ਕਰਫ਼ਿਊ ਦੇ ਬਾਵਜ਼ੂਦ ਕਾਤਲਾਂ ਦੇ ਹੌਂਸਲੇ ਬੁਲੰਦ

ਮਾਛੀਕੇ ਵਿਖੇ ਅੱਠ ਭੈਣਾਂ ਦੇ ਇਕਲੌਤੇ ਭਰਾ ਦਾ ਕੀਤਾ ਕਤਲ

ਪੁਲੀਸ ਵੱਲੋਂ ਜਾਂਚ ਸ਼ੁਰੂ

ਨਿਹਾਲ ਸਿੰਘ ਵਾਲਾ,(ਪੱਪੂ ਗਰਗ/ਸੁਖਮੰਦਰ ਸਿੰਘ) ਇੱਕ ਪਾਸੇ ਕਰਫ਼ਿਊ ਲਾ ਕੇ ਪੰਜਾਬ ਲਾਕ ਡਾਊਨ ਕੀਤਾ ਹੋਇਆ ਹੈ ਅਤੇ ਪੁਲਿਸ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਡੱਕਣ ਲਈ ਡਾਗਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਦੂਜੇ ਪਾਸੇ ਲਾਗਲੇ ਪਿੰਡ ਮਾਛੀਕੇ ਵਿੱਚ ਇੱਕ 25 ਸਾਲਾ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਜੋ ਕਿ ਅੱਠ ਭੈਣਾਂ ਦਾ ਇਕਲੌਤਾ ਭਰਾ ਸੀ।

ਜਿਸ ਨਾਲ ਪਿੰਡ ਮਾਛੀਕੇ ‘ਚ  ਦਹਿਸ਼ਤ ਤੇ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਸੁੱਖਾ ਪੁੱਤਰ ਗੁਰਮੇਲ ਸਿੰਘ ਬੀਤੇ ਕੱਲ੍ਹ ਸ਼ਾਮ ਦੇ ਸਮੇਂ ਪਿੰਡ ਦੀ ਖੇਡ ਗਰਾਊਂਡ ‘ਚ ਬਣੇ ਜਿੰਮ ‘ਚ ਪ੍ਰੈਕਟਿਸ ਕਰਨ ਗਿਆ ਸੀ ਪਰ ਅੱਜ ਸਵੇਰ ਦੇ ਸਮੇਂ ਉਸ ਦੀ ਜਿੰਮ ‘ਚੋਂ ਲਹੂ ਨਾਲ ਲੱਥਪੱਥ ਲਾਸ਼ ਮਿਲੀ ਹੈ। ਸੁਖਪਾਲ ਅੱਠ ਭੈਣਾਂ ਦਾ ਇਕਲੌਤਾ ਭਰਾ ਸੀ।

ਇਸ ਕਤਲ ਦੀ ਘਟਨਾ ਦਾ ਪਤਾ ਲਗਦਿਆਂ ਐਸ.ਪੀ. (ਐਚ.) ਰਤਨ ਸਿੰਘ ਬਰਾੜ, ਡੀ.ਐਸ.ਪੀ. ਮਨਜੀਤ ਸਿੰਘ, ਐਸ.ਐਚ.ਓ. ਜਸਵੰਤ ਸਿੰਘ, ਵਧੀਕ ਥਾਣਾ ਮੁਖੀ ਬੇਅੰਤ ਸਿੰਘ ਭੱਟੀ, ਸਹਾਇਕ ਥਾਣੇਦਾਰ ਮੰਗਲ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ  ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦਲਿਤ ਨੌਜਵਾਨ ਸੁਖਪਾਲ ਸਿੰਘ ਦੀ ਮਾਤਾ ਚਰਨਜੀਤ ਕੌਰ ਦੇ ਲਿਖਾਏ ਬਿਆਨਾਂ ਅਨੁਸਾਰ ਉਸ ਨੂੰ ਸ਼ੱਕ ਹੈ ਕਿ ਪਿੰਡ ਦੇ ਹਰਭਜਨ ਸਿੰਘ ਬੌਰੀਆ ਸਿੱਖ ਅਤੇ ਉਸ ਦੇ ਕੁਝ ਸਾਥੀਆਂ ਵੱਲੋਂ ਉਸ ਦੇ ਪੁੱਤਰ ਦੀ ਸਿਰ ‘ਚ ਰਾਡਾਂ ਮਾਰ ਕੇ ਹੱਤਿਆ ਕੀਤੀ ਹੈ।

ਇਸ ਮੌਕੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਮਨਜੀਤ ਸਿੰਘ ਨੇ ਕਿਹਾ ਕਿ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮ੍ਰਿਤਕ ਸੁਖਪਾਲ ਸਿੰਘ ਦੀ ਮਾਤਾ ਚਰਨਜੀਤ ਕੌਰ ਵਾਸੀ ਮਾਛੀਕੇ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਅਗਲੇਰੀ ਕਾਰਵਾਈ ਲਈ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਮੁਹਿੰਮ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।