ਸਨਮਾਨ ਭਰੀ ਸੀ ਪੰਜਾਬੀਆਂ ਦੀ ਪ੍ਰਾਹੁਣਚਾਰੀ

Hospitality, Punjabis, Honored

ਪਰਗਟ ਸਿੰਘ ਜੰਬਰ

ਪੰਜਾਬੀ ਵਿਰਸਾ ਬਹੁਤ ਅਮੀਰ ਹੈ। ਪੰਜਾਬੀਆਂ ਦਾ ਰਹਿਣ-ਸਹਿਣ ਅਤੇ ਖਾਣ ਪੀਣ ਬਿਲਕੁਲ ਅਲੱਗ ਹੈ। ਕਿਸੇ ਸ਼ਾਇਰ ਨੇ ਕਿਹਾ ਸੀ ਕਿ ਪੰਜਾਬੀ ਜਿੱਥੇ ਜਾਣ ਵੱਖਰੀ ਪਹਿਚਾਣ ਬਣਾ ਲੈਂਦੇ ਹਨ। ਪੰਜਾਬੀ ਬਹੁਤ ਖੁੱਲੇ ਸੁਭਾਅ ਦੇ ਮਾਲਕ ਹਨ। ਕਿਸੇ ਨੂੰ ਵੀ ਇਹ ਕੁਝ ਸਮੇਂ ਗੱਲਬਾਤ ਦੌਰਾਣ ਹੀ ਆਪਣਾ ਬਣਾ ਲੈਂਦੇ ਹਨ। ਪੰਜਾਬੀਆਂ ਦਾ ਖਾਣ ਪੀਣ ਬਹੁਤ ਹੀ ਖੁੱਲਾ ਹੈ। ਸਮੇਂ ਦੇ ਨਾਲ ਨਾਲ ਕੁਝ ਤਬਦੀਲੀ ਜਰੂਰ ਆਈ ਹੈ।

ਅੱਜ ਤੋਂ 60-70 ਸਾਲ ਪਿਛਾਹ ਦੀ ਗੱਲ ਕਰੀਏ ਤਾਂ ਪੰਜਾਬੀਆਂ ਦੀ ਪ੍ਰਾਹੁਣਾਚਾਰੀ ਬਹੁਤ ਕਮਾਲ ਦੀ ਹੁੰਦੀ ਸੀ। ਕਿਸੇ ਦੇ ਘਰ ਜਵਾਈ ਨੇ ਆਉਣਾ ਤਾਂ ਸਾਰੇ ਪਿੰਡ ਨੇ ਉਸ ਨੂੰ ਆਪਣਾ ਜਵਾਈ ਸਮਝਣਾ । ਉਸਦਾ ਸਾਰੇ ਹੀ ਮਾਣ ਤਾਣ ਕਰਦੇ ਸਨ। ਪਿੰਡ ਦੀ ਕੁੜੀ ਸਾਰੇ ਪਿੰਡ ਦੀ ਕੁੜੀ ਹੁੰਦੀ ਸੀ।

ਸਾਰਾ ਪਿੰਡ ਆਪਸ ਵਿੱਚ ਰਿਸ਼ਤਿਆਂ ਵਿੱਚ ਬੱਝਾ ਹੁੰਦਾ ਸੀ। ਘਰ ਵਿੱਚ ਜਦੋਂ ਪ੍ਰਾਹੁਣੇ ਨੇ ਆਉਣਾ ਤਾਂ ਸਾਰੇ ਨੇੜਲੇ ਉਸ ਨੂੰ ਮਿਲਣ ਆਉਂਦੇ ਪ੍ਰਾਹੁਣੇ ਦੇ ਆਉਣ ਤੋਂ ਬਾਅਦ ਉਸਦੀ ਸੇਵਾ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਪ੍ਰਾਹੁਣੇ ਅਕਸਰ ਦੁਪਿਹਰੇ ਹੀ ਆਉਂਦੇ ਸਨ। ਪ੍ਰਾਹੁਣੇ ਨੂੰ ਛਾਵੇ ਮੰਜਾ ਵਿੱਛਾ ਕੇ ਬਿਠਾ ਦਿੱਤਾ ਜਾਂਦਾ । ਦੁਪਹਿਰ ਵੇਲੇ ਵਿੱਛੇ ਹੋਏ ਮੰਜੇ ਉੱਪਰ ਬੈਠਾ ਪ੍ਰਾਹੁਣਾ ਹੀ ਹੁੰਦਾ ਸੀ । ਜੇਕਰ ਘਰ ਦੇ ਮਰਦ ਬਾਹਰ ਗਏ ਹੁੰਦੇ ਤਾਂ ਆਂਢ-ਗੁਆਂਢ ਵਿੱਚੋਂ ਕਿਸੇ ਨੇ ਆ ਕੇ ਉਸ ਨਾਲ ਬੈਠਣਾ, ਉਸ ਨਾਲ ਗੱਲਬਾਤ ਕਰਨੀ । ਪ੍ਰਾਹੁਣੇ ਨੂੰ ਚਾਹ ਪਾਣੀ ਪਿਉਣ ਤੋਂ ਬਾਅਦ ਮਿੱਠਾ ਬਣਾ ਕੇ ਖੁਆਇਆ ਜਾਂਦਾ । ਅਸੀਂ ਅੱਜਕੱਲ੍ਹ ਮਿੱਠਾ ਰੋਟੀ ਖਾਣ ਤੋਂ ਬਾਅਦ ਖਾਂਦੇ ਹਾਂ । ਥੋੜਾ ਅਜਿਹਾ ਕਿਉਂਕਿ ਸਾਡਾ ਰਹਿਣ ਸਹਿਣ ਬਦਲ ਜਾਣ ਗਿਆ ਹੈ ।

ਹਰ ਦਸਵੇਂ ਵਿਅਕਤੀ ਨੂੰ ਸ਼ੂਗਰ ਦੀ ਨਾ ਮੁਰਾਦ ਬਿਮਾਰੀ ਹੈ । ਪਹਿਲਾਂ ਰੋਟੀ ਤੋਂ ਪਹਿਲਾਂ ਪਰੋਸਿਆ ਜਾਂਦਾ ਸੀ । ਖੂਬ ਰੱਜਵੇਂ ਢੰਗ ਨਾਲ ਮਿੱਠਾ ਖੁਆਇਆ ਜਾਂਦਾ ਸੀ । ਉਸ ਵਕਤ ਸਾਰੇ ਲੋਕ ਹੀ ਬਹੁਤ ਮਿੱਠਾ ਖਾਂਦੇ ਸਨ। ਰਾਤ ਦਾ ਸਮਾਂ ਹੋਣ ਤੋਂ ਪਹਿਲਾਂ ਲੌਢੇ ਵੇਲੇ ਚਾਰ ਨਾਲ ਪ੍ਰਾਹੁਣੇ ਦੀ ਸੇਵਾ ਲਈ ਸੇਵੀਆਂ ਵਗੈਰਾ ਜਰੂਰ ਬਣਾਈਆਂ ਜਾਂਦੀਆਂ। ਜੇਕਰ ਘਰ ਵਿੱਚ ਕੋਈ ਚੀਜ ਨਾ ਹੁੰਦੀ ਤਾਂ ਆਂਢ-ਗੁਆਂਢ ਵਿੱਚੋਂ ਮੰਗਣ ‘ਤੇ ਮਿਲ ਜਾਂਦੀ ਸੀ । ਪ੍ਰਾਹੁਣੇ ਆਉਣ ‘ਤੇ ਸਬਜ਼ੀ ਮੰਗ ਕੇ ਲਿਆਉਣਾ ਆਮ ਗੱਲ ਸੀ । ਪਹਿਲਾਂ ਅੱਜ ਵਾਂਗ ਫਰਿਜਾਂ ਨਹੀਂ ਹੁੰਦੀਆਂ ਸਨ। ਪਿੰਡ ਵਿੱਚ ਦੋ ਚਾਰ ਅਮਲੀ ਜਰੂਰ ਹੁੰਦੇ ਸਨ। ਉਹਨਾਂ ਦਾ ਸਾਰੇ ਪਿੰਡ ਨੂੰ ਪਤਾ ਹੁੰਦਾ ਸੀ । ਉਹ ਅਕਸਰ ਹੀ ਹਾਸੇ ਦੇ ਪਾਤਰ ਹੁੰਦੇ ਸਨ। ਕੋਈ ਉਨ੍ਹਾਂ ਦੀ ਗੱਲ ਦਾ ਗੁੱਸਾ ਵੀ ਨਹੀਂ ਕਰਦਾ ਸੀ ।  ਅੱਜ ਵਾਂਗ ਬਿਜਲੀ ਨਹੀਂ ਹੁੰਦੀ । ਦੀਵੇ ਦੀ ਰੋਸ਼ਨੀ ਵਿੱਚ ਜਾਂ ਲਾਲਟੈਨ ਦੇ ਚਾਨਣੇ ਵਿੱਚ ਮਹਿਫਲਾ ਸੱਜਦੀਆਂ ਸਨ। ਪਰ ਇੱਕ ਗੱਲ ਹੋਰ ਸੀ ਉਦੋਂ ਪ੍ਰਾਹੁਣੇ ਇਕ ਦੋ ਦਿਨ ਲਈ ਨਹੀਂ ਸਗੋਂ ਹਫਤੇ ਦਸ ਦਿਨ ਲਈ ਆਉਂਦੇ ਸਨ। ਕਦੇ ਕੋਈ ਮੱਥੇ ‘ਤੇ ਵੱਟ ਨਹੀਂ ਪਾਉਂਦਾ ਸੀ । ਹੱਸ ਹੱਸ ਗੱਲਾਂ ਕਰਨੀਆਂ । ਉਸ ਨੂੰ ਹਲਕੇ ਫੁਲਕੇ ਮਜਾਕ ਕਰਨੇ ਕਿਉਂਕਿ ਅੱਜ ਵਾਂਗ ਹਰ ਕਮਰੇ ਵਿੱਚ ਟੀ.ਵੀ. ਜਾਂ ਐਲ.ਈ.ਡੀ. ਨਹੀਂ ਲੱਗੀ ਹੁੰਦੀ ਸੀ । ਟੀ.ਵੀ. ਕਿਸੇ ਦੇ ਘਰ ਟਾਵਾ ਟਾਵਾ ਹੀ ਹੁੰਦਾ ਸੀ । ਉਦੋਂ ਆਪਸੀ ਦੁੱਖ ਸੁੱਖ ਦੀਆਂ ਗੱਲਾਂ ਕਰਕੇ ਹੀ ਸਮਾਂ ਪਾਸ ਕੀਤਾ ਜਾਂਦਾ ਸੀ ।

 ਸਵੇਰੇ ਉੱਠ ਕੇ ਪ੍ਰਾਹੁਣੇ ਨਾਲ ਜਾ ਕੇ, ਉਸ ਨੂੰ ਜੰਗਲ ਪਾਣੀ ਕਰਵਾ ਕੇ ਆਉਣਾ, ਰਸਤੇ ਵਿੱਚ ਕਿੱਕਰ ਦੀ ਦਾਤਣ ਤੋੜ ਕੇ ਦੇਣੀ। ਨਲਕਾ ਗੇੜ ਕੇ ਇੱਕ ਜਾਣ ਨੇ ਪ੍ਰਾਹੁਣੇ ਨੂੰ ਇਸ਼ਨਾਨ ਕਰਵਾਉਣਾ । ਉਦੋਂ ਹਰ ਕੋਈ ਅੰਗਰੇਜੀ ਸਾਬਣ ਨਾਲ ਨਹੀਂ ਨਹਾਉਂਦਾ ਸੀ । ਸਗੋਂ ਇਹ ਅੰਗਰੇਜੀ ਸਾਬਣ ਭਾਵ ਨਿਰਮਾ, ਲੈਕਸ ਵਰਗੇ ਸਾਬਣ ਤਾਂ ਸਿਰਫ ਪ੍ਰਾਹੁਣੇ ਦੇ ਇਸ਼ਨਾਨ ਕਰਨ ਲਈ ਹੀ ਹੁੰਦੇ ਸਨ । ਆਪ ਤਾਂ ਸਾਰਾ ਟੱਬਰ ਕੱਪੜੇ ਧੋਣ ਵਾਲੇ ਸਾਬਣ ਨਾਲ ਹੀ ਨਹਾਉਂਦਾ ਸੀ । ਪਿੰਡ ਵਿੱਚ ਅਕਸਰ ਗੁੜ ਦੀ ਚਾਹ ਹੀ ਬਣਦੀ ਸੀ । ਪਰ ਪ੍ਰਹੁਣੇ ਲਈ ਖੰਡ ਦੀ ਸਪੈਸ਼ਲ ਚਾਹ ਬਣਾਈ ਜਾਂਦੀ  ਖਾਸ ਕਰਕੇ ਜੇ ਪ੍ਰਹੌਣਾ ਸ਼ਹਿਰੀ ਇਲਾਕੇ ਦਾ ਹੋਵੇ । ਬਿਜਲੀ ਤਾਂ ਹੁੰਦੀ ਨਹੀਂ ਸੀ । ਡਿਊਢੀ ਵਿੱਚ ਮੰਜਾ ਵਿਛਾ ਕੇ ਪ੍ਰਹੌਣੇ ਨੂੰ ਬਿਠਾ ਦੇਣਾ ਦਹੀ, ਮੱਖਣ ਅਤੇ ਲੱਸੀ ਨਾਲ ਮਿੱਸੇ ਪ੍ਰੋਹਠੇ ਖੁਆਏ ਜਾਂਦੇ ਸਨ। ਗਰਮੀਆਂ ਵਿੱਚ ਪ੍ਰਹੌਣੇ ਨੂੰ ਗਰਮੀ ਤੋਂ ਬਚਣ ਲਈ ਪੇਟੀ ਵਿੱਚ ਰੱਖੀ ਸਪੈਸ਼ਲ ਪੱਖੀ ਕੱਢ ਦਿੱਤੀ ਜਾਂਦੀ ਸੀ । ਜਿਸ ਉੱਪਰ ਕਢਾਈ ਹੁੰਦੀ ਸੀ ।

ਇਹ ਪੱਖੀ ਅਸਾਨੀ ਨਾਲ ਘੁੰਮਦੀ ਸੀ । ਇਹ ਪੱਖੀ ਵਿਸ਼ੇਸ਼ ਮੌਕਿਆਂ ਤੇ ਹੀ ਕੱਢੀ ਜਾਂਦੀ ਸੀ । ਅਕਸਰ ਲੋਕ ਪ੍ਰਹੌਣੇ ਨਾਲ ਗੱਲ ਕਰਦੇ ਸਮੇਂ, ਉਸ ਨੂੰ ਪੱਖੀ ਵੀ ਝੱਲਦੇ ਹੁੰਦੇ ਸਨ। ਪ੍ਰਹੁਣਾ ਆਪਣੇ ਸਹੁਰੇ ਆ ਕੇ ਆਪਣੇ ਆਪ ਨੂੰ ਰਾਜਾ ਮਹਾਰਾਜਾ ਹੀ ਸਮਝਦੇ ਸਨ। ਕਈ ਵਾਰ ਸੇਵਾ ਹੁੰਦੀ ਵੇਖ ਪ੍ਰਹੌਣੇ ਕਾਫੀ ਲੰਬਾ ਸਮਾਂ ਟਿਕੇ ਰਹਿੰਦੇ ਸਨ।ਪੰਜਾਬੀਆਂ ਦੀ ਸੇਵਾ ਪੂਰੇ ਸੰਸਾਰ ਵਿੱਚ ਮੰਨੀ ਹੋਈ ਹੈ । ਪੰਜਾਬ ਹਮੇਸ਼ਾ ਜੰਗਾਂ ਦਾ ਅਖਾੜਾ ਰਿਹਾ ਹੈ । ਇੱਥੇ ਇਕ ਕਹਾਵਤ ਪ੍ਰਸਿੱਧ ਹੈ । ਖਾਧਾ ਪੀਤਾ ਲਾਹੇ ਦਾ ਬਾਕੀ ਨਾਦਰ ਸ਼ਾਹੇ ਦਾ । ਕਿਉਂਕਿ ਉਹ ਸਾਰੀ ਬੱਚਤ ਲੁੱਟ ਕੇ ਲੈ ਜਾਂਦੇ ਸਨ । ਇਸ ਕਰਕੇ ਪੰਜਾਬੀਆਂ ਦਾ ਇਹ ਸੁਭਾਅ ਬਣ ਗਿਆ ਹੈ ਕਿ ਖਾਣ ਪੀਣ ਵਿੱਚ ਕੰਜੂਸੀ ਨਾ ਕੀਤੀ ਜਾਵੇ । ਰਿਸ਼ੇਤਦਾਰ ਦੀ ਪ੍ਰਹੌਣਾਚਾਰੀ ਤਾਂ ਕਰਦੇ ਹਨ, ਨਾਲ ਦੀ ਨਾਲ ਜੇਕਰ ਕੋਈ ਭੁੱਖਾ ਰੋਟੀ ਮੰਗ ਲਵੇ, ਉਸ ਨੂੰ ਬਿਠਾ ਕੇ ਵਧੀਆ ਰੋਟੀ ਖੁਆਈ ਜਾਂਦੀ ਹੈ। ਪਿੰਡਾਂ ਵਿੱਚ ਹਾਲੇ ਵੀ ਪੰਜਾਬੀ ਸਭਿਆਚਾਰ ਜਿਉਂਦਾ ਹੈ ।

ਸ਼੍ਰੀ ਮੁਕਤਸਰ ਸਾਹਿਬ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।