ਸਿਧਾਂਤਾਂ ਦਾ ਪਹਿਰੇਦਾਰ ਤੇ ਸਰਬਸਾਂਝਾ-ਔਲਖ

Guardian, Principles, Punjabi Litrature,

ਪ੍ਰੋ.ਅਜਮੇਰ ਸਿੰਘ ਔਲਖ ਨੂੰ ਮੈਂ ਪਹਿਲੀ ਵਾਰ 1985 ‘ਚ ਮਿਲਿਆ ਜਦੋਂ ਮੈਂ ਚੌਥੀ ਜਮਾਤ ‘ਚ  ਪੜ੍ਹਦਾ ਸੀ ਮੌਕਾ ਸੀ ਮੇਰੀ ਮਾਨਖੇੜੇ ਵਾਲੀ ਭੂਆ ਮੁਖਤਿਆਰ ਕੌਰ ਦੀ ਬੇਟੀ ਸਵ. ਗੁਜਰਾਂ ਦੇ ਵਿਆਹ ਦਾ ਗੁਜਰਾਂ ਦੀ ਸ਼ਾਦੀ ਬਲਜੀਤ ਨਾਲ ਹੋਈ ਸੀ ਜੋ ਔਲਖ ਸਾਹਬ ਦੇ ਵੱਡੇ ਜਵਾਈ ਮਨਜੀਤ ਚਾਹਲ  ਦਾ ਛੋਟਾ ਭਰਾ ਹੈ ਬਰਾਤ ਵਾਲੇ ‘ਤਾਰੇ ‘ਚ ਮਿਰਗਾਂ ਵਾਲੀ ਚਾਦਰ ‘ਤੇ ਪਲਾਥੀ ਮਾਰੀ ਬੈਠੇ ਸੁਲਝੇ ਹੋਏ ਬੰਦੇ ਦੇ ਦੁਆਲੇ 10-12 ਨੌਜਵਾਨਾਂ ਨੇ ਝੁਰਮਟ ਪਾ ਮਾਹੌਲ ਨੂੰ ਰੰਗੀਨ ਬਣਾ ਰੱਖਿਆ ਸੀ ਤੇ ਕੰਧੋਲੀ ਉਹਲੇ ਖੜ੍ਹੀ ਵਿਚੋਲਣ ਦੂਜਿਆਂ ਨੂੰ ਕਹਿ ਰਹੀ ਸੀ, ਅਹੁ ਮੰਜੇ ‘ਤੇ ਬੈਠਾ ਭਾਈ ਪ੍ਰੋ. ਔਲਖ ਹੈ ਜੋ ਨਾਟਕ ਖੇਡਦਾ ਹੈ , ਬਲਜੀਤੇ ਤੋਂ ਵੱਡੇ ਮਨਜੀਤ ਸਰਪੰਚ ਦਾ ਸਹੁਰਾ ਸੁਣ ਕੇ ਮੇਰੀ ਬਾਲ-ਉਤਸੁਕਤਾ ਵਧ ਗਈ ਤੇ ਮੈਂ ਕੋਲ ਜਾ ਕੇ ਪਹਿਲੀ ਵਾਰੀ ਉਨ੍ਹਾਂ ਨੂੰ  ਨਿਰਛਲ ਹਾਸੇ ‘ਚ ਵੇਖਿਆ

1991 ‘ਚ ਮੈਂ ਨਹਿਰੂ  ਕਾਲਜ ਮਾਨਸਾ ਵਿਖੇ +1 ਨਾਨ-ਮੈਡੀਕਲ ਦਾ ਵਿਦਿਆਰਥੀ ਸੀ ਔਲਖ ਸਾਬ੍ਹ ਦੇ ਪ੍ਰੋਫੈਸਰ ਹੋਣ ਦੇ ਬਾਵਜੂਦ ਪੈਰੀਂ ਸਾਦੀ ਜੁੱਤੀ ਤੇ ਕੂਹਣੀਆਂ ਤੱਕ ਅੱਧੀਆਂ ਬਾਹਾਂ ਵਾਲੀ ਬੁਰਸ਼ਟ ਪਾਈ ਹੁੰਦੀ, ਜੋ ਮੈਂ ਕਦੇ ਵੀ ਪੈਂਟ ‘ਚ ਟੰਗੀ ਨਹੀਂ ਵੇਖੀ ਸੀ ਇਸ ਸਮੇਂ ਦੀਆਂ ਦੋ ਘਟਨਾਵਾਂ ਦਾ ਜਿਕਰ ਕਰਨਾ ਚਹਾਂਗਾ ਜਿਨ੍ਹਾਂ ਨਾਲ ਪ੍ਰੋ. ਔਲਖ ਦੇ ਸਿਧਾਂਤਵਾਦੀ ਹੋਣ ਦਾ ਪਤਾ ਲੱਗਦਾ ਹੈ ਸਾਇੰਸ-ਹਿਸਾਬ ‘ਚ ਮੇਰਾ ਹੱਥ ਵੈਸੇ ਹੀ ਤੰਗ ਸੀ ਉੱਤੋਂ ਕਿਤਾਬਾਂ ਅੰਗਰੇਜ਼ੀ ‘ਚ ਸਨ ਜਦੋਂ ਮੈਂ ਸਾਇੰਸ-ਹਿਸਾਬ ਦਾ ਪੀਰੀਅਡ ਲਾਇਆ ਕਰਾਂ ਤਾਂ ਸਾਰਾ ਕੁਝ ਮੇਰੇ ਸਿਰ ਉੱਪਰੋਂ ਲੰਘ ਜਾਇਆ ਕਰੇ  ਪ੍ਰੋ. ਸਾਬ੍ਹ ਦੀ ਵੱਡੀ ਬੇਟੀ ਕਰਨੀ ਵੀ ਉੱਥੇ ਹੀ ਪੜ੍ਹਾਉਂਦੀਂ ਸੀ ਦਸੰਬਰ ਤੱਕ ਔਖੀ ਪੜ੍ਹਾਈ ਹੋਣ ਕਰਕੇ ਮੇਰਾ ਮਨ ਬਿਲਕੁਲ ਹੀ ਉਚਾਟ ਹੋ ਗਿਆ ਪਹਿਲੀ ਘਟਨਾ, ਮੈਂ ਰੋਣ ਹਾਕਾ ਜਾ ਹੋ ਕੇ ਪ੍ਰੋ. ਔਲਖ ਕੋਲ ਗਿਆ ਤੇ ਬੇਨਤੀ ਕੀਤੀ, ਸਰ ਮੈਨੂੰ  ਆਰਟਸ ਦਿਵਾ ਦਿਓ ਐਨਕਾਂ ਹੇਠੋਂ ਦੀ ਮੇਰੀ ਸ਼ਕਲ ਵੇਖ ਮੈਨੂੰ ਪ੍ਰਿੰਸੀਪਲ ਭੀਮ ਸੈਨ ਕੋਲ ਲੈ ਗਏ ਤੇ ਮੇਰਾ ਗਰੁੱਪ ਬਦਲਣ ਦੀ ਬੇਨਤੀ ਕੀਤੀ ਅੱਗੋਂ ਪ੍ਰਿੰ. ਭੀਮ ਸੈਨ ਕਹਿੰਦੇ, ਹੁਣ ਤਾਂ ਮਿਤੀਆਂ ਲੰਘ ਚੁੱਕੀਆਂ ਹਨ, ਸਾਇੰਸ ਹੀ ਪੜ੍ਹਨੀ ਪਊ ਸੁਣ ਕੇ ਮੇਰੀਆਂ ਡਾਡਾਂ ਨਿੱਕਲ ਗਈਆਂ ਪਰ ਉਨ੍ਹਾਂ ਨੇ ਪਿੰ੍ਰਸੀਪਲ ‘ਤੇ  ਭੋਰਾ ਵੀ  ਦਬਾਅ ਨਾ ਬਣਾਇਆ

ਦੂਜੀ ਘਟਨਾ-ਭੌਤਿਕ ਵਿਗਿਆਨ ਦਾ ਪੱਕਾ ਪੇਪਰ ਸੀ 10 ਨੰਬਰ ਦਾ ਪ੍ਰਸ਼ਨ ਬਰਨੌਲੀ’ਜ਼ ਥਿਊਰਮ ਹਰ ਸਾਲ ਹੀ ਆ ਰਿਹਾ ਸੀ ਪੇਪਰ ਸ਼ੁਰੂ ਹੋਇਆ ਮੈਂ ਬਰਨੌਲੀ’ਜ਼ ਥਿਊਰਮ ਦੀ ਪਰਚੀ ਕੱਢ ਕੇ ਲਿਖਣਾ ਸ਼ੁਰੂ ਕੀਤਾ ਹੀ ਸੀ ਕਿ ਔਲਖ ਸਾਬ੍ਹ ਕਮਰੇ ‘ਚ ਆ ਗਏ ਤੇ ਮੇਰੀ ਉੱਤਰ ਪੱਤਰੀ ਥੱਲਿਉਂ ਪਰਚੀ ਚੱਕ ਸਮੇਤ ਸ਼ੀਟ ਸੁਪਰਡੈਂਟ ਕੋਲ ਲੈ ਗਏ ਤੇ ਨਾਲ ਸਖ਼ਤੀ ਨਾਲ ਕਿਹਾ ਕਿ ਇਸ ਦੀ ਉੱਤਰ-ਪੱਤਰੀ ਵਾਪਸ ਨਹੀਂ ਦੇਣੀ ਤੇ ਮੈਂ ਰੋਂਦਾ ਬਾਹਰ ਆ ਗਿਆ ਇਨ੍ਹਾਂ ਦੋਵਾਂ ਘਟਨਾਵਾਂ ਕਰਕੇ ਮੈਨੂੰ ਉਨ੍ਹਾਂ ਪ੍ਰਤੀ ਨਫ਼ਰਤ ਹੋ ਗਈ ਜਦੋਂ ਮੈਂ ਦੁਬਾਰਾ ਆਰਟਸ ਦੀ ਪੜ੍ਹਾਈ ਸ਼ੁਰੂ  ਕੀਤੀ ਤਾਂ ਯੂਥ ਫੈਸਟੀਵਲਾਂ ‘ਤੇ ਔਲਖ ਦੇ ਨਾਟਕਾਂ ਦੀਆਂ ਧੁੰਮਾਂ ਪੈਂਦੀਆਂ ਵੇਖਦਾ ਤਾਂ ਸੋਚਦਾ ਕਿ ਬੰਦਾ ਲਿਖਦਾ ਤਾਂ ਵਧੀਆ ਪਰ ਕਦੇ ਕਿਸੇ ਭੈਣ-ਭਾਈ ਦੇ ਕੰਮ ਨਹੀਂ ਆ ਸਕਦਾ ਮੈਂ ਬੀ.ਏ. ਬੀ.ਐੱਡ ਕਰਕੇ ਅਧਿਆਪਕ ਬਣ ਗਿਆ ਸੋਚ ‘ਚ ਪ੍ਰਪੱਕਤਾ ਆਉਣ ‘ਤੇ ਅਹਿਸਾਸ ਹੋਇਆ, ਜੇ ਔਲਖ ਸਾਬ੍ਹ ਮੇਰੀ ਸਹਾਇਤਾ ਕਰ ਦਿੰਦੇ ਤਾਂ ਮੈਂ ਕੁਝ ਵੀ ਨਹੀਂ ਬਣਨਾ ਸੀ ਕਿਉਂਕਿ ਸਾਇੰਸ ‘ਚੋਂ ਪਾਸ ਹੋ ਕੇ ਵੀ ਮੈਂ ਜ਼ਿੰਦਗੀ ‘ਚੋਂ ਫੇਲ੍ਹ ਹੀ ਰਹਿਣਾ ਸੀ

ਮੇਰੀ ਇੱਛਾ ਸੀ ਕਿ ਇਸ ਮਹਾਨ ਨਾਟਕਕਾਰ ਦੇ ਨਾਟਕ ਮੇਰੇ ਪਿੰਡ ਦੇ ਲੋਕਾਂ ਨੂੰ ਵਿਖਾਏ ਜਾਣ ਅਸੀਂ ਪਿੰਡ ਜੌੜਕੀਆਂ ਦੇ ਅਗਾਂਹਵਧੂ ਨੌਜਵਾਨਾਂ ਨੇ ‘ਕੱਠੇ ਹੋ ਮਾਲਵਾ ਸੱਭਿਆਚਾਰਕ ਮੰਚ ਬਣਾ 1998 ‘ਚ ਔਲਖ ਦੇ ਨਾਟਕਾਂ ਦੀ ਰਾਤ ਮਨਾਈ ਤੇ ਲੋਕ ਅਸ਼-ਅਸ਼ ਕਰ ਉੱਠੇ 2005 ‘ਚ ਮੈਂ ਤੇ ਉਨ੍ਹਾਂ ਦੇ ਲਾਡਲੇ ਸ਼ਾਗਿਰਦ ਸ਼ਾਇਰ ਅਵਤਾਰ ਖਹਿਰਾ ਝੁਨੀਰ ਨੇ ਉਨ੍ਹਾਂ ਦੇ ਘਰ ਉਨ੍ਹਾਂ ਨਾਲ ਚਾਰ-ਪੰਜ ਘੰਟੇ ਇੰਟਰਵਿਊ-ਨੁਮਾ ਖੁੱਲ੍ਹੀਆਂ-ਡੁੱਲੀਆਂ ਗੱਲਾਂ ਕੀਤੀਆਂ ਪਰ ਸਾਨੂੰ ਦੋਵਾਂ ਨੂੰ ਅਫ਼ਸੋਸ ਰਹੂਗਾ ਉਹ ਮੁਲਾਕਤ ਵਾਲੇ ਕਾਗਜ਼ ਐਸੇ ਗੁੰਮ ਹੋਏ ਕਿ ਮੁੜ ਹੱਥ ਨਾ ਲੱਗੇ ਅਤੇ ਨਾ ਹੀ ਮੁੜ ਕਦੇ ਅਜਿਹਾ ਸਮਾਂ ਤੇ ਮਾਹੌਲ ਬਣਾ ਸਕੇ ਕਿ ਲੋਕਾਂ ਦੇ ਸਰਮਾਏ ਲੋਕ ਗੀਤ ਵਰਗੇ ਪ੍ਰੋ. ਅਜਮੇਰ ਔਲਖ ਦਾ ਅੰਦਰਲਾ ਫਰੋਲ ਉਸ ਨੂੰ ਕਲਮਬੱਧ ਕਰ ਸਕਦੇ

ਪ੍ਰੋ. ਅਜਮੇਰ ਸਿੰਘ ਔਲਖ ਨੂੰ ਯਾਦ ਕਰਦਿਆਂ ਸੱਚੀ-ਸੁੱਚੀ ਮਨੁੱਖਵਾਦੀ ਹਸਤੀ ਸਾਡੇ  ਸਾਹਮਣੇ ਆ ਖੜ੍ਹਦੀ ਹੈ 75 ਸਾਲ ਪਹਿਲਾਂ ਸਾਧਾਰਨ ਕਿਰਤੀ ਕਿਸਾਨ ਪਰਿਵਾਰ ‘ਚ ਪੈਦਾ ਹੋ ਕੇ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਹਾਸਲ ਕਰਨਾ ਇੱਕ ਮਿਸਾਲੀ ਪ੍ਰਾਪਤੀ ਸੀ 1965 ‘ਚ ਨਹਿਰੂ ਕਾਲਜ ਮਾਨਸਾ ਵਿਖੇ ਪੰਜਾਬੀ ਲੈਕਚਰਾਰ ਨਿਯੁਕਤ ਹੋ ‘ਜਮੇਰ’ ਤੋਂ ਪ੍ਰੋ. ਅਜਮੇਰ ਸਿੰਘ ਔਲਖ ਬਣਨ ਤੱਕ ਇਸ ਨੌਜਵਾਨ ਨੇ ਸਾਧਨਾਂ ਦੀ ਕਾਣੀ ਵੰਡ ਦਾ ਇੰਨਾ ਸੰਤਾਪ ਭੋਗ ਲਿਆ ਸੀ ਕਿ ਅੰਦਰ ਰੋਹ ਉਬਾਲੇ ਮਾਰਨ ਲੱਗ ਪਿਆ ਜੋ ਕਿ ‘ਅਰਬਦ-ਨਰਬਦ-ਧੰਧੂਕਾਰਾ, ਬਿਗਾਨੇ ਬੋਹੜ ਦੀ ਛਾਂ , ਜਦੋਂ ਬੋਹਲ ਰੋਂਦੇ ਹਨ ਅਤੇ ਤੂੜੀ ਵਾਲਾ ਕੋਠਾ ਵਰਗੇ ਵੱਕਾਰੀ ਨਾਟਕਾਂ ਦੇ ਪਾਤਰਾਂ ਰਾਹੀਂ ਪ੍ਰਗਟ ਹੋਇਆ

ਆਪ ਮੁਜਾਰਾ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਆਪ ਨੇ ਬਚਪਨ ਤੋਂ ਹੀ  ਗਰੀਬ  ਮੁਜਾਰਾ ਕਿਸਾਨ ਪਰਿਵਾਰਾਂ ‘ਤੇ ਹੁੰਦੇ ਜ਼ੁਲਮਾਂ ਨੂੰ ਵੇਖ ‘ਜਮੇਰ’ ਦਾ ਬਚਪਨ ਮਧੋਲਿਆ ਗਿਆ ਕਿਸਾਨਾਂ-ਮਜਦੂਰਾਂ ‘ਤੇ ਹੁੰਦੇ ਅੱਤਿਆਚਾਰਾਂ ਅਤੇ ਇਸ ਨਿਮਨ ਵਰਗ ਦੇ ਦੱਬੇ ਚਾਵਾਂ ਦੀ ਗੱਲ ਲੋਕਾਂ ਅੱਗੇ ਰੱਖਣ ਲਈ ਗੋਲੀ ਦੀ ਥਾਂ ਗੱਲ ਨੂੰ ਆਪਣਾ ਮਾਧਿਅਮ ਬਣਾਇਆ ਗੁਰਚਰਨ ਭੀਖੀ, ਜੋਗਾ ਸਿੰਘ, ਹਰਭਜਨ ਹਲਵਾਰਵੀ, ਗੁਰਬਚਨ ਭੁੱਲਰ, ਗੁਰਸ਼ਰਨ ਸਿੰਘ, ਆਤਮਜੀਤ, ਰਾਮ ਸਰੂਪ ਅਣਖੀ, ਗੁਰਦਿਆਲ ਸਿੰਘ, ਬਲਦੇਵ ਸਿੰਘ ਆਦਿ ਸਮਕਾਲੀ ਵਿਦਵਾਨ ਮਿੱਤਰਾਂ ਦੇ ਸਾਥ ਨੇ ਪ੍ਰੋ. ਔਲਖ ਦੀ ਸੋਚ ਨੂੰ ਇਨਕਲਾਬੀ ਪੁੱਠ ਦਿੱਤੀ ਜਿਸ ਨਾਲ ਉਸ ਦੀ ਨਾਟ-ਕਲਾ ‘ਚ ਦਿਨੋ-ਦਿਨ ਨਿਖਾਰ ਆਉਂਦਾ ਗਿਆ ਸ਼ੁਰੂਆਤੀ ਸਮੇਂ ਉਨ੍ਹਾਂ ਇਨਕਲਾਬੀ ਗੀਤ ਲਿਖੇ, ਫਿਰ ਕਹਾਣੀਆਂ ਤੇ ਇੱਕ ਨਾਵਲ ਵੀ ਲਿਖਿਆ ਜੋ ਪ੍ਰਕਾਸ਼ਿਤ ਨਹੀਂ ਕਰਵਾਇਆ

ਅਖੀਰ ਆਪਣੀ ਅੰਦਰਲੀ ਗੱਲ ਕਹਿਣ ਲਈ ਨਾਟਕਾਂ ਨੂੰ ਮਾਧਿਅਮ ਬਣਾ ਲਿਆ 1973 ‘ਚ ਨਹਿਰੂ ਕਾਲਜ ਦੇ ਕਲਾ ਤੇ ਸਾਹਿਤ ਵਿੰਗ ਦੇ ਆਗੂ ਥਾਪੇ ਜਾਣ ਤੋਂ ਬਾਦ ਔਲਖ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਉਨ੍ਹਾਂ ਦੇ ਨਾਟਕਾਂ ਦੇ ਟਕੁਏ-ਗੰਡਾਸਿਆਂ ਦੀਆਂ ਤਿੱਖੀਆਂ ਕਟਾਰਾਂ ਵਰਗੇ ਵਿਦਰੋਹੀ  ਪਾਤਰ ਪਿੰਡਾਂ ਤੋਂ ਲੈ ਕੇ ਕੈਨੇਡਾ ਤੱਕ ਦੀਆਂ  ਸਟੇਜਾਂ ‘ਤੇ ਬੁਰਜੂਆ ਲੋਟੂ-ਟੋਲੇ ਦਾ ਵਢਾਂਗਾ ਕਰਦੇ ਗਏ ਤੇ ਔਲਖ ਜਨ ਸਧਾਰਨ ਸ਼੍ਰੇਣੀ ਦੀਆਂ ਅੱਖਾਂ ਦਾ ਤਾਰਾ ਬਣਦਾ ਗਿਆ
ਉਹ ਅਜਿਹਾ ਸ਼ਖ਼ਸ ਸੀ ਜਿਸ ਨੇ ਆਪਣੀ ਕਲਮ ਨਾਲ ਦੱਬੇ-ਕੁਚਲੇ ਲੋਕਾਂ ਦੀ ਦਸ਼ਾ ਤੇ ਦਿਸ਼ਾ ‘ਚ ਮਾਇਨੇ ਰੱਖਣ ਵਾਲੀਆਂ ਤਬਦੀਲੀਆਂ ਕੀਤੀਆਂ ਉਹ ਕਦੇ ਵੀ ਚੰਡੀਗੜ੍ਹ ਜਾਂ ਦਿੱਲੀ ਦੇ ਸੱਤਾ ਗਲਿਆਰਿਆਂ ਵੱਲ ਝਾਕਿਆ ਨਹੀਂ ਕਿਉਂਕਿ ਸਰਕਾਰੀ ਰੁਤਬਿਆਂ ਦੀ ਗੁਲਾਮੀ ਕਰਨੀ ਉਸ ਦੇ ਸੁਭਾਅ ਦਾ ਹਿੱਸਾ ਨਹੀਂ ਸੀ ਉਨ੍ਹਾਂ ਕਦੇ ਕਿਸੇ ਮਾਣ-ਸਨਮਾਨ ਲਈ ਜੁਗਾੜਬੰਦੀ ਨਹੀਂ ਕੀਤੀ ਸਗੋਂ ਸਹਿਜ਼-ਸੁਭਾਅ ਜੋ ਮਿਲਿਆ ਉਸ ਦਾ ਕਦੇ ਹੰਕਾਰ ਜਾਂ ਵਿਖਾਵਾ ਵੀ ਨਹੀਂ ਕੀਤਾ  ਉਨ੍ਹਾਂ ਦੇ ਪ੍ਰਸੰਸਕਾਂ ਨੂੰ ਸਰਕਾਰਾਂ ‘ਤੇ ਗਿਲਾ ਰਹੇਗਾ ਕਿ ਪ੍ਰੋ. ਔਲਖ ਦੀ ਸਾਹਿਤਕ ਘਾਲਣਾ ਦੀ ਸਮੇਂ ਸਿਰ ਕਦਰ ਨਹੀਂ ਕੀਤੀ ਭਾਵੇਂ ਕਿ ਪੰਜਾਬੀ ਅਦਬ ‘ਚ ਗੁਰਦਿਆਲ ਸਿੰਘ ਤੋਂ ਬਾਦ ਉਹ ਗਿਆਨਪੀਠ ਦੇ ਪੂਰੇ ਹੱਕਦਾਰ ਸਨ ਉਸ ਨੇ ਕਦੇ ਕਿਸੇ ਅਖੌਤੀ ਨਾਢੂ ਖਾਂ ਦੀ ਚਾਪਲੂਸੀ ਨਹੀਂ ਕੀਤੀ ਸਗੋਂ ਹਮੇਸ਼ਾ ਹੀ ਕਤਾਰ ਖਿੱਚ ਲਿਤਾੜੇ ਲੋਕਾਂ ਦਾ ਆਗੂ ਬਣ ਉਨ੍ਹਾਂ ਦੇ ਦਰਦਾਂ ਨੂੰ ਸਟੇਜਾਂ ‘ਤੇ ਬਿਆਨ ਕਰਦੇ ਰਹੇ
ਉਹ ਭਾਵੇਂ ਚਲੇ ਗਏ ਹਨ ਪਰ ਉਨ੍ਹਾਂ ਦਾ ਮਿਸ਼ਨ ਅਜੇ ਅਧੂਰਾ ਹੈ ਅਤੇ ਸਮਾਜ ‘ਚ ਇੱਕਸਾਰਤਾ ਲਿਆਉਣ ਲਈ ਉਸ ਦੀ ਸੋਚਣੀ ਅਪਣਾਉਣ ਦੀ ਲੋੜ ਹੈ  ਉਮੀਦ ਕਰਦੇ ਹਾਂ ਕਿ ਉਨ੍ਹਾਂ ਦੇ ਨਾਟਕਾਂ ਦਾ ਗੁਣ-ਗਾਣ ਕਰਨ ਵਾਲੇ ਲੇਖਕ ਤੇ ਪ੍ਰੋ. ਔਲਖ ਦੀ ਸੋਚ ਦੇ ਅਸਲੀ ਵਾਰਸ ਕਿਰਤੀ ਲੋਕ ਉਨ੍ਹਾਂ ਦੀ ਗੈਰ-ਹਾਜ਼ਰੀ ਦਾ ਖੱਪਾ ਭਰਨਗੇ, ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ
ਬਲਜਿੰਦਰ ਜੌੜਕੀਆਂ, ਤਲਵੰਡੀ ਸਾਬੋ (ਬਠਿੰਡਾ), ਮੋ. 94630-24575