ਪੰਚਾਇਤ ਮੰਤਰੀ ਦਾ ਵੱਡਾ ਐਲਾਨ, ਸਰਕਾਰੀ ਜਮੀਨ ’ਤੇ ਕਬਜ਼ਾ ਕਰਕੇ ਬਣਾਇਆ ਹੋਟਲ
(ਅਸ਼ਵਨੀ ਚਾਵਲਾ) ਚੰਡੀਗੜ। ਬਾਦਲ ਪਰਿਵਾਰ ਵੱਲੋਂ ਤਿਆਰ ਕੀਤੇ ਗਏ 7 ਸਟਾਰ ਹੋਟਲ ਸੁਖਵਿਲਾਸ (Sukhvilas Hotel) ਨੂੰ ਹੁਣ ਪੰਜਾਬ ਸਰਕਾਰ ਆਪਣੇ ਕਬਜ਼ੇ ਵਿੱਚ ਲੈਣ ਦੀ ਤਿਆਰੀ ਕਰ ਰਹੀ ਹੈ। ਇਸ ਹੋਟਲ ਨੂੰ ਢਾਹੁਣ ਦੀ ਥਾਂ ’ਤੇ ਪੰਜਾਬ ਸਰਕਾਰ ਖ਼ੁਦ ਦੇ ਕਬਜ਼ੇ ’ਚ ਲੈਂਦੇ ਹੋਏ ਇਸ ਨੂੰ ਚਲਾਏਗੀ। ਇਹ ਐਲਾਨ ਪੰਜਾਬ ਦੇ ਖੇਤੀਬਾੜੀ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕਰ ਦਿੱਤਾ ਗਿਆ ਹੈ। ਕੁਲਦੀਪ ਸਿੰਘ ਧਾਲੀਵਾਲ ਦੇ ਇਸ ਐਲਾਨ ਤੋਂ ਬਾਅਦ ਕਾਫ਼ੀ ਜਿਆਦਾ ਸਿਆਸਤ ਵੀ ਭੱਖ ਗਈ ਹੈ, ਕਿਉਂਕਿ ਅਕਾਲੀ ਦਲ ਵਲੋਂ ਇਸ ਨੂੰ ਗਲਤ ਕਰਾਰ ਦਿੱਤਾ ਜਾ ਰਿਹਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਹੋਟਲ ਨੂੰ ਬਣਾਉਣ ਲਈ ਕੋਈ ਵੀ ਸਰਕਾਰੀ ਨਿਯਮਾਂ ਦੀ ਅਣਗਹਿਲੀ ਨਹੀਂ ਹੋਈ ਤਾਂ ਕੋਈ ਕਬਜ਼ਾ ਵੀ ਨਹੀਂ ਕੀਤਾ ਗਿਆ ਹੈ।
ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਵਲੋਂ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਗਿਆ ਕਿ ਮੁਹਾਲੀ ਦੇ ਜੰਗਲਾਂ ਵਿੱਚ ਇੱਕ ਸ਼ਾਨਦਾਰ ਹੋਟਲ ਤਿਆਰ ਕੀਤਾ ਗਿਆ ਸੀ। ਇਸ ਹੋਟਲ ਦੇ ਜਿਹੜੇ ਕਮਰੇ ਤਿਆਰ ਕੀਤੇ ਗਏ ਹਨ, ਉਸ ਜਮੀਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਜਾਏਗਾ। ਉਨਾਂ ਦੱਸਿਆ ਕਿ ਇਸ ਹੋਟਲ ਵਿੱਚ ਵਰਤੋਂ ਵਿੱਚ ਲਿਆਂਦੀ ਗਈ ਜ਼ਮੀਨ ਸਰਕਾਰੀ ਹੈ ਅਤੇ ਇਸ ਨੂੰ ਜਲਦ ਹੀ ਰਿਕਵਰੀ ਕੀਤਾ ਜਾਏਗਾ। (Sukhvilas Hotel)
ਇਹ ਵੀ ਪੜ੍ਹੋ : ਨਜਾਇਜ਼ ਕਬਜਿਆਂ ਸਬੰਧੀ ਮੁੱਖ ਮੰਤਰੀ ਨੇ ਦਿੱਤੀ ਚੇਤਾਵਨੀ
ਉਨਾਂ ਕਿਹਾ ਕਿ ਰਿਕਵਰੀ ਕਰਦੇ ਹੋਏ ਇਸ ਸ਼ਾਨਦਾਰ ਕਮਰੇ ਦੇ ਹੋਟਲ ਨੂੰ ਢਾਹਿਆ ਨਹੀਂ ਜਾਏਗਾ, ਸਗੋਂ ਉਸ ਨੂੰ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਚਲਾਇਆ ਜਾਏਗਾ। ਕੁਲਦੀਪ ਸਿੰਘ ਧਾਲੀਵਾਲ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਕਾਫ਼ੀ ਜਿਆਦਾ ਹੰਗਾਮਾ ਹੋ ਗਿਆ ਹੈ, ਕਿਉਂਕਿ ਬਾਦਲ ਪਰਿਵਾਰ ਦੇ ਇਸ ਹੋਟਲ ਨੂੰ ਲੈ ਕੇ ਪਹਿਲਾਂ ਵੀ ਸੁਆਲ ਉੱਠਦੇ ਆਏ ਹਨ ਪਰ ਹੁਣ ਤੱਕ ਇਸ ਮਾਮਲੇ ਵਿੱਚ ਕਿਸੇ ਵੀ ਸਰਕਾਰ ਵੱਲੋਂ ਗੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਸੀ।
ਕਿਹੜਾ ਰੋਕਦਾ ਐ ਸਰਕਾਰ ਨੂੰ, ਨਜਾਇਜ਼ ਹੈ ਤਾਂ ਡਰਾਮੇਬਾਜ਼ੀ ਨਾ ਕਰੋ ਕਾਰਵਾਈ : ਦਲਜੀਤ ਚੀਮਾ
ਸੁਖ ਵਿਲਾਸ ਹੋਟਲ ’ਤੇ ਕਬਜ਼ਾ ਕਰਨ ਦਾ ਬਿਆਨ ਦੇਣ ਤੋਂ ਬਾਅਦ ਭਖੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਦਲਜੀਤ ਸਿੰਘ ਚੀਮਾ ਵੱਲੋਂ ਸਰਕਾਰ ਨੂੰ ਕਿਹਾ ਗਿਆ ਹੈ ਕਿ ਜੇਕਰ ਕੁਝ ਵੀ ਨਜਾਇਜ ਹੋਇਆ ਹੈ ਤਾਂ ਤੁਸੀ ਡਰਾਮੇਬਾਜ਼ੀਆਂ ਕਰਨ ਦੀ ਥਾਂ ਤੇ ਕਾਰਵਾਈ ਕਰੋ। ਦਲਜੀਤ ਚੀਮਾ ਨੇ ਕਿਹਾ ਕਿ ਇਹ ਤਾਂ ਈਵੈਂਟ ਮੈਨੇਜਮੈਂਟ ਸਰਕਾਰ ਬਣੀ ਹੋਈ ਹੈ ਜਿਹੜੀ ਕਿ ਕੋਈ ਨਾ ਕੋਈ ਲੱਭ ਕੇ ਆਪਣਾ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟ ਰਹੀ ਹੈ।
ਜੇਕਰ ਕਿਤੇ ਵੀ ਨਜਾਇਜ਼ ਕਬਜ਼ਾ ਹੈ ਤਾਂ ਉਸ ਤੇ ਕਾਰਵਾਈ ਕਰਦੇ ਹੋਏ ਸਰਕਾਰ ਕਬਜ਼ੇ ਨੂੰ ਹਟਾਵੇ। ਅਸੀਂ ਪਹਿਲਾਂ ਵੀ ਦੇਖਿਆ ਹੈ ਕਿ ਮੁੱਖ ਮੰਤਰੀ ਖੁਦ ਜਾ ਕੇ ਕਬਜ਼ਾ ਹਟਾਉਣ ਦੀ ਗਲ ਕਰਦੇ ਹਨ ਪਰ ਅਦਾਲਤਾਂ ਵਿੱਚ ਜਾ ਕੇ ਸਾਰੇ ਮਾਮਲੇ ਲਟਕ ਰਹੇ ਹਨ ਕਿਉਂਕਿ ਸਰਕਾਰ ਹੀ ਹਰ ਪਾਸੇ ਗ਼ਲਤ ਨਜ਼ਰ ਆ ਰਹੀ ਹੈ। ਇਸ ਲਈ ਸਰਕਾਰ ਨੂੰ ਕੁਝ ਬੋਲਣ ਦੀ ਥਾਂ ਤੇ ਕਾਰਵਾਈ ਕਰਨ ਦੀ ਲੋੜ ਹੈ। ਜੇਕਰ ਸਰਕਾਰ ਵੀ ਕੁਝ ਨਾਜਾਇਜ਼ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਅਦਾਲਤਾਂ ਅਜੇ ਬੈਠੀਆਂ ਹਨ ਉਥੇ ਜਾ ਕੇ ਇਨਸਾਫ ਜ਼ਰੂਰ ਮਿਲੇਗਾ।