Rabbit : ਗਿੱਦੜ ਤੇ ਖਰਗੋਸ਼ (ਬਾਲ ਕਹਾਣੀ)

Rabbit

Rabbit : ਇੱਕ ਗਿੱਦੜ ਕਈ ਦਿਨਾਂ ਤੋਂ ਭੁੱਖਾ ਸੀ। ਉਸ ਨੂੰ ਕੋਈ ਸ਼ਿਕਾਰ ਨਾ ਮਿਲਿਆ। ਆਖ਼ਰ ਉਹ ਰਾਤ ਸਮੇਂ ਇੱਕ ਪਿੰਡ ’ਚ ਗਿਆ ਅਤੇ ਖਾਣ ਲਈ ਕੋਈ ਚੀਜ਼ ਲੱਭਣ ਲੱਗਾ। ਪਰ ਬਦਕਿਸਮਤੀ ਨਾਲ ਸਾਰੇ ਪਿੰਡ ਵਿੱਚ ਟੱਕਰਾਂ ਮਾਰਨ ਦੇ ਬਾਵਜ਼ੂਦ ਵੀ ਉਸ ਨੂੰ ਖਾਣ ਲਈ ਕੁਝ ਵੀ ਨਸੀਬ ਨਾ ਹੋਇਆ। ਇੱਕ ਢੇਰ ਨੂੰ ਫਰੋਲਦਿਆਂ ਉਸ ਨੂੰ ਦੋ ਟੁੱਟੇ-ਪੁਰਾਣੇ ਛਿੱਤਰ ਲੱਭੇ। ਜਿਨ੍ਹਾਂ ਦੇ ਤਲੇ ਅੱਡੀਆਂ ਤੋਂ ਘਸੇ ਪਏ ਸਨ। ਗਿੱਦੜ ਨੂੰ ਇੱਕ ਚਾਲ ਸੁਝੀ ਅਤੇ ਉਸ ਨੇ ਉਨ੍ਹਾਂ ਛਿੱਤਰਾਂ ਨੂੰ ਆਪਣੇ ਕੰਨਾਂ ਵਿੱਚ ਲਟਕਾ ਲਿਆ, ਜਿਸ ਤਰ੍ਹਾਂ ਕਿਸੇ ਜੋਗੀ ਦੇ ਕੰਨਾਂ ਵਿੱਚ ਮੁੰਦਰਾਂ ਪਾਈਆਂ ਹੋਈਆਂ ਹੁੰਦੀਆਂ ਹਨ। ਫਿਰ ਉਸ ਨੇ ਕੁੱਝ ਹੱਡੀਆਂ ਇਕੱਠੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਇੱਕ ਵੱਡੇ ਸਾਰੇ ਛੱਪੜ ਕੇ ਕੰਢੇ ਜੋੜ ਕੇ ਉੱਪਰ ਗੋਹੇ ਦਾ ਲੇਪ ਕਰਕੇ ਇਸ ਤਰ੍ਹਾਂ ਸਮਾਧੀ ਲਾ ਕੇ ਬੈਠ ਗਿਆ ਜਿਸ ਤਰ੍ਹਾਂ ਕੋਈ ਵੱਡਾ ਮਹਾਨ ਤਪੱਸਵੀ ਤਪੱਸਿਆ ਕਰ ਰਿਹਾ ਹੁੰਦਾ ਹੈ।

ਸਵੇਰ ਹੋਈ। ਸੂਰਜ ਨੇ ਸਾਰੀ ਧਰਤੀ ਨੂੰ ਆਪਣੇ ਨਿੱਘੇ ਕਲਾਵੇ ’ਚ ਲੈ ਲਿਆ। ਪਸ਼ੂ, ਪੰਛੀ ਆਪਣੇ ਘੁਰਨਿਆਂ ਅਤੇ ਆਲ੍ਹਣਿਆਂ ’ਚੋਂ ਨਿੱਕਲ ਕੇ ਛੱਪੜ ਦੇ ਕੰਢੇ ਪਾਣੀ ਪੀਣ ਆਉਣ ਲੱਗੇ। ਗਿੱਦੜ ਨੇ ਝੱਟ ਉਨ੍ਹਾਂ ਨੂੰ ਆਪਣੀ ਗਰਜਵੀਂ ਆਵਾਜ਼ ਵਿੱਚ ਲਲਕਾਰ ਕੇ ਆਪਣੇ ਕੋਲ ਸੱਦ ਲਿਆ ਅਤੇ ਕਿਹਾ ਕਿ ਜੇਕਰ ਤੁਸੀਂ ਇਸ ਛੱਪੜ ’ਚੋਂ ਪਾਣੀ ਪੀਣਾ ਚਾਹੁੰਦੇ ਹੋ ਤਾਂ ਪਹਿਲਾਂ ਮੇਰੀ ਉਸਤਤ ਵਿੱਚ ਇਹ ਦੋਹਰਾ ਪੜੋ੍ਹ, (Rabbit)

‘‘ਚਾਂਦੀ ਦਾ ਤੇਰਾ ਚੌਂਤਰਾ
ਉੱਤੇ ਸੋਨਾ ਲਿੱਪਿਆ ਹੈ।
ਕੰਨਾਂ ਵਿੱਚ ਤੇਰੇ ਮੁੰਦਰਾਂ
ਕੋਈ ਸ਼ਹਿਜ਼ਾਦਾ ਬੈਠਾ ਹੈ।’’

ਜਾਨਵਰ ਮਖੌਲ ਵਿੱਚ ਇਹ ਦੋਹਰਾ ਪੜ੍ਹਦੇ ਤੇ ਪਾਣੀ ਪੀ ਕੇ ਚਲੇ ਜਾਂਦੇ। ਦੁਪਹਿਰ ਨੂੰ ਜੰਗਲ ਦਾ ਰਾਜਾ ਸ਼ੇਰ ਵੀ ਉੱਥੇ ਪਾਣੀ ਪੀਣ ਲਈ ਆਇਆ, ਗਿੱਦੜ ਨੇ ਉਸਨੂੰ ਵੀ ਇਹ ਦੋਹਰਾ ਪੜ੍ਹ ਕੇ ਪਾਣੀ ਪੀਣ ਲਈ ਕਿਆ। ਸ਼ੇਰ ਨੇ ਵੀ ਹੱਸਦਿਆਂ ਇਹ ਦੋਹਰਾ ਪੜ੍ਹ ਦਿੱਤਾ ਅਤੇ ਪਾਣੀ ਪੀ ਕੇ ਚਲਾ ਗਿਆ। ਗਿੱਦੜ ਖੁਸ਼ੀ ’ਚ ਫੁੱਲਿਆ ਨਾ ਸਮਾਇਆ ਅਤੇ ਸੋਚਣ ਲੱਗਾ, ‘‘ਮੈਂ ਕਿੰਨਾ ਖੁਸ਼ਕਿਸਮਤ ਹਾਂ। ਜੰਗਲ ਦਾ ਬਾਦਸ਼ਾਹ ਸ਼ੇਰ ਵੀ ਮੈਨੂੰ ਸ਼ਹਿਜ਼ਾਦਾ ਆਖ ਕੇ ਸਤਿਕਾਰ ਦੇ ਗਿਆ ਹੈ। ਜੇਕਰ ਇਸੇ ਤਰ੍ਹਾਂ ਹੀ ਮੈਨੂੂੰ ਆਦਰ-ਮਾਣ ਮਿਲਦਾ ਰਿਹਾ ਤਾਂ ਛੇਤੀ ਹੀ ਮੈਂ ਇਸ ਜੰਗਲ ਦਾ ਬਾਦਸ਼ਾਹ ਬਣ ਜਾਵਾਂਗਾ। ਫਿਰ ਮੈਨੂੰ ਭੁੱਖਾ ਰਹਿਣ ਦੀ ਲੋੜ ਨਹੀਂ ਪਵੇਗੀ।’’ ਹੌਲੀ-ਹੌਲੀ ਸਾਰੇ ਪਸ਼ੂ-ਪੰਛੀਆਂ ਵਿੱਚ ਇਹ ਗੱਲ ਫੈਲ ਗਈ। ਜਾਨਵਰਾਂ ਵਿੱਚ ਗਿੱਦੜ ਦਾ ਚੰਗਾ ਸਤਿਕਾਰ ਬਣ ਗਿਆ। ਜਿਹੜਾ ਵੀ ਜਾਨਵਰ ਛੱਪੜ ’ਤੇ ਪਾਣੀ ਪੀਣ ਆਉਂਦਾ, ਉਹ ਆਪਣੇ-ਆਪ ਹੀ ਮਸ਼ਕਰੀ ਜਿਹੀ ਵਿੱਚ ਦੋਹਰਾ ਪੜ੍ਹਦਾ ਤੇ ਪਾਣੀ ਕੇ ਚਲਾ ਜਾਂਦਾ ਹੈ। (Rabbit)

ਜਦੋਂ ਸੂਰਜ ਆਪਣਾ ਸਫਰ ਮੁਕਾ ਕੇ ਛਿਪਦੇ ਵੱਲ ਡੁੱਬਣ ਲੱਗਾ ਤਾਂ ਇੱਕ ਖਰਗੋਸ਼ ਛੱਪੜ ’ਤੇ ਪਾਣੀ ਪੀਣ ਆਇਆ। ਉਹ ਗਿੱਦੜ ਨੂੰ ਸ਼ਰਧਾਂਜਲੀ ਦਿੱਤੇ ਬਿਨਾਂ ਹੀ ਪਾਣੀ ਪੀਣ ਲੱਗਾ। ਗਿੱਦੜ ਨੇ ਉਸ ਨੂੰ ਤਾੜਦਿਆਂ ਆਖਿਆ, ‘‘ਜੰਗਲ ਦਾ ਬਾਦਸ਼ਾਹ ਸ਼ੇਰ ਵੀ ਮੇਰੀ ਤਪੱਸਿਆ ’ਤੇ ਖੁਸ਼ ਹੋ ਕੇ ਮੈਨੂੰ ਸ਼ਰਧਾਂਜਲੀ ਦੇ ਗਿਆ ਹੈ। ਪਰ ਤੂੰ ਇੱਕ ਨਿੱਕੜਾ ਜਿਹਾ ਖਰਗੋਸ਼ ਇੰਨਾ ਬੇ੍ਰਪਵਾਹ ਹੋ ਕੇ ਮੈਨੂੰ ਕੋਈ ਸਤਿਕਾਰ ਨਹੀਂ ਦੇ ਰਿਹਾ। ਜੇਕਰ ਤੂੰ ਇਸ ਛੱਪੜ ’ਚੋਂ ਪਾਣੀ ਪੀਣਾ ਚਾਹੁੰਦਾ ਏਂ ਤਾਂ ਪਹਿਲਾਂ ਇਹ ਦੋਹਰਾ ਪੜ੍ਹ:

‘‘ਚਾਂਦੀ ਦਾ ਤੇਰਾ ਚੌਂਤਰਾ
ਉੱਤੇ ਸੋਨਾ ਲਿੱਪਿਆ ਹੈ।
ਕੰਨਾਂ ਵਿੱਚ ਤੇਰੇ ਮੁੰਦਰਾਂ
ਕੋਈ ਸ਼ਹਿਜ਼ਾਦਾ ਬੈਠਾ ਹੈ।’’

Read Also : ਗਲਤੀ ਦੀ ਸਜ਼ਾ (ਪੰਜਾਬੀ ਬਾਲ ਕਹਾਣੀ)

ਖਰਗੋਸ਼ ਬੜਾ ਚਲਾਕ ਅਤੇ ਫੁਰਤੀਲਾ ਸੀ। ਉਸ ਨੂੰ ਗਿੱਦੜ ਦੀ ਫੋਕੀ ਖੁਸ਼ਾਮਦ ਕਰਨੀ ਚੰਗੀ ਨਾ ਲੱਗੀ। ਉਸ ਨੂੰ ਇਹ ਵੀ ਡਰ ਸੀ ਕਿ ਜੇਕਰ ਉਸ ਨੇ ਗਿੱਦੜ ਦੀ ਗੱਲ ਨਾ ਮੰਨੀ ਤਾਂ ਗਿੱਦੜ ਉਸ ਨੂੰ ਮਾਰ ਕੇ ਕਿਧਰੇ ਖਾ ਹੀ ਨਾ ਜਾਵੇ। ਉਸ ਨੇ ਚਲਾਕੀ ਤੋਂ ਕੰਮ ਲੈਣਾ ਹੀ ਠੀਕ ਸਮਝਿਆ ਤੇ ਤੁਤਲਾ ਕੇ ਕਹਿਣ ਲੱਗਾ, ‘‘ਪਿਆਸ ਨਾਲ ਮੇਰੀ ਤਾਂ ਜੀਭ ਸੁੱਕੀ ਪਈ ਹੈ… ਮੈਥੋਂ ਤਾਂ ਬੋਲਿਆ ਵੀ ਨਹੀਂ ਜਾਂਦਾ। ਜੇਕਰ ਤੁਹਾਡਾ ਹੁਕਮ ਹੋਵੇ ਤਾਂ ਮੈਂ ਦੋ ਕੁ ਘੁੱਟ ਪਾਣੀ ਪੀ ਕੇ ਫਿਰ ਤੁਹਾਡੀ ਸਿਫ਼ਤ ਵਿੱਚ ਇਹ ਦੋਹਰਾ ਪੜ੍ਹਾਂ?’’
ਗਿੱਦੜ ਨੇ ਉਸ ਦੀ ਗੱਲ ਮੰਨ ਲਈ ਤੇ ਕਹਿਣ ਲੱਗਾ, ‘‘ਤੂੰ ਠੀਕ ਕਹਿੰਦਾ ਏਂ… ਪਾਣੀ ਪੀ ਕੇ ਤੇਰਾ ਗਲਾ ਸਾਫ ਹੋ ਜਾਵੇਗਾ। ਤੇਰੀ ਆਵਾਜ਼ ਹੋਰ ਵੀ ਸੁਰੀਲੀ ਨਿੱਕਲੇਗੀ।’’ ਖਰਗੋਸ਼ ਨੇ ਰੱਜ ਕੇ ਪਾਣੀ ਪੀਤਾ ਤੇ ਫਿਰ ਉੱਥੋਂ ਤੁਰ ਪਿਆ। ਗਿੱਦੜ ਇਹ ਵੇਖ ਕੇ ਬੜਾ ਹੈਰਾਨ ਹੋਇਆ। ਉਸ ਨੇ ਖਰਗੋਸ਼ ਨੂੰ ਆਵਾਜ਼ ਮਾਰੀ। ਖਰਗੋਸ਼ ਨੇ ਖਹਿੜਾ ਨਾ ਛੁੱਟਦਾ ਵੇਖ ਕੇ ਕਿਹਾ, ‘‘ਕਿਹੜਾ ਦੋਹਰਾ ਪੜ੍ਹਨਾ ਏ?’’
ਗਿੱਦੜ ਨੇ ਕਿਹਾ,
‘‘ਚਾਂਦੀ ਦਾ ਤੇਰਾ ਚੌਂਤਰਾ
ਉੱਤੇ ਸੋਨਾ ਲਿੱਪਿਆ ਹੈ।
ਕੰਨਾਂ ਵਿੱਚ ਤੇਰੇ ਮੁੰਦਰਾਂ
ਕੋਈ ਸ਼ਹਿਜ਼ਾਦਾ ਬੈਠਾ ਹੈ।’’

ਖਰਗੋਸ਼ ਨੇ ਕੁੱਝ ਪਲ ਸੋਚਿਆ ਤੇ ਫਿਰ ਉੱਚੇ ਸੁਰ ਵਿੱਚ ਕਹਿਣਾ ਸ਼ੁਰੂ ਕੀਤਾ,
‘‘ਹੱਡੀਆਂ ਦਾ ਤੇਰਾ ਚੌਂਤਰਾ,
ਉੱਤੇ ਗੋਹਾ ਲਿੱਪਿਆ ਹੈ।
ਕੰਨਾਂ ਵਿੱਚ ਤੇਰੇ ਜੁੱਤੀਆਂ,
ਕੋਈ ਗਿੱਦੜ ਬੈਠਾ ਹੈ।’’
ਤੇ ਫਿਰ ਉਹ ਇੰਨੀ ਤੇਜ਼ੀ ਨਾਲ ਆਪਣੀ ਖੁੱਡ ਵੱਲ ਦੌੜਿਆ ਜਿਵੇਂ ਤੀਰ ਕਮਾਨ ’ਚੋਂ ਛੁੱਟਦਾ ਹੈ। ਗਿੱਦੜ ਨੂੰ ਇਹ ਸੁਣ ਕੇ ਬੜਾ ਗੁੱਸਾ ਆਇਆ ਤੇ ਉਹ ਖਰਗੋਸ਼ ਵੱਲ ਦੌੜਿਆ। ਖਰਗੋਸ਼ ਬੜਾ ਫੁਰਤੀਲਾ ਸੀ, ਭੱਜ ਕੇ ਆਪਣੀ ਖੁੱਡ ’ਚ ਵੜ ਗਿਆ। ਗਿੱਦੜ ਬੇਸ਼ਰਮ ਜਿਹਾ ਹੋ ਕੇ ਖੁੱਡ ਦੇ ਬਾਹਰ ਹੀ ਬੈਠ ਗਿਆ ਕਿ ਹੁਣੇ ਖਰਗੋਸ਼ ਬਾਹਰ ਨਿੱਕਲੇਗਾ ਤੇ ਉਹ ਉਸ ਨੂੰ ਫੜ੍ਹ ਕੇ ਮਾਰ ਸੁੱਟੇਗਾ ਪਰ ਖਰਗੋਸ਼ ਬਾਹਰ ਨਾ ਨਿੱਕਲਿਆ ਤੇ ਖੁੱਡ ਵਿੱਚ ਬੈਠ ਕੇ ਹੀ ਬੜੀ ਮਿੱਠੀ ਸੁਰ ਵਿੱਚ ਗਾਉਣ ਲੱਗਾ-
ਹੱਡੀਆਂ ਦਾ ਤੇਰਾ ਚੌਂਤਰਾ,
ਉੱਤੇ ਗੋਹਾ ਲਿੱਪਿਆ ਹੈ।
ਕੰਨਾਂ ਵਿੱਚ ਤੇਰੇ ਜੁੱਤੀਆਂ,
ਕੋਈ ਗਿੱਦੜ ਬੈਠਾ ਹੈ।

ਗਿੱਦੜ ਆਪਣੀ ਹੋਰ ਬੇਇੱਜ਼ਤੀ ਨਾ ਸਹਾਰ ਸਕਿਆ ਤੇ ਚੁੱਪ-ਚਾਪ ਕੰਨ ਵਲੇਟ ਕੇ ਉਥੋਂ ਖਿਸਕ ਗਿਆ।