ਫਸਲੀ ਰਹਿੰਦ-ਖੂੰਹਦ ਦੇ ਹੱਲ ਲਈ ਸੁਹਿਰਦ ਯਤਨਾਂ ਦੀ ਲੋੜ

ਫਸਲੀ ਰਹਿੰਦ-ਖੂੰਹਦ ਦੇ ਹੱਲ ਲਈ ਸੁਹਿਰਦ ਯਤਨਾਂ ਦੀ ਲੋੜ

ਪੰਜਾਬ ਇੱਕ ਖੇਤੀ ਪ੍ਰਧਾਨ ਰਾਜ ਹੈ ਇੱਥੋਂ ਦੇ ਕਿਸਾਨ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚ ਉਲਝੇ ਹੋਏ ਹਨ। ਇਸਦੇ ਨਾਲ ਲੱਗਦੇ ਸੂਬੇ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਆਦਿ ਵਿੱਚ ਵੀ ਕਣਕ-ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ। ਫਸਲਾਂ ਦੀ ਰਹਿੰਦ-ਖੂੰਹਦ ਦਾ ਯੋਗ ਨਿਪਟਾਰਾ ਹਰ ਸੀਜਨ ਵਿੱਚ ਸਮੱਸਿਆ ਹੋ ਨਿੱਬੜਦਾ ਹੈ ਅਤੇ ਕਿਸਾਨ ਇਸ ਨੂੰ ਅੱਗ ਲਾ ਕੇ ਆਪਣਾ ਕੰਮ ਮੁਕਾਉਣ ਦੀ ਕੋਸ਼ਿਸ਼ ਕਰਦੇ ਹਨ। ਝੋਨੇ ਦੀ ਪਰਾਲੀ ‘ਚ ਸਿਲੀਕਾ ਕਾਫੀ ਮਾਤਰਾ ‘ਚ ਹੁੰਦੀ ਹੈ ਜਿਸ ਕਰਕੇ ਇਹ ਪਸ਼ੂਆਂ ਦੇ ਚਾਰੇ ‘ਚ ਜਿਆਦਾ ਉਪਯੋਗੀ ਨਹੀਂ ਮੰਨੀ ਜਾਂਦੀ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕਿਸਾਨਾਂ ਨੂੰ ਪਰਾਲੀ ਤੇ ਹੋਰ ਖੇਤੀ ਰਹਿੰਦ-ਖੂੰਹਦ ਨਾ ਸਾੜਨ ਦੀ ਬੇਨਤੀ ਨਸੀਹਤ ਦੇ ਰੂਪ ਵਿੱਚ ਕਰਦੀ ਆ ਰਹੀ ਹੈ ਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਤੱਤਪਰ ਹੈ।

ਪਰਾਲੀ ਦੀ ਸੁਚੱਜੀ ਵਰਤੋਂ ਲਈ ਸਮੇਂ-ਸਮੇਂ ‘ਤੇ ਕਿਸਾਨਾਂ ਨੂੰ ਮਾਹਿਰ ਆਪਣੀਆਂ ਖੋਜਾਂ ਬਾਰੇ ਦੱਸਦੇ ਹਨ ਤੇ ਆਧੁਨਿਕ ਵਿਧੀਆਂ ਨਾਲ ਪਰਾਲੀ ਨੂੰ ਵਰਤੋਂ ‘ਚ ਲਿਆ ਕੇ ਇਸ ਤੋਂ ਮੁਨਾਫਾ ਕਮਾਉਣ ਦੇ ਤਰੀਕਿਆਂ ਬਾਰੇ ਚਰਚਾ ਕਰਦੇ ਹਨ। ਆਧੁਨਿਕ ਯੰਤਰਾਂ ਦੀ ਮੱਦਦ ਨਾਲ ਪਰਾਲੀ ਦੀਆਂ ਗੰਢਾਂ ਬਣਾ ਕੇ ਕਾਗਜ, ਗੱਤਾ ਫੈਕਟਰੀਆਂ ਨੂੰ ਸਪਲਾਈ ਕਰਕੇ ਪੈਸਾ ਕਮਾਉਣ ਦੇ ਨਾਲ ਕਣਕ ਦੀ ਸਿੱਧੀ ਬਿਜਾਈ ਬਾਰੇ ਕਿਸਾਨਾਂ ਨੂੰ ਦੱਸਿਆ ਜਾਂਦਾ ਹੈ। ਯੰਤਰ ਮਹਿੰਗੇ ਹੋਣ ਕਾਰਨ ਇਹ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ।

ਪ੍ਰਸ਼ਾਸਨ ਆਪਣੇ ਪੱਧਰ ‘ਤੇ ਉਪਰਾਲੇ ਕਰਦਾ ਹੈ ਤੇ ਪ੍ਰਸ਼ਾਸਨਿਕ ਹੁਕਮਾਂ ਨੂੰ ਛਿੱਕੇ ਟੰਗ ਕੇ ਕਿਸਾਨ ਸ਼ਰੇਆਮ ਝੋਨੇ ਦੀ ਨਾੜ ਤੇ ਹੋਰ ਖੇਤੀ ਰਹਿੰਦ-ਖੂੰਹਦ ਨੂੰ ਅੱਗ ਲਾਉਂਦੇ ਹਨ ਜਿਸ ਕਾਰਨ ਖੇਤਾਂ ਤੇ ਸੜਕਾਂ ਕੰਢੇ ਦਰੱਖਤ ਬੁਰੀ ਤਰ੍ਹਾਂ ਝੁਲਸ ਜਾਂਦੇ ਹਨ।ਵਾਤਾਵਰਨ ਵਿੱਚ ਧੁੰਦਨੁਮਾ ਧੂੰਏਂ ਦੀ ਚਾਦਰ ਵਿਛ ਜਾਂਦੀ ਹੈ ਜਿਸ ਕਰਕੇ ਸਾਹ ਲੈਣਾ ਔਖਾ ਹੋ ਜਾਂਦਾ ਹੈ। ਪਰਾਲੀ ਤੇ ਹੋਰ ਖੇਤੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਵਾਤਾਵਰਨ ‘ਚ ਧੂੰਏਂ ਦਾ ਪ੍ਰਸਾਰ ਹੋ ਜਾਂਦਾ ਹੈ। ਖੇਤਾਂ ਦਾ ਧੂੰਆਂ ਸੜਕੀ ਆਵਾਜਾਈ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਤੇ ਖਤਰਨਾਕ ਹਾਦਸੇ ਵਾਪਰਦੇ ਹਨ। ਪ੍ਰਦੂਸ਼ਿਤ ਹੋ ਰਹੀ ਹਵਾ, ਪਾਣੀ ਨੇ ਲੋਕਾਂ ਨੂੰ ਤੰਦਰੁਸਤ ਰਹਿਣ ਦੀ ਚੁਣੌਤੀ ਦਿੱਤੀ ਹੈ।

ਪਰਾਲੀ ਦੇ ਧੂੰਏਂ ਤੋਂ ਨਿੱਕਲਣ ਵਾਲੀਆਂ ਜਹਿਰੀਲੀਆਂ ਗੈਸਾਂ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ ਆਦਿ ਵਾਤਾਵਰਨ ਨੂੰ ਦੂਸ਼ਿਤ ਕਰ ਰਹੀਆਂ ਹਨ। ਬੱਚੇ, ਬਜੁਰਗ ਅਤੇ ਸਾਹ ਦਮੇ ਦੇ ਮਰੀਜਾਂ ਦੀ ਹਾਲਤ ਬਹੁਤ ਮਾੜੀ ਹੋ ਜਾਂਦੀ ਹੈ ਉਨ੍ਹਾਂ ਨੂੰ ਸਾਹ ਲੈਣ ਵਿੱਚ ਬੜੀ ਦਿੱਕਤ ਆਉਂਦੀ ਹੈ। ਅੱਖਾਂ ਤੇ ਗਲੇ ਵਿੱਚ ਜਲਣ ਦੀ ਸਮੱਸਿਆ ਬਹੁਤ ਵਧ ਜਾਂਦੀ ਹੈ। ਹਵਾ ਵਿੱਚ ਬੇਲੋੜੇ ਧੂੜ ਕਣਾਂ ਤੇ ਗੈਸਾਂ ਦੀ ਮਾਤਰਾ ਵਧਣ ਨਾਲ ਧਰਤੀ ਨੂੰ ਵਧੇਰੇ ਗਰਮ ਹੋਣ ਲਈ ਮਜਬੂਰ ਕੀਤਾ ਹੈ ਜਿਸਨੇ ਆਲਮੀ ਤਪਸ਼ ਦਾ ਖਤਰਾ ਵਧਾ ਦਿੱਤਾ ਹੈ। ਸਭ ਤੋਂ ਵੱਧ ਹਵਾ ਕਾਰਬਨ ਮੋਨੋਆਕਸਾਈਡ ਗੈਸ ਨਾਲ ਪ੍ਰਦੂਸ਼ਿਤ ਹੋ ਰਹੀ ਹੈ ਇਸਦਾ ਹਵਾ ਪ੍ਰਦੂਸ਼ਣ ਵਿੱਚ 50 ਫੀਸਦੀ ਯੋਗਦਾਨ ਹੈ।

ਵਧਦੇ ਪ੍ਰਦੂਸਣ ਦੇ ਕੁਪ੍ਰਭਾਵ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਹਵਾ ਪਾਣੀ ਵਿਚ ਵਧਦੀ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਅਕਸਾਈਡ, ਹਾਈਕਲੋਰਿਕ ਐਸਿਡ ਦੇ ਜਹਿਰੀਲੇ ਤੱਤਾਂ ਨੇ ਤੇਜ਼ਾਬੀ ਵਰਖਾ ਨੂੰ ਸਦਾ ਦਿੱਤਾ ਹੈ। ਹੁਣ ਤੱਕ ਸਭ ਤੋਂ ਤੇਜਾਬੀ ਵਰਖਾ ਵੈਸਟ ਵਰਜੀਨੀਆ ਵਿਚ ਹੋਈ ਜਿਸਦਾ ਪੀਐਚ ਮੁੱਲ 1.5 ਸੀ। ਜਰਮਨੀ, ਸਵੀਡਨ, ਰੋਮਾਨੀਆ ਅਤੇ ਪੋਲੈਂਡ ਜਿਹੇ ਦੇਸ਼ਾਂ ਵਿਚ ਪੰਜਾਹ ਫੀਸਦੀ ਕੁਦਰਤੀ ਜੰਗਲ ਤੇਜਾਬੀ ਵਰਖਾ ਨੇ ਨਸ਼ਟ ਕਰ ਦਿੱਤੇ ਹਨ। ਇਸ ਨੇ ਤਾਂ ਤਾਜ ਮਹਿਲ ਨੂੰ ਵੀ ਨਹੀਂ ਬਖਸ਼ਿਆ ਉਸਦੀ ਸੁੰਦਰਤਾ ਨੂੰ ਦਾਗ ਲੱਗਣੇ ਸ਼ੁਰੂ ਹੋ ਗਏ ਹਨ।

ਹਰ ਸਾਲ ਤਾਪਮਾਨ ਲਗਭਗ 0.6 ਸੈਲਸੀਅਸ ਦੀ ਦਰ ਨਾਲ ਵਧ ਰਿਹਾ ਹੈ, ਜਿਸਨੇ ਹਰਾ ਗ੍ਰਹਿ ਪ੍ਰਭਾਵ ਨੂੰ ਜਨਮ ਦਿੱਤਾ ਹੈ ਤੇ ਆਲਮੀ ਤਪਸ਼ ਦਾ ਖਤਰਾ ਵਧਾ ਦਿੱਤਾ ਹੈ। ਆਉਣ ਵਾਲੇ ਸਮੇਂ ‘ਚ ਧਰਤੀ ਦਾ ਤਾਪਮਾਨ 2 ਤੋਂ 4 ਡਿਗਰੀ ਵਧ ਜਾਵੇਗਾ। ਗਲੇਸ਼ੀਅਰਾਂ ਦਾ ਪਿਘਲਣਾ ਜਾਰੀ ਹੈ, ਗੰਗੋਤਰੀ ਗਲੇਸ਼ੀਅਰ ਦੇ ਪਿਘਲਣ ਦੀ ਦਰ ਹੁਣ ਤੀਹ ਮੀਟਰ ਪ੍ਰਤੀ ਸਾਲ ਹੈ। ਸਮੁੰਦਰਾਂ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਜਿਸ ਕਰਕੇ ਹੜ, ਸੁਨਾਮੀ ਆਮ ਹੋ ਜਾਣਗੇ। ਬੇਮੌਸਮੀ ਬਰਸਾਤ, ਗਰਮੀ ਸਰਦੀ ਨੇ ਫਸਲਾਂ ਦੇ ਝਾੜ ਉੱਪਰ ਵੀ ਡੂੰਘਾ ਅਸਰ ਪਾਇਆ ਹੈ।

ਇੱਕ ਸ਼ਿਕਾਇਤਕਰਤਾ ਨੇ ਕੌਮੀ ਗ੍ਰੀਨ ਟ੍ਰਿਬਿਊਨਲ ਕੋਲ ਦਿੱਲੀ ਵਿੱਚ ਝੋਨੇ ਦੀ ਕਟਾਈ ਸਮੇਂ ਧੂੰਆਂ ਰੂਪੀ ਧੁੰਦ ਦਾ ਜਿੰਮੇਵਾਰ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੁਆਰਾ ਸਾੜੀ ਜਾਂਦੀ ਪਰਾਲੀ ਨੂੰ ਦਰਸਾਇਆ ਸੀ। ਕੌਮੀ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਇਸ ਵਧਦੀ ਸਮੱਸਿਆ ਦਾ ਨੋਟਿਸ ਲੈਂਦਿਆਂ ਇਨ੍ਹਾਂ ਸੂਬਾ ਸਰਕਾਰਾਂ ਨੂੰ ਇਸ ਮੁਸ਼ਕਲ ਦੇ ਹੱਲ ਲਈ ਕਿਸਾਨਾਂ ਨਾਲ ਮਿਲ ਕੇ ਕੰਮ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਫਸਲੀ ਰਹਿੰਦ-ਖੂੰਹਦ ਸਾੜਨ ਵਾਲੇ ਲੋਕਾਂ ਖਿਲਾਫ ਸਖਤੀ ਕਰਨ ਦੇ ਹੁਕਮ ਦਿੱਤੇ ਸਨ ਤੇ 2500 ਰੁਪਏ ਤੋਂ ਲੈਕੇ 15000 ਰੁਪਏ ਤੱਕ ਜੁਰਮਾਨੇ ਦੀ ਗੱਲ ਕਹੀ ਸੀ ਤਾਂ ਜੋ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਚੌਗਿਰਦੇ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਜੋ ਕਿਸਾਨ ਖੇਤੀ ਰਹਿੰਦ-ਖੂੰਹਦ ਨੂੰ ਨਹੀਂ ਸਾੜਦੇ ਉਨ੍ਹਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਜੋ ਰਹਿੰਦ-ਖੂੰਹਦ ਸਾੜਦੇ ਹਨ ਉਨ੍ਹਾਂ ਕਿਸਾਨਾਂ ਨੂੰ ਸਰਕਾਰ ਵੱਲੋਂ ਮਿਲੀ ਮੱਦਦ ਵਾਪਸ ਲਈ ਜਾਵੇ। ਇਹ ਦਰੁਸਤ ਫੈਸਲਾ ਚਾਹੇ ਦੇਰ ਨਾਲ ਹੀ ਲਿਆ ਗਿਆ ਹੈ ਪਰ ਇਸਦੀ ਸਾਰਥਿਕਤਾ ਸਵਾਲਾਂ ਦੇ ਘੇਰੇ ਵਿੱਚ ਹੈ।

ਇੱਥੇ ਇਹ ਗੱਲ ਵਰਣਨਯੋਗ ਹੈ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਸਿਰਫ ਕਿਸਾਨਾਂ ਦੁਆਰਾ ਸਾੜੀ ਜਾ ਰਹੀ ਪਰਾਲੀ (ਰਹਿੰਦ-ਖੂੰਹਦ) ਹੀ ਨਹੀਂ ਕਰ ਰਹੀ ਸਗੋਂ ਫੈਕਟਰੀਆਂ ਤੇ ਰਸਾਇਣਕ ਉਦਯੋਗਾਂ ਨੇ ਵੀ ਹਵਾ-ਪਾਣੀ ਨੂੰ ਪ੍ਰਦੂਸ਼ਿਤ ਕੀਤਾ ਹੈ ਤੇ ਲਗਾਤਾਰ ਹਵਾ ਪਾਣੀ ਵਿੱਚ ਜ਼ਹਿਰਾਂ ਘੋਲ ਰਹੇ ਹਨ। ਕਾਰਪੋਰੇਟ ਘਰਾਣਿਆਂ ਨਾਲ ਸਬੰਧਿਤ ਇਨ੍ਹਾਂ ਕਾਰਖਾਨਿਆਂ ਖਿਲਾਫ ਕੋਈ ਕਾਰਵਾਈ ਅਜੇ ਤੱਕ ਨਹੀ ਕੀਤੀ ਗਈ। ਹਵਾ ਪ੍ਰਦੂਸ਼ਣ ਕੰਟਰੋਲ ਐਕਟ 1981 ਵਿੱਚ ਹੋਂਦ ਵਿੱਚ ਆਇਆ ਪਰ ਦਸੰਬਰ 1984 ਦੀ ਭੋਪਾਲ ਗੈਸ ਦੁਰਘਟਨਾ ਦੇ ਜਿੰਮੇਵਾਰ ਲੋਕਾਂ ਨੂੰ ਕੋਈ ਸਜ਼ਾ ਨਹੀਂ ਮਿਲੀ।

ਕਿਸਾਨਾਂ ਨੂੰ ਖੇਤੀ ਰਹਿੰਦ-ਖੂੰਹਦ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਿਆਦਾ ਦੱਸਣ ਦੀ ਤਾਂ ਖੈਰ ਜਰੂਰਤ ਨਹੀਂ ਹੈ ਉਹ ਵੀ ਇਸ ਮੁਸ਼ਕਿਲ ਬਾਰੇ ਗੰਭੀਰਤਾ ਨਾਲ ਜਾਣਦੇ ਹਨ ਪਰ ਹਾਸ਼ੀਏ ‘ਤੇ ਪਹੁੰਚੀ ਕਿਸਾਨੀ ਉਨ੍ਹਾਂ ਨੂੰ ਇਸ ਕਦਮ ਨੂੰ ਚੁੱਕਣ ਲਈ ਮਜਬੂਰ ਕਰਦੀ ਹੈ। ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਪਰਾਲੀ ਨੂੰ ਸੜਨ ਦੀ ਥਾਂ ਖੇਤ ‘ਚ ਹੀ ਵਾਹਿਆ ਜਾਵੇ। ਜ਼ਮੀਨ ‘ਚ ਮਿਲਣ ਨਾਲ ਇਹ ਪਰਾਲੀ ਕੁਦਰਤੀ ਖਾਦ ਦਾ ਕੰਮ ਕਰਦੀ ਹੈ ਤੇ ਧਰਤੀ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ। ਪਰਾਲੀ ਨੂੰ ਜ਼ਮੀਨ ‘ਚ ਮਿਲਾਉਣ ਲਈ ਖੇਤ ਨੂੰ ਕਈ ਵਾਰ ਵਾਹੁਣਾ ਪੈਂਦਾ ਹੈ ਜਿਸ ਕਾਰਨ ਡੀਜਲ ਦੀ ਖਪਤ ਬਹੁਤ ਵਧ ਜਾਂਦੀ ਹੈ। ਕਿਸਾਨ ਜੋ ਪਹਿਲਾਂ ਹੀ ਕਰਜਾਈ ਹੈ ਉਸ ਲਈ ਇਹ ਖਰਚੇ ਮਹਿੰਗੇ ਸਾਬਿਤ ਹੁੰਦੇ ਹਨ।

Farmers, Straw, Panchayati, Land rights

ਕੌਮੀ ਨਮੂਨਾ ਸਰਵੇਖਣ ਸੰਗਠਨ ਅਨੁਸਾਰ ਦੇਸ਼ ਦੇ 52 ਫੀਸਦੀ ਕਿਸਾਨ ਕਰਜਾਈ ਹਨ ਤੇ ਦੇਸ਼ ਦੇ ਹਰ ਕਿਸਾਨ ਸਿਰ ਔਸਤਨ 47 ਹਜਾਰ ਰੁਪਏ ਕਰਜਾ ਹੈ। ਪੰਜਾਬ ਸੂਬੇ ਦੇ 53 ਫੀਸਦੀ ਕਿਸਾਨ ਕਰਜੇ ਦੇ ਬੋਝ ਹੇਠਾਂ ਦੱਬੇ ਹੋਏ ਹਨ। 90 ਫੀਸਦੀ ਕਿਸਾਨਾਂ ਕੋਲ ਸਿਰਫ਼ ਦੋ ਏਕੜ ਜ਼ਮੀਨ ਹੈ ਤੇ ਔਸਤਨ 119500 ਰੁਪਏ ਹਰ ਕਿਸਾਨ ਪਰਿਵਾਰ ਸਿਰ ਕਰਜਾ ਹੈ। ਫਸਲੀ ਚੱਕਰ ਦਾ ਫੌਰੀ ਬਦਲ ਲੱਭਣ ਨੂੰ ਤਰਜ਼ੀਹ ਦੇਣ ਦੀ ਲੋੜ ਹੈ। ਇਸ ਤੋਂ ਪਹਿਲਾਂ ਫਸਲਾਂ ਦੇ ਸਹੀ ਢੰਗ ਨਾਲ ਮੰਡੀਕਰਨ ਦਾ ਪ੍ਰਬੰਧ ਲਾਜ਼ਮੀ ਹੈ। ਜੇਕਰ ਕਣਕ ਝੋਨੇ ਦੇ ਚੱਕਰ ‘ਚੋਂ ਕਿਸਾਨਾਂ ਨੂੰ ਬਾਹਰ ਕੱਢਣਾ ਹੈ ਤਾਂ ਉਸਦੇ ਬਦਲ ਦੀਆਂ ਫਸਲਾਂ ਦਾ ਢੁੱਕਵਾਂ ਮੰਡੀਕਰਨ ਕਰਨ ਦੇ ਨਾਲ ਸਹੀ ਉਪਜ ਮੁੱਲ ਵੀ ਮਿਲਣਾ ਚਾਹੀਦਾ ਹੈ।

ਕੁਦਰਤੀ ਕਰੋਪੀਆਂ ਤੇ ਸਰਕਾਰਾਂ ਦੀ ਨਲਾਇਕੀ ਕਾਰਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਹਾਲਤ ਦਿਨੋ-ਦਿਨ ਪਤਲੀ ਹੁੰਦੀ ਜਾ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਕਿਸਾਨਾਂ ‘ਤੇ ਸਿਰਫ ਸਖਤੀ ਕਰਨ ਨਾਲ ਕੰਮ ਨਹੀਂ ਬਣਨਾ ਸਗੋਂ ਸਰਕਾਰ ਕੋਈ ਠੋਸ ਤੇ ਪ੍ਰਭਾਵਸ਼ਾਲੀ ਨੀਤੀ ਉਲੀਕ ਕੇ ਲਾਗੂ ਕਰੇ। ਸਿਰਫ ਨਸੀਹਤਾਂ ਦੇਣ ਦੀ ਥਾਂ ਕਿਸਾਨਾਂ ਦੀ ਯੋਗ ਮੱਦਦ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਸਿਰਫ ਗੱਲਾਂ ਦਾ ਕੜਾਹ ਬਣਾਉਣ ਨਾਲ ਇਹ ਸਮੱਸਿਆ ਹੱਲ ਨਹੀਂ ਹੋ ਸਕਦੀ। ਇਸ ਲਈ ਹਰ ਸੰਭਵ ਸੁਹਿਰਦ ਯਤਨ ਦੀ ਲੋੜ ਹੈ ਤਾਂ ਜੋ ਕਿਸਾਨ ਖੇਤੀ ਰਹਿੰਦ-ਖੂੰਹਦ ਨਾ ਸਾੜਨ ਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਚੱਕ ਬਖਤੂ, ਬਠਿੰਡਾ
ਮੋ. 94641-72783
-ਲੇਖਕ ਰੈਜੀਡੈਂਟ ਮੈਡੀਕਲ ਅਫਸਰ ਹੈ।
ਡਾ. ਗੁਰਤੇਜ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.