ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਜ਼ੀਰੋ ਕਾਲ ਦੌਰਾਨ ਬੋਲਦਿਆਂ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਬਠਿੰਡਾ (Bathinda City) ਦਾ ਬਹੁਤ ਹੀ ਸੰਜੀਦਾ ਤੇ ਪੁਰਾਣਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਉਹ ਸਦਨ ਦਾ ਧਿਆਨ ਬਠਿੰਡਾ ਦੇ ਬਹੁਤ ਹੀ ਵੱਡੇ ਤੇ ਸੰਜੀਦਾ ਮੁੱਦੇ ’ਤੇ ਦਿਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ 2014 ਵਿੱਚ ਉਸ ਸਮੇਂ ਦੀ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਕੂੜਾ ਪ੍ਰਬੰਧਨ ਪਲਾਂਟ ਬਣਾਇਆ ਸੀ।
ਇਸ ਪਲਾਂਟ ਨੂੰ ਬਹੁਤ ਵੱਡਾ ਪ੍ਰੋਜੈਕਟ ਕਹਿ ਕੇ ਪ੍ਰਚਾਰਿਆ ਗਿਆ। ਉਸ ਪਲਾਂਟ ਨੂੰ 36 ਏਕੜ ਜ਼ਮੀਨ ਵਿੱਚ ਬਣਾਇਆ ਗਿਆ। ਇਸ ਪਲਾਂਟ ਦੇ ਬਨਣ ਵੇਲੇ ਇਸ ਦਾ ਬਹੁਤ ਵੱਡਾ ਵਿਰੋਧ ਹੋਇਆ। ਇਸ ਪਲਾਂਟ ਦੇ ਆਲੇ ਦੁਆਲੇ 50 ਹਜ਼ਾਰ ਦੀ ਅਬਾਦੀ ਵੱਸਦੀ ਹੈ। ਇਹ ਪਲਾਂਟ ਭਾਈ ਮਤੀ ਦਾਸ ਨਗਰ, ਜੋਗਾ ਨਗਰ, ਨਛੱਤਰ ਨਗਰ, ਗਣਪਤੀ ਨਗਰ, ਸ਼ੀਸ਼ ਮਹਿਲ, ਸਿਵਲ ਹਸਪਤਾਲ ਦੇ ਵਿਚਕਾਰ ਹੈ।
Also Read : 300 ਯੂਨਿਟ ਮੁਫਤ ਬਿਜਲੀ ਵਾਲੀ ‘ਪੀਐਮ ਸੂਰਿਆ ਘਰ’ ਯੋਜਨਾ ਦਾ ਲਾਭ ਉਠਾਓ
ਇਸ ਵਿੱਚ ਕੂੜੇ ਨਾਲ ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਅਮੋਨੀਆ ਤੇ ਮਿਥੇਨ ਗੈਸ ਆਦਿ ਗੈਸਾਂ ਨਿੱਕਲਦੀਆਂ ਹਨ। ਇਸ ਪਲਾਂਟ ਨੂੰ ਬਨਣ ਵੇਲੇ ਤੋਂ ਲੈ ਕੇ ਅੱਜ ਤੱਕ ਲਗਾਤਾਰ ਵਿਰੋਧ ਹੋ ਰਿਹਾ ਹੈ। ਉਨ੍ਹਾਂ ਸਦਨ ਨੂੰ ਸੁਝਾਅ ਦਿੱਤਾ ਤੇ ਮੰਗ ਰੱਖੀ ਕਿ ਸਰਕਾਰ ਇਸ ਜਗ੍ਹਾ ਨੂੰ ਖਾਲੀ ਕਰ ਕੇ ਇਸ ਨੂੰ ਕਾਰਪੋਰੇਸ਼ਨ ਨੂੰ ਸੌਂਪ ਦੇਵੇ ਕਿਉਂਕਿ ਇਹ ਜਗ੍ਹਾ ਕਾਰਪੋਰੇਸ਼ਨ ਦੀ ਹੈ। ਇਹ ਜਗ੍ਹਾ 200 ਕਰੋੜ ਰੁਪਏ ਦੀ ਹੈ।
ਇਸ ਜਗ੍ਹਾ ਨੂੰ ਸਿਫ਼ਟ ਕਰਕੇ ਜੇਕਰ ਸ਼ਹਿਰ ਤੋਂ ਬਾਹਰ ਲਿਜਾਇਆ ਜਾਂਦਾ ਹੈ ਤਾਂ ਸ਼ਹਿਰ ਤੋਂ ਬਾਹਰ 15-16 ਕਰੋੜ ਰੁਪਏ ਦੀ ਜ਼ਮੀਨ ਖਰੀਦੀ ਜਾ ਸਕਦੀ ਹੈ ਤੇ ਉੱਥੇ ਇਹ ਪ੍ਰੋਜੈਕਟ ਲਾਇਆ ਜਾ ਸਕਦਾ ਹੈ। ਇਸ ਪ੍ਰੋਜੈਕਟ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਨਾਲ ਸ਼ਹਿਰ ਵਿੱਚ ਜ਼ਹਿਰੀਲੀਆਂ ਗੈਸਾਂ ਨਾਲ ਫੈਲ ਰਹੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਪਲਾਂਟ ਨੂੰ ਨਵੀਂ ਜਗ੍ਹਾ ’ਤੇ ਭੇਜਿਆ ਜਾਵੇ। (Bathinda City)














