ਜੇਲਾਂ ਚੋਂ 5800 ਕੈਦੀ ਰਿਹਾਅ ਕਰਨ ਬਾਰੇ ਸਰਕਾਰ ਕਰ ਰਹੀ ਹੈ ਸੋਚ ਵਿਚਾਰ

ਜੇਲਾਂ ਚੋਂ 5800 ਕੈਦੀ ਰਿਹਾਅ ਕਰਨ ਬਾਰੇ ਸਰਕਾਰ ਕਰ ਰਹੀ ਹੈ ਸੋਚ ਵਿਚਾਰ

ਚੰਡੀਗੜ੍ਹ। ਪੂਰੀ ਦੁਨੀਆ ‘ਤੇ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦਾ ਖੌਫ ਪੰਜਾਬ ‘ਚ ਵੀ ਪਾਇਆ ਜਾ ਰਿਹਾ ਹੈ। ਇਸ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਜੇਲਾਂ ‘ਚੋਂ 5800 ਦੇ ਕਰੀਬ ਕੈਦੀਆਂ ਨੂੰ ਰਿਹਾਅ ਕਰਨ ਬਾਰੇ ਸੋਚ-ਵਿਚਾਰ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਕ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਹੈ, ਜਿਸ ‘ਚ ਸੂਬੇ ਦੀਆਂ ਜੇਲਾਂ ‘ਚ ਕੈਦ ਕਰੀਬ 5800 ਕੈਦੀਆਂ ਨੂੰ ਰਿਹਾਅ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।

ਸੁਖਜਿੰਦਰ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ‘ਚੋਂ 2800 ਕੈਦੀ ਅਜਿਹੇ ਹਨ, ਜੋ ਸਨੈਚਿੰਗ ਵਰਗੀਆਂ ਛੋਟੀਆਂ-ਮੋਟੀਆਂ ਵਾਰਦਾਤਾਂ ਲਈ ਜੇਲਾਂ ‘ਚ ਬੰਦ ਹਨ, ਜਦੋਂ ਕਿ 3000 ਕੈਦੀ ਉਹ ਹਨ, ਜੋ ਕੁਝ ਗ੍ਰਾਮ ਨਸ਼ੇ ਨਾਲ ਫੜ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਡੀ. ਜੀ. ਪੀ., ਏ. ਡੀ. ਜੀ. ਪੀ. ਤੇ ਐੱਸ. ਪੀਜ਼ ਨਾਲ ਇਸ ਮੁੱਦੇ ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਸਾਰਿਆਂ ਦੀ ਸਹਿਮਤੀ ਨਾਲ ਕਿਸੇ ਨਤੀਜੇ ‘ਤੇ ਪੁੱਜਿਆ ਜਾਵੇਗਾ। ਸੁਖਜਿੰਦਰ ਰੰਧਾਵਾ ਨੇ ਸਪੱਸ਼ਟ ਕੀਤਾ ਕਿ ਕੋਰੋਨਾ ਵਾਇਰਸ ਫੈਲਣ ਦੇ ਮੱਦੇਨਜ਼ਰ ਇਹ ਪ੍ਰਸਤਾਵ ਭੇਜਿਆ ਗਿਆ ਹੈ।

ਰੰਧਾਵਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖਤਰੇ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਦੀ ਲੜੀ ਤਹਿਤ ਪੰਜਾਬ ਸਰਕਾਰ ਅਜਿਹੇ ਕੈਦੀਆਂ ਨੂੰ ਛੱਡਣ ‘ਤੇ ਵਿਚਾਰ ਕਰ ਰਹੀ ਹੈ, ਜਿਹੜੇ ਸਧਾਰਨ ਅਪਰਾਧ ‘ਚ ਸਜ਼ਾਯਾਫਤਾ ਹਨ ਅਤੇ ਉਨ੍ਹਾਂ ਨੂੰ ਰਿਹਾਅ ਕਰਨ ਨਾਲ ਕਾਨੂੰਨ-ਵਿਵਸਥਾ ਨੂੰ ਕੋਈ ਗੰਭੀਰ ਸਮੱਸਿਆ ਖੜ੍ਹੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਜਲਦੀ ਹੀ ਕੋਰੋਨਾ ਦੀ ਰੋਕਥਾਮ ਸਬੰਧੀ ਮੰਤਰੀ ਸਮੂਹ ਦੀ ਬੈਠਕ ‘ਚ ਇਸ ਮੁੱਦੇ ‘ਤੇ ਵਿਚਾਰ-ਚਰਚਾ ਕੀਤੀ ਜਾਵੇਗੀ।

ਜੇਲ ਮੰਤਰੀ ਨੇ ਕਿਹਾ ਕਿ ਜੇਲਾਂ ‘ਚ ਬੰਦ ਨਸ਼ੇੜੀ, ਜਿਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਨਾਲ ਫੜ੍ਹੇ ਜਾਣ ਕਾਰਨ ਸਜ਼ਾ ਹੋਈ ਹੈ, ਉਨ੍ਹਾਂ ਨੂੰ ਮੌਜੁਦਾ ਹਾਲਾਤ ‘ਚ ਜੇਲਾਂ ‘ਚੋਂ ਰਿਹਾਅ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੇਖਿਆ ਗਿਆ ਹੈ ਕਿ ਨਸ਼ੇ ਦੇ ਆਦੀ ਲੋਕ ਸਰੀਰਕ ਤੌਰ ‘ਤੇ ਬੇਹੱਦ ਕਮਜ਼ੋਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਰੋਗ ਵੀ ਜਲਦੀ ਫੜ੍ਹਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕੈਦੀਆਂ ਨੂੰ ਜੇਲਾਂ ‘ਚੋਂ ਰਿਹਾਅ ਕਰ ਦਿੱਤਾ ਜਾਣਾ ਜ਼ਰੂਰੀ ਹੈ ਤਾਂ ਜੋ ਬਾਕੀ ਕੈਦੀਆਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੀਆਂ ਜੇਲਾਂ ‘ਚ ਕੈਦੀਆਂ ਨੂੰ ਰੱਖਣ ਦੀ ਕੁੱਲ ਸਮਰੱਥਾ ਕਰੀਬ 23000 ਦੀ ਹੈ, ਜਦੋਂ ਕਿ ਇਸ ਸਮੇਂ ਜੇਲਾਂ ‘ਚ 24600 ਕੈਦੀ ਬੰਦ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।