ਤਗ਼ਮਾ ਨਾ ਸਹੀ ਪਰ ਵਿਸ਼ਵਾਸ ਨਾਲ ਪਰਤੀ ਕਮਲਪ੍ਰੀਤ ਕੌਰ ਨੂੰ ਭਵਿੱਖ ’ਚ ਕਾਫੀ ਉਮੀਦਾ

ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੇ ‘ਸੱਚ ਕਹੂੰ’ ਨਾਲ ਕੀਤੀ ਖਾਸ ਗੱਲਬਾਤ

(ਸੁਖਜੀਤ ਮਾਨ) ਬਠਿੰਡਾ। ਟੋਕੀਓ ਓਲੰਪਿਕ ਖੇਡਾਂ ਦੌਰਾਨ ਡਿਸਕਸ ਥ੍ਰੋ ਮੁਕਾਬਲਿਆਂ ’ਚੋਂ ਭਾਵੇਂ ਹੀ ਭਾਰਤੀ ਅਥਲੀਟ ਕਮਲਪ੍ਰੀਤ ਕੌਰ ਛੇਵੇਂ ਸਥਾਨ ’ਤੇ ਰਹਿ ਗਈ ਪਰ ਪਹਿਲੀ ਵਾਰ ਵਿਸ਼ਵ ਪੱਧਰੀ ਈਵੈਂਟ ’ਚ ਹਿੱਸਾ ਲੈ ਕੇ ਪਹਿਲੇ ਛੇ ’ਚ ਆਉਣਾ ਵੀ ਵੱਡੀ ਪ੍ਰਾਪਤੀ ਹੈ ਮੁਕਾਬਲਿਆਂ ਮਗਰੋਂ ਓਲੰਪੀਅਨ ਕਮਲਪ੍ਰੀਤ ਕੌਰ ਦਾ ਦੇਸ਼ ਪਰਤਣ ’ਤੇ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ ਅੱਜ ਬਠਿੰਡਾ ਪੁੱਜੀ ਕਮਲਪ੍ਰੀਤ ਕੌਰ ਦਾ ਜ਼ਿਲ੍ਹਾ ਖੇਡ ਅਫ਼ਸਰ ਪ੍ਰਮਿੰਦਰ ਸਿੰਘ, ਵੱਖ-ਵੱਖ ਖੇਡਾਂ ਦੇ ਕੋਚਾਂ ਅਤੇ ਖਿਡਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਕਮਲਪ੍ਰੀਤ ਕੌਰ ਨੇ ‘ਸੱਚ ਕਹੂੰ’ ਨਾਲ ਵਿਸ਼ੇਸ਼ ਗੱਲਬਾਤ ਕੀਤੀ ਪੇਸ਼ ਹਨ ਉਸਦੇ ਕੁੱਝ ਮੁੱਖ ਅੰਸ਼ :

ਸਵਾਲ : ਕਮਲਪ੍ਰੀਤ, ਤੁਸੀਂ ਓਲੰਪਿਕ ’ਚ ਛੇਵੇਂ ਸਥਾਨ ’ਤੇ ਰਹਿ ਗਏ ਤੇ ਮੈਡਲ ਤੋਂ ਖੁੰਝ ਗਏ ਪਰ ਭਾਰਤੀਆਂ ਦੇ ਦਿਲ ਜਿੱਤੇ ਨੇ, ਇਸ ਪ੍ਰਾਪਤੀ ਨੂੰ ਕਿਵੇਂ ਮੰਨਦੇ ਹੋ?
ਜਵਾਬ : ਕਿਸੇ ਦਾ ਦਿਲ ਜਿੱਤਣਾ ਸਭ ਤੋਂ ਵੱਡਾ ਮਾਣ-ਸਨਮਾਨ ਹੁੰਦਾ ਹੈ ਹਾਲਾਂਕਿ ਮੈਨੂੰ ਮੈਡਲ ਨਹੀਂ ਮਿਲਿਆ ਪਰ ਬਹੁਤ ਸਾਰੇ ਲੋਕਾਂ ਦੀ ਉਮੀਦ ਜਿੱਤੀ ਕਿ ਆਉਣ ਵਾਲੇ ਸਮੇਂ ’ਚ ਮੈਡਲ ਲੈ ਕੇ ਹੋਰ ਬਿਹਤਰ ਪ੍ਰਦਰਸ਼ਨ ਕਰਾਂ
ਸਵਾਲ : ਜਿਸ ਵੇਲੇ ਤੁਹਾਡਾ ਮੁਕਾਬਲਾ ਚੱਲ ਰਿਹਾ ਸੀ, ਉਸ ਵੇਲੇ ਮੀਂਹ ਪਿਆ ਇਸ ਮੀਂਹ ਦਾ ਅਸਰ ਤੁਹਾਡੇ ਪ੍ਰਦਰਸ਼ਨ ’ਤੇ ਵੀ ਪਿਆ?
ਜਵਾਬ : ਓਲੰਪਿਕ ਦਾ ਦਬਾਅ ਤਾਂ ਪਹਿਲਾਂ ਹੀ ਹੁੰਦਾ ਹੈ ਤੇ ਮੌਸਮ ਨੇ ਵੀ ਸਾਥ ਨਹੀਂ ਦਿੱਤਾ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ
ਸਵਾਲ : ਜਿਸ ਇਲਾਕੇ ਦੇ ਤੁਸੀਂ ਜੰਮਪਲ ਹੋ, ਖਾਸ ਕਰਕੇ ਆਪਣੀ ਮਾਲਵਾ ਪੱਟੀ ਦੀ ਗੱਲ ਕਰੀਏ ਜਿੱਥੇ ਕੁੱਝ ਲੋਕ ਲੜਕੀਆਂ ਨੂੰ ਜੰਮਣਾ ਹੀ ਬਿਹਤਰ ਨਹੀਂ ਸਮਝਦੇ ਪਰ ਤੁਸੀਂ ਵਿਸ਼ਵ ਪੱਧਰੀ ਮੁਕਾਬਲਿਆਂ ’ਚ ਹਿੱਸਾ ਲਿਆ ਅਜਿਹੇ ਮਾਪਿਆਂ ਨੂੰ ਕੋਈ ਸੰਦੇਸ਼
ਜਵਾਬ : ਸਭ ਤੋਂ ਪਹਿਲਾਂ ਤਾਂ ਇਹੋ ਸੰਦੇਸ਼ ਹੈ ਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ ਦੂਸਰਾ ਕੁੜੀਆਂ ਆਪਣਾ ਨਿਸ਼ਾਨਾ ਮਿਥਕੇ ਆਪਣੇ ਮਾਪਿਆਂ ਨੂੰ ਦੱਸਣ ਕਿ ਉਹ ਇਹ ਬਣਨਾ ਚਾਹੁੰਦੀਆਂ ਨੇ ਮੈਂ ਵੀ ਇੱਕ ਅਜਿਹੇ ਪਿੰਡ ’ਚੋਂ ਹਾਂ ਜਿੱਥੇ ਕਿਸੇ ਨੂੰ ਖੇਡਾਂ ਬਾਰੇ ਪਤਾ ਨਹੀਂ ਸੀ ਪਰ ਮਨ ’ਚ ਆਪਣਾ ਨਿਸ਼ਾਨਾ ਮਿਥਕੇ ਚੱਲੀ ਸੀ, ਹੌਲੀ-ਹੌਲੀ ਉਹ ਪੂਰਾ ਹੋ ਰਿਹਾ

ਕਮਲਪ੍ਰੀਤ ਦਾ ਪੂਰਾ ਇੰਟਰਵਿਊ ਵੇਖਣ ਲਈ ਕਲਿੱਕ ਕਰੋ

ਸਵਾਲ : ਕੋਈ ਵੇਲਾ ਸੀ ਜਦੋਂ ਤੁਹਾਡੀ ਤਨਖਾਹ ਹੀ ਬੂਟਾਂ ’ਤੇ ਖਰਚ ਹੋ ਜਾਂਦੀ ਸੀ ਜਿਉਂ-ਜਿਉਂ ਤੁਸੀਂ ਆਪਣੀ ਖੇਡ ਨੂੰ ਚਮਕਾਇਆ ਤਾਂ ਪੰਜਾਬ ਸਰਕਾਰ ਨੇ ਵੀ ਮੱਦਦ ਕੀਤੀ, ਪਰ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਮੱਦਦ ਪਹਿਲਾਂ ਹੁੰਦੀ ਤਾਂ ਉਸਦਾ ਅਸਰ ਪ੍ਰਦਰਸ਼ਨ ’ਤੇ ਵੀ ਪੈਂਦਾ?
ਜਵਾਬ : ਬਿਲਕੁਲ ਜੀ, ਮੈਂ ਵੀ ਸਰਕਾਰ ਨੂੰ ਇਹੋ ਕਹਿਣਾ ਚਾਹੁਣੀ ਹਾਂ ਕਿ ਜ਼ਮੀਨੀ ਪੱਧਰ ਤੋਂ ਕੰਮ ਸ਼ੁਰੂ ਕੀਤਾ ਜਾਵੇ ਪਿੰਡਾਂ ’ਚ ਖੇਡ ਮੈਦਾਨ ਬਣਾਏ ਜਾਣ ਆਪਣੇ ਪ੍ਰਤਿਭਾਵਾਂ ਦੀ ਕੋਈ ਕਮੀ ਨਹੀਂ ਹੈ, ਬੱਸ ਜ਼ਮੀਨੀ ਪੱਧਰ ’ਤੇ ਕੰਮ ਘੱਟ ਹੈ ਪਿੰਡਾਂ ’ਚ ਕੋਚ ਭੇਜੇ ਜਾਣ, ਜੋ ਬੱਚਿਆਂ ਨੂੰ ਜਾਗਰੂਕ ਕਰਨ
ਸਵਾਲ : ਤੁਸੀਂ ਵਿਸ਼ਵ ਪੱਧਰੀ ਈਵੈਂਟ ’ਚ ਪਹੁੰਚੇ, ਬਹੁਤ ਸਾਰੇ ਦੇਸ਼ਾਂ ਦੇ ਖਿਡਾਰੀਆਂ ਦੇ ਮੁਕਾਬਲਿਆਂ ਨੂੰ ਦੇਖਕੇ ਕੀ ਲੱਗਿਆ ਕਿ ਆਪਾਂ ਉਨ੍ਹਾਂ ਤੋਂ ਕਿਸ ਪੱਧਰ ’ਚ ਮਾਰ ਖਾ ਗਏ?
ਜਵਾਬ : ਉਹ ਆਪਣੇ ਤੋਂ ਤਕਨੀਕੀ ਪੱਧਰ ’ਤੇ ਖੁਰਾਕ ਪਲਾਨ ’ਚ ਬਹੁਤ ਅੱਗੇ ਨੇ ਇਨ੍ਹਾਂ ਚੀਜਾਂ ’ਚ ਆਪਾਂ ਹਾਲੇ ਥੋੜ੍ਹੇ-ਥੋੜ੍ਹੇ ਪਿੱਛੇ ਹਾਂ ਜੇਕਰ ਇਨ੍ਹਾਂ ’ਚੋਂ ਅੱਗੇ ਹੋਈਏ ਤਾਂ ਆਪਣੇ ਓਲੰਪਿਕ ’ਚੋਂ ਮੈਡਲ ਬਹੁਤ ਸਾਰੇ ਆ ਜਾਣ
ਸਵਾਲ : ਤੁਹਾਡੇ ਹੁਣ ਅਗਲੇ ਕੀ ਮੁਕਾਬਲੇ ਨੇ ?
ਜਵਾਬ : ਅਗਲੇ ਮੁਕਾਬਲਿਆਂ ’ਚ ਹੁਣ ਵਿਸ਼ਵ ਚੈਂਪੀਅਨਸ਼ਿਪ, ਏਸ਼ੀਆਈ ਖੇਡਾਂ ਤੋਂ ਇਲਾਵਾ ਕਾਮਨਵੈਲਥ ਅਗਲੇ ਸਾਲ ਹੀ ਹਨ
ਸਵਾਲ : ਭਵਿੱਖ ਦੇ ਮੁਕਾਬਲਿਆਂ ਲਈ ‘ਸੱਚ ਕਹੂੰ’ ਵੱਲੋਂ ‘ਸ਼ੁੱਭ ਇੱਛਾਵਾਂ’
ਜਵਾਬ : ਧੰਨਵਾਦ (ਮੁਸਕਰਾਉਂਦੇ ਹੋਏ)।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ