ਸਾਉਣ ਦਾ ਮਹੀਨਾ, ਰੁੱਖ ਲਾਉਣ ਦਾ ਮਹੀਨਾ

Tree Plantation Sachkahoon

ਸਾਉਣ ਦਾ ਮਹੀਨਾ, ਰੁੱਖ ਲਾਉਣ ਦਾ ਮਹੀਨਾ

ਸਾਉਣ ਦਾ ਮਹੀਨਾ, ਧਰਤੀ ’ਤੇ ਅਜ਼ਬ ਜਿਹਾ ਅਹਿਸਾਸ ਲੈ ਕੇ ਆਉਂਦਾ ਹੈ। ਸਿਰਫ ਮਨੁੱਖ ਹੀ ਨਹੀਂ ਬਲਕਿ ਧਰਤੀ ’ਤੇ ਵੱਸਦੇ ਸਭ ਜੀਵ-ਜੰਤੂਆਂ ਤੇ ਰੁੱਖ-ਪੌਦਿਆਂ ਵਿੱਚ ਨਵੀਂ ਜਾਨ ਫੂਕੀ ਜਾਂਦੀ ਹੈ। ਉਂਜ ਤਾਂ ਸਾਲ ਦੇ ਕਈ ਮਹੀਨੇ ਨਵੇਂ ਰੁੱਖ-ਪੌਦੇ ਲਾਉਣ ਲਈ ਸਹਾਈ ਹੁੰਦੇ ਹਨ ਪਰੰਤੂ ਸਾਉਣ ਮਹੀਨਾ ਖਾਸ ਮੰਨਿਆ ਜਾਂਦਾ ਹੈ।

ਹਰ ਦਿਨ ਵਧ ਰਹੀਆਂ ਕੁਦਰਤੀ ਆਫਤਾਂ ਤੇ ਵਾਤਾਵਰਨ ਦੇ ਹਾਲਾਤ ਸਾਨੂੰ ਸਿੱਧੇ ਤੌਰ ਸੰਕੇਤ ਦੇ ਰਹੇ ਹਨ ਕਿ ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ। ਹਰੇ-ਭਰੇ ਜੰਗਲਾਂ ਵਿੱਚ ਵੱਸਣ ਵਾਲਾ ਮਨੁੱਖ ਅੱਜ ਕੰਕਰੀਟ ਦੇ ਜੰਗਲਾਂ ਦਾ ਵਾਸੀ ਹੋ ਕੇ ਰਹਿ ਗਿਆ ਹੈ। ਰੁੱਖਾਂ-ਬਿਰਖਾਂ ਨਾਲੋਂ ਨਾਤਾ ਤੋੜ ਅਸੀਂ ਇਮਾਰਤੀ ਅਤੇ ਬਨਾਵਟੀ ਮਾਹੌਲ ਨੂੰ ਤਰਜ਼ੀਹ ਦੇਣ ਲੱਗੇ ਹਾਂ। ਹਾਲਾਂਕਿ ਸਾਡੇ ਗੁਰੂਆਂ-ਪੀਰਾਂ ਨੇ ਤਾਂ ਸਦੀਆਂ ਪਹਿਲਾਂ ਸਾਨੂੰ ਬਿਰਖਾਂ ਦੀ ਮਨੁੱਖਾਂ ਅਤੇ ਜੀਵ-ਜੰਤੂਆਂ ਵਿਚਲੀ ਸਾਂਝ ਬਾਰੇ ਸਪੱਸ਼ਟ ਕਰ ਦਿੱਤਾ ਸੀ।

ਬਰਸਾਤ ਰੁੱਤ ਆ ਚੁੱਕੀ ਹੈ ਇਸਨੂੰ ਰੁੱਖ ਲਾਉਣ ਦੀ ਰੁੱਤ ਵੀ ਕਿਹਾ ਜਾਂਦਾ ਹੈ। ਅਸੀਂ ਸਾਲ ਵਿੱਚ ਅਨੇਕਾਂ ਤਿਉਹਾਰ ਮਨਾਉਂਦੇ ਹਾਂ। ਦੀਵਾਲੀ, ਦਸਹਿਰੇ ਦੀ ਤਰ੍ਹਾਂ ਅੱਜ ਸਾਨੂੰ ਰੁੱਖਾਂ ਦੇ ਤਿਉਹਾਰ ਯਾਨੀ ਵਣ-ਮਹਾਂਉਤਸਵ ਨੂੰ ਵੀ ਉਨੀ ਹੀ ਸ਼ਿੱਦਤ ਨਾਲ ਮਨਾਉਣਾ ਪਵੇਗਾ ਜਿੰਨੀ ਸ਼ਿੱਦਤ ਨਾਲ ਅਸੀਂ ਹੋਰ ਤਿਉਹਾਰ ਮਨਾਉਂਦੇ ਹਾਂ, ਜਿਨ੍ਹਾਂ ਰੁੱਖਾਂ ਦੁਆਲੇ ਸਿ੍ਰਸਟੀ ਦਾ ਸਭ ਚੱਕਰ ਚੱਲਦਾ ਹੈ। ਸਾਡੀਆਂ ਲੋੜਾਂ ਦੀ ਪੂਰਤੀ ਇਹ ਰੁੱਖ ਕਰਦੇ ਹਨ। ਖਾਸ ਕਰਕੇ ਹਰ ਪਲ ਜੀਣ ਲਈ ਲੋੜੀਂਦੀ ਆਕਸੀਜਨ ਸਾਨੂੰ ਦਿੰਦੇ ਹਨ। ਤਾਂ ਸਾਨੂੰ ਇਨ੍ਹਾਂ ਦੇ ਤਿਉਹਾਰ ਮਨਾਉਣ ’ਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਰੁੱਖ ਸਾਡੇ ਜਨਮ ਤੋਂ ਮਰਨ ਤੱਕ ਦੇ ਸਫਰ ਤੇ ਰੋਜਮਰ੍ਹਾ ਦੀ ਜਿੰਦਗੀ ਵਿੱਚ ਸਵੇਰ ਦੀ ਦਾਤਣ ਤੋਂ ਲੈ ਕੇ ਰਾਤ ਨੂੰ ਸੌਣ ਵਾਲੇ ਮੰਜੇ ਤੱਕ ਸਾਡੀ ਹਰ ਲੋੜ ਦੀ ਪੂਰਤੀ ਬਿਨਾਂ ਕੁਝ ਕਹੇ-ਸੁਣੇ ਪੂਰੀ ਕਰਦੇ ਹਨ। ਅਸੀਂ ਸਭ ਹਵਾ ’ਚ ਵੱਖ-ਵੱਖ ਸਾਧਨਾਂ ਰਾਹੀਂ ਜਹਿਰ ਘੋਲਣ ’ਤੇ ਲੱਗੇ ਹੋਏ ਹਾਂ। ਇਨ੍ਹਾਂ ਦਰੱਖਤਾਂ ਬਾਰੇ ਸੁਰਜੀਤ ਪਾਤਰ ਨੇ ਲਿਖਿਆ ਹੈ:-

ਏਹੋ ਹੈ ਮੇਰੀ ਮੈਅਕਸ਼ੀ, ਐਸੇ ’ਚ ਮਸਤ ਹਾਂ, ਪੌਣਾਂ ’ਚੋਂ ਜਹਿਰ ਪੀ ਰਿਹਾ ਹਾਂ, ਮੈਂ ਦਰਖੱਤ ਹਾਂ।

ਵਣ-ਮਹਾਂਉਤਸਵ ਮਨਾਉਣ ਦੀ ਸ਼ੁਰੂਆਤ ਬਾਰੇ ਗੱਲ ਕਰੀਏ ਤਾਂ ਇਹ ਦੱਸਣਾ ਜ਼ਰੂਰੀ ਹੈ ਕਿ ਸ਼ੁਰੂਆਤੀ ਦਿਨਾਂ ਸਮੇਂ ਇਸ ਉਤਸਵ ਦਾ ਨਾਂਅ ‘ਰੁੱਖ ਉਗਾਓ ਉਤਸਵ’ ਸੀ ਤੇ ਸਾਡੇ ਦੇਸ਼ ਵਿੱਚ ਪਹਿਲਾਂ ਰੁੱਖ ਉਗਾਓ ਉਤਸਵ ਸੰਨ 1947 ਦੇ ਜੁਲਾਈ ਮਹੀਨੇ ‘ਰੁੱਖ ਉਗਾਓ-ਸਪਤਾਹ’ ਦੇ ਤੌਰ ’ਤੇ ਮਨਾਇਆ ਗਿਆ । ਕੁੱਝ ਲੋਕਾਂ ਨੇ ਇਸਨੂੰ ‘ਰੁੱਖ ਬੀਜਣ-ਸਪਤਾਹ’ ਵੀ ਕਿਹਾ। ਇਸ ਉਤਸਵ ਦਾ ਆਗਾਜ਼ ਸਾਡੇ ਦੇਸ਼ ਦੇ ਮਹਾਨ ਨੇਤਾਵਾਂ ਪੰਡਿਤ ਜਵਾਹਰ ਲਾਲ ਨਹਿਰੂ, ਡਾ. ਰਾਜਿੰਦਰ ਪ੍ਰਸਾਦ ਅਤੇ ਮੌਲਾਨਾ ਅਬਦੁਲ ਕਲਾਮ ਆਜ਼ਾਦ ਵਰਗੀਆਂ ਅਹਿਮ ਸ਼ਖਸੀਅਤਾਂ ਨੇ ‘ਕਚਨਾਰ’ ਦੇ ਬੂਟੇ ਲਾ ਕੇ ਕੀਤਾ। ਸੰਨ 1950 ਵਿੱਚ ਸ੍ਰੀ ਕੇ. ਐੱਮ. ਮੁਨਸ਼ੀ, ਜੋ ਉਸ ਸਮੇਂ ਭਾਰਤ ਦੇ ਖੁਰਾਕ ਤੇ ਖੇਤੀਬਾੜੀ ਮੰਤਰੀ ਸਨ, ਨੇ ਇਸਦਾ ਨਾਂਅ ਬਦਲ ਕੇ ‘ਵਣ-ਮਹਾਂਉਤਸਵ’ ਰੱਖਿਆ। ਮੁਨਸ਼ੀ ਜੀ ਨੇ ਰੁੱਖ ਲਾਉਣ ਦੀ ਲਹਿਰ ਕੌਮੀ ਪੱਧਰ ’ਤੇ ਚਲਾ ਕੇ ਆਮ ਲੋਕਾਂ ਦਾ ਧਿਆਨ ਵੀ ਇਸ ਵੱਲ ਦਿਵਾਇਆ।

‘ਵਣ-ਮਹਾਂਉਤਸਵ’ ਸਾਡੇ ਹੋਰ ਤਿਉਹਾਰਾਂ ਦੀਵਾਲੀ, ਦਸਹਿਰ ਵਾਂਗ ਨਹੀਂ ਕਿ ਇੱਕ ਦਿਨ ਪਟਾਕੇ ਚਲਾਏ, ਰਾਮ-ਰੌਲਾ ਪਾਇਆ ਤੇ ਫਿਰ ਬੈਠ ਗਏ। ਇਹ ਕਾਰਜ ਤਾਂ ਨਿਰੰਤਰ ਅੰਦੋਲਨ ਦੀ ਤਰ੍ਹਾਂ ਹੈ, ਜੋ ਦਿਨ-ਰਾਤ ਚੱਲਦਾ ਹੈ। ਇਸ ਦਿਨ ਜਾਂ ਮਹੀਨੇ ਰੁੱਖ ਲਾ ਕੇ ਕੰਮ ਖ਼ਤਮ ਨਹੀਂ ਹੋ ਜਾਂਦਾ ਬਲਕਿ ਸ਼ੁਰੂ ਕੀਤਾ ਜਾਂਦਾ ਹੈ। ਅਸੀਂ ਲਗਾਤਾਰ ਰੁੱਖਾਂ ਦੇ ਨਾਲ ਹੀ ਚੱਲਦੇ ਰਹਿੰਦੇ ਹਾਂ । ਜੇਕਰ ਰੁੱਖ ਲਾਉਣਾ ਬਹੁਤ ਮਹਾਨ ਕੰਮ ਹੈ ਤਾਂ ਉਸ ਨੂੰ ਸੰਭਾਲਣਾ ਉਸ ਤੋਂ ਵੀ ਵੱਡੀ ਮਹਾਨਤਾ ਹੈ।

ਅਸੀਂ ਸਮਾਜ ਵਿੱਚ ਰਹਿੰਦਿਆਂ ਤਿੱਥ ਤਿਉਹਾਰਾਂ, ਬੱਚਿਆਂ ਦੇ ਵਿਆਹ-ਸ਼ਾਦੀਆਂ, ਪਰਿਵਾਰਕ ਮੈਂਬਰਾਂ ਦੇ ਜਨਮ ਦਿਨਾਂ, ਵੱਡੇ ਬੰਗਲਿਆਂ ਅਤੇ ਕਈ ਧਾਰਮਿਕ ਰਸਮਾਂ ਉੱਪਰ ਲੱਖਾਂ ਰੁਪਿਆ ਬਰਬਾਦ ਕਰ ਦਿੰਦੇ ਹਾਂ, ਕਿੰਨਾ ਚੰਗਾ ਹੋਵੇ ਜੇਕਰ ਅਸੀਂ ਇਨ੍ਹਾਂ ਕੰਮਾਂ ਉੱਪਰ ਖਰਚ ਕੀਤੀ ਗਈ ਰਕਮ ਦਾ ਸਿਰਫ਼ ਦੋ ਪ੍ਰਤੀਸ਼ਤ ਹਿੱਸਾ ਹੀ ਰੁੱਖ ਲਾਉਣ ਲਈ ਖਰਚ ਦੇਈਏ ਤਾਂ ਇਹ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਅਤੇ ਮਨੁੱਖਤਾ ਨੂੰ ਬਚਾਉਣ ਲਈ ਇੱਕ ਬਹੁਤ ਵੱਡਾ ਦਾਨ ਹੋਵੇਗਾ। ਅਸੀਂ ਸੈਂਕੜੇ ਸਾਲਾਂ ਵਿੱਚ ਤਿਆਰ ਹੋਏ ਰੁੱਖਾਂ ਨੂੰ ਅਨੇਕਾਂ ਤੱਥਾਂ ਦਾ ਸਹਾਰਾ ਲੈ ਕੇ ਖ਼ਤਮ ਕਰ ਰਹੇ ਹਾਂ। ਖ਼ਤਮ ਹੋ ਰਹੇ ਰੁੱਖਾਂ ਨੂੰ ਬਚਾਉਣ ਲਈ ਕਿਸੇ ਦੈਵੀ ਸ਼ਕਤੀ ਨੇ ਨਹੀਂ ਆਉਣਾ ਬਲਕਿ ਸਾਨੂੰ ਹੀ ਕੁੱਝ ਕਰਨਾ ਪਵੇਗਾ।

ਵਿਸ਼ਵ ਪੱਧਰ ’ਤੇ ਜੇਕਰ ਵਣ ਮਹਾਂਉਤਸਵ ਦੀ ਗੱਲ ਕਰੀਏ ਤਾਂ ਸਾਨੂੰ ਉਹਨਾਂ ਦੇਸ਼ਾਂ ਦੇ ਲੋਕਾਂ ਤੋਂ ਕੁੱਝ ਪ੍ਰੇਰਨਾ ਲੈਣੀ ਚਾਹੀਦੀ ਹੈ ਜੋ ਜੰਗਲਾਂ ਨੂੰ ਵਧਾਉਣ ਲਈ ਲਗਾਤਾਰ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੇ ਹਨ। ਕਈ ਦੇਸ਼ ਜੰਗਲਾਂ ਨਾਲ ਭਰੇ ਪਏ ਹਨ ਪਰ ਫਿਰ ਵੀ ਉਹ ਲੋਕ ‘ਰੁੱਖ ਦਿਵਸ’, ‘ਰੁੱਖਾਂ ਦਾ ਮੇਲਾ’ ਅਤੇ ‘ਹਰਿਆਵਲ ਸਪਤਾਹ’ ਆਦਿ ਖੂਬ ਮਨਾਉਂਦੇ ਹਨ। ਕੈਨੇਡਾ ਵਿੱਚ ‘ਵਣ ਰਕਸ਼ ਸਪਤਾਹ’ ਅਨੇਕਾਂ ਅਦਾਰੇ ਮਨਾਉਂਦੇ ਹਨ ਅਤੇ ਆਮ ਲੋਕਾਂ ਨੂੰ ਜੰਗਲਾਂ ਵਿੱਚ ਲੱਗਣ ਵਾਲੀ ਅੱਗ ਤੋਂ ਬਚਾਉਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਅਸਟਰੇਲੀਆ, ਅਮਰੀਕਾ, ਇਜ਼ਰਾਈਲ ਆਦਿ ਦੇਸ਼ਾਂ ਵਿੱਚ ਵਾਤਾਵਰਨ ਹਾਲਾਤਾਂ ਅਨੁਸਾਰ ਸਾਲ ਦੇ ਕਿਸੇ ਨਾ ਕਿਸੇ ਮਹੀਨੇ ਰੁੱਖਾਂ ਦੀ ਸੰਭਾਲ ਅਤੇ ਬਚਾਉ ਖਾਤਰ ਉਤਸਵ ਮਨਾਏ ਜਾਂਦੇ ਹਨ। ਜਾਪਾਨ ਦੇ ਲੋਕ ਤਾਂ ਅਪਰੈਲ ਮਹੀਨੇ ਦੇ ਇੱਕ ਹਫ਼ਤੇ ਨੂੰ ਕੌਮੀ ਰੁੱਖ ਤਿਉਹਾਰ ਵਜੋਂ ਮਨਾਉਂਦੇ ਹਨ।

ਪਹਿਲਾਂ ਲੋਕ ਰੁੱਖਾਂ ਨੂੰ ਹਰ ਸਥਾਨ ਉੱਪਰ ਜਗ੍ਹਾ ਦਿੰਦੇ ਸਨ, ਚਾਹੇ ਉਹ ਘਰ, ਗਲੀ, ਪਿੰਡ, ਸਾਂਝੀਆਂ ਸੰਸਥਾਵਾਂ ਹਰ ਜਗ੍ਹਾ ਰੁੱਖ ਦੀ ਅਹਿਮੀਅਤ ਹੁੰਦੀ ਸੀ। ਸਾਡੇ ਵਿਰਾਸਤੀ ਰੁੱਖ ਵਣ, ਪੀਲੂ, ਜੰਡ, ਕਰੀਰ, ਲਸੂੜੇ, ਬਰਨੇ, ਢੱਕ, ਰਹੂੜਾ ਆਦਿ ਅਨੇਕਾਂ ਰੁੱਖ ਦਿਨ-ਬ-ਦਿਨ ਪੰਜਾਬ ’ਚੋਂ ਖ਼ਤਮ ਹੋ ਰਹੇ ਹਨ। ਸਾਨੂੰ ਰੁੱਖ ਲਾਉਣ ਵੇਲੇ ਉਹਨਾਂ ਰੁੱਖਾਂ ਨੂੰ ਵੀ ਤਰਜ਼ੀਹ ਜ਼ਿਆਦਾ ਦੇਣੀ ਚਾਹੀਦੀ ਹੈ ਜੋ ਅਲੋਪ ਹੋਣ ਦੀ ਸੂਚੀ ਵਿੱਚ ਸ਼ਾਮਲ ਹੋ ਚੁੱਕੇ ਹਨ। ਸਮਾਜ ਦੇ ਹਰ ਵਰਗ, ਹਰ ਬੱਚੇ, ਜਵਾਨ, ਬਜ਼ੁਰਗ, ਹਰ ਰਿਸ਼ਤੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਹਿਲਾਂ ਲਾਏ ਰੁੱਖਾਂ ਨੂੰ ਸੁੱਕਣ/ਮੁੱਕਣ ਤੋਂ ਬਚਾਈਏ ਤੇ ਇਨ੍ਹਾਂ ਲਈ ਫ਼ਿਕਰਮੰਦ ਹੋਈਏ।

ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਅਸੀਂ ਲੋਕ ਰੁੱਖਾਂ ਪ੍ਰਤੀ ਕੁਝ ਹੱਦ ਤੱਕ ਜਾਗਰੂਕ ਹੋਏ ਹਾਂ। ਅਮਲੀ ਰੂਪ ਵਿੱਚ ਧਰਤੀ ਉੱਪਰ ਰੁੱਖ ਲੱਗਣੇ ਸ਼ੁਰੂ ਹੋ ਗਏ ਹਨ। ਅਨੇਕਾਂ ਸ਼ਖਸੀਅਤਾਂ ਤੇ ਸੰਸਥਾਵਾਂ ਨੇ ਆਪਣਾ ਕਾਰਜ ਆਰੰਭਿਆ ਹੋਇਆ ਹੈ। ਉਹ ਕਾਮਯਾਬ ਵੀ ਹੋ ਰਹੇ ਹਨ। ਸਾਨੂੰ ਸਭ ਨੂੰ ਆਪਣਾ ਫਰਜ਼ ਪਹਿਚਾਣਦੇ ਹੋਏ ਰੁੱਖ ਲਾਉਣ ਅਤੇ ਸੰਭਾਲਣ ਸਬੰਧੀ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦੈ।

ਰਾਜਿੰਦਰ ਕੁਮਾਰ ਸ਼ਰਮਾ,
ਰਿਟਾ. ਫਾਰੈਸਟ ਆਫੀਸਰ,
ਮੋ. 83605-89644

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ