਾਂ ਨੂੰ ਵੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਉਸ ਕੋਲ ਕੋਈ ਬਦਲ ਨਹੀਂ ਨਾ ਹੀ ਬਾਕੀ ਫਸਲਾਂ, ਜਿਵੇਂ ਕਿ ਆਲੂ, ਮੱਕੀ, ਨਰਮਾ, ਕਪਾਹ ਦੀਆਂ ਨਿਰਧਾਰਿਤ ਕੀਮਤਾਂ ਹਨ ਕਿ ਕਿਸਾਨ ਇਨ੍ਹਾਂ ਦੀ ਕਾਸ਼ਤ ਕਰ ਸਕੇ। ਇਸ ਮੁੱਦੇ ‘ਤੇ ਸਰਕਾਰਾਂ ਬਿਲਕੁਲ ਚੁੱਪ ਹਨ ਉਹ ਕਿਉਂ ਨਹੀਂ ਕਿਸਾਨਾਂ ਨੂੰ ਝੋਨੇ ਦੀ ਫਸਲ ਦਾ ਬਦਲ ਦੇ ਰਹੀਆਂ? ਇਸ ਤਰ੍ਹਾਂ ਇਹਨਾਂ ਕਾਰਨਾਂ ਕਾਰਨ ਸਾਡੀ ਧਰਤੀ ਤੇ ਪਾਣੀ ਦਿਨੋਂ-ਦਿਨ ਖਰਾਬ ਹੁੰਦਾ ਜਾ ਰਿਹਾ ਹੈ। ਸਾਨੂੰ ਸਾਡੇ ਜੀਵਨ ਦੀ ਅਤਿ ਲੋੜ ਨੂੰ ਬਚਾਉਣ ਲਈ ਵੱਡੇ ਪੱਧਰ ‘ਤੇ ਉਪਰਾਲੇ ਕਰਨੇ ਪੈਣਗੇ। ਸਾਨੂੰ ਪਾਣੀ ਦੀ ਹਰ ਇੱਕ ਬੂੰਦ ਨੂੰ ਬਚਾਉਣ ਲਈ ਯਤਨ ਕਰਨੇ ਪੈਣਗੇ। ਘਰਾਂ ਵਿਚ ਪਾਣੀ ਵਰਤਣ ਵੇਲੇ ਸੰਕੋਚ ਤੋਂ ਕੰਮ ਲੈਣਾ ਪਵੇਗਾ। ਇਹ ਹੀ ਨਹੀਂ ਪਾਣੀ ਨੂੰ ਬਚਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਪਾਣੀ ਨੂੰ ਬਚਾਉਣ ਲਈ ਕੋਈ ਪੁਖ਼ਤਾ ਕਦਮ ਚੁੱਕਣੇ ਪੈਣਗੇ। ਜਿੱਥੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ ਹੈ, ਉੱਥੇ ਹੀ ਪਾਣੀ ਨੂੰ ਬਚਾਉਣ ਲਈ ਕਾਨੂੰਨਾਂ ਦਾ ਨਿਰਮਾਣ ਕਰਨਾ ਪਵੇਗਾ। ਇਸ ਤਰ੍ਹਾਂ ਦੇ ਕਾਨੂੰਨਾਂ ਦਾ ਨਿਰਮਾਣ ਕਰਨਾ ਵੀ ਜਰੂਰੀ ਹੈ ਕਿ ਜਿੱਥੇ ਪਾਣੀ ਆਦਿ ਇਸ ਤਰ੍ਹਾਂ ਮਨੁੱਖਾਂ Àੁੱਪਰ ਛਿੜਕਿਆ ਜਾਂਦਾ ਹੈ, ਰੋਕਣਾ ਜਰੂਰੀ ਹੈ।

ਕਿਸਾਨਾਂ ਨੂੰ ਘੱਟ ਪਾਣੀ ਵਾਲੀਆਂ ਫ਼ਸਲਾਂ ਉਗਾਉਣ ਦੀ ਸਲਾਹ ਦੇਣੀ ਪਵੇਗੀ। ਘਰਾਂ, ਪਾਰਕਾਂ ਅਤੇ ਸ਼ਹਿਰਾਂ ਵਿਚ ਅਜਾਈਂ ਡੁੱਲ੍ਹ ਰਹੇ ਪਾਣੀ ਨੂੰ ਬਚਾਉਣ ਤੋਂ ਰੋਕਣ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਸਹਾਰਾ ਲੈਣਾ ਪਵੇਗਾ। ਲੋਕਾਂ ਨੂੰ ਦੱਸਣਾ ਪਵੇਗਾ ਕਿ ਪਾਣੀ ਸਾਡੇ ਜੀਵਨ ਦੀ ਰੇਖਾ ਹੈ। ਜੇਕਰ ਇਹ ਨਾ ਰਿਹਾ ਤਾਂ ਮਨੁੱਖੀ ਜੀਵਨ ਤਬਾਹ ਹੋ ਜਾਵੇਗਾ ਖੇਤੀ ਮਾਹਿਰਾਂ ਦੀਆਂ ਟੀਮਾਂ ਨੂੰ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿਚ ਜਾ ਕੇ ਸਰਵੇ ਕਰਨ ਦੀ ਲੋੜ ਹੈ ਕਿ ਇੱਥੋਂ ਦੀ ਮਿੱਟੀ ਕਿਸ ਫਸਲ ਲਈ ਫਾਇਦੇਮੰਦ ਹੋ ਸਕਦੀ ਹੈ। ਉੱਥੇ ਉਸ ਤਰ੍ਹਾਂ ਦੀਆਂ ਫਸਲਾਂ ਨੂੰ ਉਗਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਪੰਜਾਬ ਦੇ ਕੁਝ ਇਲਾਕਿਆਂ ਵਿਚ ਫਲਾਂ ਤੇ ਸਬਜ਼ੀਆਂ ਲਈ ਭੂਮੀ ਉਪਯੋਗੀ ਹੈ ਉੱਥੇ ਸਬਜੀਆਂ ਤੇ ਬਾਗਬਾਨੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਪੰਜਾਬ ਦਾ ਕਿਸਾਨ ਬਰਕਤ ਭਰਪੂਰ  ਤੇ ਮਿਹਨਤੀ ਹੈ ਉਸ ਨੇ ਸਦੀਆਂ ਤੋਂ ਬੰਜਰ ਪਈਆਂ ਜਮੀਨਾਂ ‘ਤੇ ਫਸਲਾਂ ਲਹਿਰਾਉਣ ਲਾ ਦਿੱਤੀਆਂ ਹਨ। ਉਸ ਨੂੰ ਇਸ ਸਮੇਂ ਸੇਧ ਦੀ ਲੋੜ ਹੈ ਤੇ ਰਵਾਇਤੀ ਫਸਲੀ ਚੱਕਰ ਤੋਂ ਉਸ ਨੂੰ ਕੱਢਿਆ ਜਾਵੇ।ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਕੇਂਦਰ ਤੇ ਰਾਜ ਸਰਕਾਰਾਂ ਮਿਲ ਕੇ ਖੇਤੀ ਨੀਤੀ ਬਣਾਉਣ ਕਿ ਬਾਕੀ ਫਸਲਾਂ ਦਾ ਵਧੀਆ ਮੰਡੀਕਰਨ ਹੋ ਸਕੇ ਨਹੀਂ ਤਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਨੂੰ ਬੰਜਰ ਕਰਕੇ ਛੱਡ ਜਾਵਾਂਗੇ ਜੋ ਸਾਨੂੰ ਵੱਡ-ਵਡੇਰਿਆਂ ਤੋਂ ਵਿਰਸੇ ਵਿਚ ਮਿਲੀ ਸੀ ਤੇ ਉਸ ਪੀੜ੍ਹੀ ਕੋਲ ਪਾਣੀ ਵੀ ਨਹੀਂ ਹੋਵੇਗਾ ਤਾਂ ਜੋ ਉਹ ਧਰਤੀ ਆਬਾਦ ਕਰ ਸਕੇ।

ਕੋਟਲੀ ਅਬਲੂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।