ਪਹਿਲਾਂ ਕੀਤੀ ਸੀ ਰੇਕੀ, ਪੁਲਿਸ ਵੱਲੋਂ ਦੋਵੇਂ ਅਗਵਕਾਰ ਕਾਬੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਨੇ ਪਿਛਲੇ ਦਿਨੀਂ ਪਿੰਡ ਖਡੌਲੀ ਦੇ ਸਕੂਲ ਜਾਣ ਸਮੇਂ ਬੱਚੇ ਨੂੰ ਅਗਵਾ ਕਰਨ ਵਾਲੇ ਦੋ ਅਗਵਾਕਾਰਾਂ ਨੂੰ ਕਾਬੂ ਕੀਤਾ ਹੈ। ਬੱਚੇ ਨੂੰ ਅਗਵਾ ਕਰਨ ਵਾਲਾ ਮੁੱਖ ਸਾਜਿਸ਼ਕਰਤਾ ਬੱਚੇ ਦੇ ਪਿੰਡ ਖਡੌਲੀ ਦਾ ਹੀ ਉਸੇ ਮੁਹੱਲੇ ਵਿੱਚ ਰਹਿਣ ਵਾਲਾ ਨਿੱਕਲਿਆ, ਜਿਸ ਵੱਲੋਂ ਬੱਚੇ ਦੀ ਕਈ ਦਿਨਾਂ ਤੋਂ ਰੇਕੀ ਕੀਤੀ ਜਾ ਰਹੀ ਹੈ। ਉੁਕਤ ਅਗਵਾਕਾਰਾਂ ਵੱਲੋਂ ਬੱਚੇ ਦੇ ਪਿਤਾ ਤੋਂ 3 ਲੱਖ ਦੀ ਫਿਰੌਤੀ ਲੈਣ ਤੋਂ ਬਾਅਦ ਹੀ ਬੱਚੇ ਨੂੰ ਇੱਕ ਮੋਟਰ ਵਾਲੇ ਕਮਰੇ ਵਿੱਚ ਛੱਡ ਦਿੱਤਾ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁੱਖੀ ਦੀਪਕ ਪਾਰੀਕ ਨੇ ਦੱਸਿਆ ਕਿ ਅਗਵਾਕਾਰਾਂ ਨੂੰ ਨੱਪਣ ਲਈ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ, ਟੈਕਨੀਕਲ ਇਨਵੈਸਟੀਗੇਸ਼ਨ ਅਤੇ ਅਪਰਾਧੀਆਂ ਦੇ ਵਾਰਦਾਤ ਕਰਨ ਸਮੇਂ ਰੁੂਟ ਟਰੈਕਿੰਗ ਤੇ 8 ਜੁਲਾਈ ਨੂੰ ਪਿੰਡ ਬਢੌਲੀ ਗੁੱਜਰਾਂ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਸ਼ਰਨਦੀਪ ਸਿੰਘ ਉਰਫ ਸ਼ਾਨ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਖੰਡੌਲੀ ਤੇ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਕੁਲਵੰਤ ਸਿੰਘ ਵਾਸੀ ਅਲੀਪੁਰ ਮੰਡਵਾਲ ਥਾਣਾ ਖੇੜੀ ਗੰਡਿਆ ਵਜੋਂ ਹੋਈ। ਇਨ੍ਹਾਂ ਪਾਸੋਂ ਇੱਕ ਮੋਟਰ ਸਾਇਕਲ ਸਪਲੈਂਡਰ ਜਿਸ ’ਤੇ ਜਾਅਲੀ ਨੰਬਰ ਲੱਗਾ ਹੋਇਆ ਸੀ, ਵੀ ਬ੍ਰਾਮਦ ਕੀਤਾ ਗਿਆ।
ਸ਼ਰਨਦੀਪ ਸਿੰਘ ਕੋਲ ਇੱਕ ਦੇਸੀ ਪਿਸਤੋਲ ਜਿਸ ਵਿੱਚ 01 ਰੌਦ ਲੋਡ ਸੀ ਤੇ ਉਸ ਦੀ ਜੇਬ ਵਿੱਚੋਂ 02 ਰੌਦ ਜਿੰਦਾ ਅਤੇ ਲਖਵੀਰ ਸਿੰਘ ਦੀ ਜੇਬ ਵਿੱਚੋਂ ਵੀ 02 ਰੌਦ ਜਿੰਦਾ ਬ੍ਰਾਮਦ ਕੀਤੇ ਗਏ। ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਮੋਟਰ ਸਾਇਕਲ ਸ਼ਿਵਾ ਜੀ ਪਾਰਕ ਗੋਬਿੰਦ ਕਲੌਨੀ ਰਾਜਪੁਰਾ ਤੋਂ ਵਾਰਦਾਤ ਤੋਂ 2 ਦਿਨ ਪਹਿਲਾਂ ਚੋਰੀ ਕੀਤਾ ਗਿਆ ਸੀ। ਐਸਐਸਪੀ ਨੇ ਦੱਸਿਆ ਕਿ ਸਰਨਦੀਪ ਦਾ ਘਰ ਬੱਚੇ ਦੇ ਮੁਹੱਲੇ ਵਿੱਚ ਹੀ ਹੈ ਅਤੇ ਉਸ ਵੱਲੋਂ ਬੱਚੇ ਦੇ ਸਕੂਲ ਆਉਣ ਜਾਣ ਸਬੰਧੀ ਪਹਿਲਾਂ ਪੂਰੀ ਰੇਕੀ ਕੀਤੀ ਸੀ। ਇਸੇ ਕਾਰਨ ਉਨ੍ਹਾਂ ਵੱਲੋਂ ਆਪਣੇ ਮੂੰਹ ਢਕੇ ਹੋਏ ਸਨ ਤਾਂ ਜੋ ਪਛਾਣ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਇਨ੍ਹਾਂ ਤੋਂ ਸਮਾਨ ਬ੍ਰਾਮਦ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ