ਅਕਬਰ ਨੇ ਦੋਵਾਂ ਦੇ ਕਾਲੇ ਸੰਗਮਰਮਰ ਦੇ ਬੁੱਤ ਬਣਵਾਏ
ਪੰਜਾਬ ਦੇ ਲੋਕ ਨਾਇਕਾਂ ਵਿੱਚ ਪੰਜਾਬ ਤੋਂ ਬਾਹਰ ਦੇ ਅਜਿਹੇ ਸੂਰਮੇ ਬਹੁਤ ਘੱਟ ਸ਼ਾਮਲ ਹਨ ਜਿਹਨਾਂ ਬਾਰੇ ਵਾਰਾਂ ਬਣੀਆਂ ਹਨ। ਮੁੱਖ ਕਿੱਸਿਆਂ ਵਿੱਚ ਸਿੰਧ ਦਾ ਕਿੱਸਾ ਸੱਸੀ-ਪੁਨੂੰ ਅਤੇ ਯੋਧਿਆਂ-ਸੂਰਬੀਰਾਂ ਵਿੱਚ ਸਿਰਫ ਰਾਜਸਥਾਨ ਦੇ ਸੂਰਮਿਆਂ ਰਾਵਤ ਜੈ ਮੱਲ ਰਾਠੌਰ, ਉਰਫ ਜੈਮਲ ਅਤੇ ਰਾਵਤ ਫੱਤਾ ਸਿਸੋਦੀਆ, ਉਰਫ ਫੱਤਾ ਨੂੰ ਇਹ ਮਾਣ ਹਾਸਲ ਹੈ। ਜੈਮਲ ਫੱਤੇ ਦੀਆਂ ਵਾਰਾਂ ਪੰਜਾਬ ਦੇ ਕੁਲਦੀਪ ਮਾਣਕ ਵਰਗੇ ਅਨੇਕਾਂ ਨਾਮਵਰ ਗਾਇਕਾਂ, ਢਾਡੀਆਂ, ਕਵੀਸ਼ਰਾਂ ਨੇ ਗਾਈਆਂ ਹਨ। 20 ਅਕਤੂਬਰ 1567 ਨੂੰ ਭਾਰਤ ਦੇ ਸ਼ਹਿਨਸ਼ਾਹ ਅਕਬਰ ਨੇ ਰਾਜਪੂਤਾਨੇ ਨੂੰ ਆਪਣੇ ਕਬਜ਼ੇ ਹੇਠ ਕਰਨ ਲਈ ਰਾਜਸਥਾਨ ਦੀ ਸਭ ਤੋਂ ਮਜ਼ਬੂਤ ਰਿਆਸਤ ਮੇਵਾੜ ਦੀ ਰਾਜਧਾਨੀ ਚਿਤੌੜਗੜ੍ਹ ‘ਤੇ ਆਪ ਖੁਦ ਹਮਲਾ ਬੋਲ ਦਿੱਤਾ।
ਰਾਜਪੂਤਾਂ ਨੇ ਅਤਿਅੰਤ ਬਹਾਦਰੀ ਨਾਲ ਮੁਗਲ ਫੌਜ ਦਾ ਸਾਹਮਣਾ ਕੀਤਾ ਤੇ ਉਸ ਨੂੰ 23 ਫਰਵਰੀ 1568 ਤੱਕ ਰੋਕੀ ਰੱਖਿਆ। ਮੇਵਾੜ ਦਾ ਮਹਾਰਾਣਾ ਉਦੈ ਸਿੰਘ ਆਤਮ ਸਮੱਰਪਣ ਕਰਨ ਦੀ ਬਜਾਏ ਪਰਿਵਾਰ ਸਮੇਤ ਚਿਤੌੜਗੜ੍ਹ ਨੂੰ ਆਪਣੇ ਸੈਨਾਪਤੀਆਂ ਜੈਮਲ ਅਤੇ ਫੱਤਾ ਦੇ ਸਹਾਰੇ ਛੱਡ ਕੇ ਗੋਗੁੰਡਾ ਦੇ ਕਿਲ੍ਹੇ ਵਿੱਚ ਚਲਾ ਗਿਆ। ਜੈਮਲ ਅਤੇ ਫੱਤਾ ਨੇ 8000 ਸੈਨਿਕਾਂ ਅਤੇ 35000 ਕਿਸਾਨਾਂ-ਮਜ਼ਦੂਰਾਂ ਦੀ ਮੱਦਦ ਨਾਲ ਅਕਬਰ ਦੇ ਲੱਖਾਂ ਸੈਨਿਕਾਂ ਨੂੰ ਚਾਰ ਮਹੀਨੇ ਤੱਕ ਕਿਲ੍ਹੇ ਦੇ ਨੇੜੇ ਨਾ ਫਟਕਣ ਦਿੱਤਾ।
ਇਹ ਵੀ ਪੜ੍ਹੋ : ਹਰਿਆਣੇ ’ਚੋਂ ਮਹਿੰਗੇ ਭਾਅ ਦੀ ਪਨੀਰੀ ਖਰੀਦ ਦੁਬਾਰਾ ਝੋਨਾ ਲਾਉਣ ਲੱਗੇ ਕਿਸਾਨ
ਆਖਰ 22 ਫਰਵਰੀ 1568 ਨੂੰ ਜੈਮਲ ਅਤੇ 23 ਫਰਵਰੀ 1568 ਨੂੰ ਫੱਤਾ ਵੀਰਗਤੀ ਨੂੰ ਪ੍ਰਾਪਤ ਹੋ ਗਏ ਤੇ ਕਿਲ੍ਹਾ ਮੁਗਲਾਂ ਦੇ ਹੱਥ ਆ ਗਿਆ। ਇਸ ਜੰਗ ਵਿੱਚ ਸਾਰੇ ਦੇ ਸਾਰੇ 8000 ਰਾਜਪੂਤ ਸੈਨਿਕ ਮਾਰੇ ਗਏ ਤੇ ਹਜ਼ਾਰਾਂ ਔਰਤਾਂ ਨੇ ਬੱਚਿਆਂ ਸਮੇਤ ਜੌਹਰ ਕਰ ਲਿਆ। ਅਕਬਰ ਦੀ ਖਿਝੀ-ਖਪੀ ਸੈਨਾ ਨੇ 30000 ਆਮ ਨਾਗਰਿਕਾਂ ਦਾ ਵੀ ਕਤਲ ਕਰ ਦਿੱਤਾ। ਇਸ ਜਿੱਤ ਦੀ ਖੁਸ਼ੀ ਮਨਾਉਣ ਲਈ ਅਕਬਰ ਇੱਕ ਹਫਤਾ ਚਿਤੌੜਗੜ੍ਹ ਵਿੱਚ ਰਿਹਾ। ਅਕਬਰ ਜੈਮਲ ਅਤੇ ਫੱਤੇ ਦੀ ਬਹਾਦਰੀ ਤੋਂ ਐਨਾ ਖੁਸ਼ ਹੋਇਆ ਕਿ ਦੋਵਾਂ ਦੇ ਕਾਲੇ ਸੰਗਮਰਮਰ ਦੇ ਹਾਥੀ ‘ਤੇ ਸਵਾਰ ਬੁੱਤ ਆਗਰੇ ਦੇ ਕਿਲ੍ਹੇ ਦੇ ਮੁੱਖ ਦਰਵਾਜ਼ੇ ਦੇ ਬਾਹਰ ਸਥਾਪਤ ਕਰਵਾਏ।
ਜੈਮਲ ਦਾ ਜਨਮ 17 ਸਤੰਬਰ 1507 ਨੂੰ ਮੇਵਾੜ ਦੀ ਰਿਆਸਤ ਮੇਰਟਾ ਵਿਖੇ ਹੋਇਆ
ਰਾਵਤ ਜੈ ਮੱਲ ਰਾਠੌਰ- ਜੈਮਲ ਦਾ ਜਨਮ 17 ਸਤੰਬਰ 1507 ਨੂੰ ਮੇਵਾੜ ਦੀ ਰਿਆਸਤ ਮੇਰਟਾ ਵਿਖੇ ਹੋਇਆ ਸੀ। ਉਸ ਦੇ ਪਿਤਾ ਦਾ ਨਾਂਅ ਰਾਵਤ ਵਿਕਰਮ ਰਾਠੌਰ (ਮੇਰਟਾ ਦਾ ਜਾਗੀਰਦਾਰ) ਅਤੇ ਮਾਤਾ ਦਾ ਨਾਂਅ ਰਾਣੀ ਗੋਰਾਜੀਆ ਕੰਵਰ ਸੀ। ਜੈਮਲ ਆਪਣੇ ਪਿਤਾ ਦੇ ਮਰਨ ਤੋਂ ਬਾਅਦ ਮੇਰਟਾ ਰਿਆਸਤ ਦਾ ਜਾਗੀਰਦਾਰ ਬਣ ਗਿਆ ਤੇ ਕੁਝ ਹੀ ਸਮੇਂ ਵਿੱਚ ਆਪਣੀ ਬਹਾਦਰੀ ਦੇ ਬਲ ‘ਤੇ ਤਰੱਕੀ ਕਰਦਾ ਹੋਇਆ ਚਿਤੌੜਗੜ੍ਹ ਦਾ ਕਿਲ੍ਹੇਦਾਰ ਥਾਪ ਦਿੱਤਾ ਗਿਆ। ਉਸ ਨੇ ਮੇਵਾੜ ਦੀਆਂ ਫੌਜਾਂ ਵੱਲੋਂ ਲੜਦੇ ਹੋਏ ਅਨੇਕਾਂ ਜਿੱਤਾਂ ਪ੍ਰਾਪਤ ਕੀਤੀਆਂ।
ਇਹ ਵੀ ਪੜ੍ਹੋ : …ਅਜਿਹੇ ਤਿਆਗ ਦੀ ਕੋਈ ਹੋਰ ਮਿਸਾਲ ਗੂਗਲ ’ਤੇ ਵੀ ਨਾ ਲੱਭੀ
ਉਸ ਦੀਆਂ ਸੇਵਾਵਾਂ ਦਾ ਮਾਣ ਰੱਖਦੇ ਹੋਏ ਰਾਣਾ ਉਦੈ ਸਿੰਘ ਨੇ ਉਸ ਨੂੰ 1000 ਹੋਰ ਪਿੰਡ ਜਾਗੀਰ ਵਜੋਂ ਦੇ ਦਿੱਤੇ। ਰਾਣਾ ਉਦੈ ਸਿੰਘ ਦੇ ਕਿਲ੍ਹਾ ਛੱਡਣ ਤੋਂ ਬਾਅਦ ਮੁਗਲ ਫੌਜ ਨਾਲ ਰੋਜ਼ਾਨਾ ਝੜਪਾਂ ਹੋਣ ਲੱਗੀਆਂ। ਦੋਵਾਂ ਧਿਰਾਂ ਦੇ ਅਨੇਕਾਂ ਸੂਰਮੇ ਮਾਰੇ ਗਏ। ਮੁਗਲ ਤੋਪਖਾਨੇ ਦੀ ਲਗਾਤਾਰ ਗੋਲਾਬਾਰੀ ਕਾਰਨ ਚਿਤੌੜਗੜ੍ਹ ਵਰਗੇ ਅਜਿੱਤ ਕਿਲ੍ਹੇ ਦੀਆਂ ਕੰਧਾਂ ਵੀ ਕਮਜ਼ੋਰ ਹੋ ਕੇ ਡਿੱਗਣ ਲੱਗ ਪਈਆਂ। ਪਰ ਜਿੱਥੇ ਵੀ ਪਾੜ ਪੈਂਦਾ, ਰਾਜਪੂਤ ਝਟਪਟ ਰੇਤ ਦੀਆਂ ਬੋਰੀਆਂ ਤੇ ਪੱਥਰਾਂ ਨਾਲ ਉਸ ਨੂੰ ਪੂਰ ਦਿੰਦੇ। ਪਰ ਐਨੀ ਵੱਡੀ ਹਕੂਮਤ ਨਾਲ ਮੱਥਾ ਲਾਉਣਾ ਮੁਸ਼ਕਲ ਹੁੰਦਾ ਹੈ। ਘੇਰੇ ਵਿੱਚ ਆਈ ਫੌਜ ਦੇ ਸਾਧਨ ਹੌਲੀ-ਹੌਲੀ ਖਤਮ ਹੋਣ ਲੱਗ ਜਾਂਦੇ ਹਨ ਤੇ ਘੇਰਾ ਪਾਉਣ ਵਾਲੀ ਫੌਜ ਨੂੰ ਰਸਦ ਅਤੇ ਯੁੱਧ ਸਮੱਗਰੀ ਦੀ ਸਪਲਾਈ ਨਿਰੰਤਰ ਜਾਰੀ ਰਹਿੰਦੀ ਹੈ।
ਜੈਮਲ ਦੀ ਮੌਤ ਅਕਬਰ ਦੀ ਗੋਲੀ ਕਾਰਨ ਹੋਈ
ਜੈਮਲ ਦੀ ਮੌਤ ਵੀ ਇੱਕ ਅਜਿਹਾ ਪਾੜ ਪੂਰਦੇ ਸਮੇਂ ਅਕਬਰ ਦੀ ਗੋਲੀ ਕਾਰਨ ਹੋਈ ਸੀ। ਜੈਮਲ ਦੀ ਮੌਤ ਬਾਰੇ ਮੌਕੇ ‘ਤੇ ਹਾਜ਼ਰ ਅਕਬਰ ਦਾ ਜੀਵਨੀਕਾਰ ਅਬੁਲਫਜ਼ਲ, ਅਕਬਰਨਾਮੇ ਵਿੱਚ ਲਿਖਦਾ ਹੈ, ਇਸ ਸਮੇਂ ਬਾਦਸ਼ਾਹ ਸਮਝ ਗਿਆ ਕਿ ਸ਼ਾਨਦਾਰ ਕਵਚ ਪਹਿਨ ਕੇ ਪਾੜ ਦੀ ਮੁਰੰਮਤ ਕਰਵਾ ਰਿਹਾ ਇਹ ਸ਼ਖਸ ਕੋਈ ਵੱਡਾ ਸੈਨਾਪਤੀ ਹੈ। ਪਰ ਬਾਦਸ਼ਾਹ ਦੇ ਸਲਾਹਕਾਰਾਂ ਵਿੱਚੋਂ ਕੋਈ ਵੀ ਉਸ ਦਾ ਨਾਂਅ ਨਹੀਂ ਸੀ ਜਾਣਦਾ। ਬਾਦਸ਼ਾਹ ਨੇ ਆਪਣੀ ਖਾਸ ਤੌਰ ‘ਤੇ ਤਿਆਰ ਕੀਤੀ ਹੋਈ ਸੰਗਰਾਮ ਨਾਮਕ ਰਾਈਫਲ ਚੁੱਕੀ ਤੇ ਉਸ ਨੂੰ ਨਿਸ਼ਾਨਾ ਬਣਾ ਦਿੱਤਾ।
ਅਗਲੇ ਦਿਨ ਜਿੱਤ ਤੋਂ ਬਾਅਦ ਇਹ ਸ਼ਨਾਖਤ ਹੋਈ ਕਿ ਮਰਨ ਵਾਲਾ ਕਿਲ੍ਹੇ ਦਾ ਗਵਰਨਰ ਜੈਮਲ ਸੀ। ਮਹਾਨ ਬਾਦਸ਼ਾਹ ਨੇ ਇੱਕ ਹੀ ਗੋਲੀ ਨਾਲ ਜੈਮਲ ਅਤੇ ਚਿਤੌੜਗੜ੍ਹ ਦੇ ਕਿਲ੍ਹੇ ਨੂੰ ਨਸ਼ਟ ਕਰ ਦਿੱਤਾ। ਜੈਮਲ ਦੇ ਦੋ ਪੁੱਤਰ ਸਨ। ਵੱਡਾ ਬੇਟਾ ਰਾਉ ਮੁਕੰਦ ਰਾਠੌਰ ਵੀ ਚਿਤੌੜਗੜ੍ਹ ਦੀ ਲੜਾਈ ਵਿੱਚ ਮਾਰਿਆ ਗਿਆ ਤੇ ਛੋਟਾ ਬੇਟਾ ਰਾਮਦਾਸ ਰਾਠੌਰ ਮੇਰਟਾ ਦੀ ਗੱਦੀ ‘ਤੇ ਬੈਠਾ ਜੋ ਮਹਾਰਾਣਾ ਪ੍ਰਤਾਪ ਵੱਲੋਂ ਹਲਦੀਘਾਟੀ ਦੇ ਮੈਦਾਨ ਵਿੱਚ ਲੜਦਾ ਹੋਇਆ ਮਾਰਿਆ ਗਿਆ।
ਰਾਵਤ ਫੱਤਾ ਸਿਸੋਦੀਆ : ਫੱਤਾ ਸਿਸੋਦੀਆ ਮੇਵਾੜ ਦੇ ਸ਼ਾਹੀ ਖਾਨਦਾਨ ਦਾ ਨੇੜਲਾ ਰਿਸ਼ਤੇਦਾਰ ਸੀ
ਰਾਵਤ ਫੱਤਾ ਸਿਸੋਦੀਆ- ਫੱਤਾ ਸਿਸੋਦੀਆ ਮੇਵਾੜ ਦੇ ਸ਼ਾਹੀ ਖਾਨਦਾਨ ਦਾ ਨੇੜਲਾ ਰਿਸ਼ਤੇਦਾਰ ਸੀ ਤੇ ਕੇਲਾਵਾ ਰਿਆਸਤ ਦਾ ਜਾਗੀਰਦਾਰ ਸੀ। ਉਸ ਦੇ ਬਾਪ ਦਾ ਨਾਂਅ ਰਾਵਤ ਜਗਤ ਅਤੇ ਮਾਤਾ ਦਾ ਨਾਂਅ ਰਾਣੀ ਸੱਜਣ ਬਾਈ ਸੋਂਗਰ ਚੌਹਾਨ ਸੀ। ਫੱਤੇ ਦਾ ਦਾਦਾ, ਪਿਤਾ ਅਤੇ ਦੋ ਚਾਚੇ ਮੇਵਾੜ ਖਾਤਰ ਯੁੱਧਾਂ ਵਿੱਚ ਸ਼ਹੀਦ ਹੋਏ ਸਨ। ਫੱਤੇ ਦਾ ਦਾਦਾ ਰਾਵਤ ਸੀਹਾ ਜੀ ਦੀ ਮੌਤ ਰਾਣਾ ਸਾਂਗਾ ਵੱਲੋਂ ਬਾਬਰ ਦੇ ਖਿਲਾਫ ਖਨੁਵਾ ਦੀ ਲੜਾਈ ਵਿੱਚ ਲੜਦੇ ਸਮੇਂ ਹੋਈ ਸੀ। ਫੱਤੇ ਦੀਆਂ 9 ਪਤਨੀਆਂ, 5 ਧੀਆਂ ਅਤੇ 6 ਪੁੱਤਰ ਸਨ।
ਇਹ ਵੀ ਪੜ੍ਹੋ : ਪੁਲਿਸ ਵੱਲੋਂ ਅੰਤਰਰਾਸ਼ਟਰੀ ਫੇਕ ਕਾਲ ਸੈਂਟਰ ਦਾ ਪਰਦਾਫਾਸ਼
ਉਸ ਦੀਆਂ ਸਾਰੀਆਂ ਪਤਨੀਆਂ, ਧੀਆਂ ਅਤੇ ਦੋ ਪੁੱਤਰ ਚਿਤੌੜਗੜ੍ਹ ਦੇ ਜੌਹਰ ਵਿੱਚ ਸੜ ਕੇ ਆਪਣੀਆਂ ਜਾਨਾਂ ਦੇ ਗਏ ਸਨ। ਉਸ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਰਾਵਤ ਕਾਲਾ ਸਿਸੋਦੀਆ ਕੇਲਾਵਾ ਦੀ ਗੱਦੀ ‘ਤੇ ਬੈਠਾ ਜੋ ਹਲਦੀਘਾਟੀ ਦੇ ਮੈਦਾਨ ਵਿੱਚ ਰਾਣਾ ਪ੍ਰਤਾਪ ਵੱਲੋਂ ਲੜਦਾ ਹੋਇਆ ਮਾਰਿਆ ਗਿਆ। ਜੈਮਲ ਦੀ ਮੌਤ ਤੋਂ ਬਾਅਦ ਰਾਜਪੂਤਾਂ ਦੀ ਕਮਾਂਡ ਫੱਤੇ ਦੇ ਹੱਥ ਵਿੱਚ ਆ ਗਈ। ਜੈਮਲ ਵਰਗੇ ਗਾਥਾਮਈ ਯੋਧੇ ਦੇ ਮਰ ਜਾਣ ਕਾਰਨ ਰਾਜਪੂਤ ਫੌਜ ਵਿੱਚ ਘੋਰ ਨਿਰਾਸ਼ਾ ਫੈਲ ਗਈ ਸੀ। ਪਰ ਫੱਤੇ ਨੇ ਉਹਨਾਂ ਨੂੰ ਹਿੰਮਤ ਬਨਵਾਈ। ਨਿਸ਼ਚਿਤ ਹਾਰ ਸਾਹਮਣੇ ਵੇਖ ਕੇ ਵੀ ਉਸ ਨੇ ਹਥਿਆਰ ਸੁੱਟ ਕੇ ਸ਼ਰਮਿੰਦਗੀ ਦੀ ਜ਼ਿੰਦਗੀ ਜਿਊਣ ਦੀ ਬਜਾਏ ਇੱਕ ਸਿਪਾਹੀ ਦੀ ਮੌਤ ਚੁਣੀ।
ਅਗਲੇ ਦਿਨ ਜਦੋਂ ਮੁਗਲ ਫੌਜ ਨੇ ਕਿਲ੍ਹੇ ਵਿੱਚ ਪ੍ਰਵੇਸ਼ ਕੀਤਾ ਤਾਂ ਰਾਜਪੂਤ ਔਰਤਾਂ ਨੇ ਚਿਤਾ ਵਿੱਚ ਕੁੱਦ ਕੇ ਜੌਹਰ ਕਰ ਲਿਆ ਅਤੇ ਰਾਜਪੂਤ ਯੋਧੇ ਫੱਤੇ ਦੀ ਅਗਵਾਈ ਹੇਠ ਕੇਸਰੀ ਕੱਪੜੇ ਪਹਿਨ ਕੇ ਤੇ ਸ਼ਹੀਦੀ ਗਾਨੇ ਬੰਨ੍ਹ ਕੇ ਮੁਗਲ ਫੌਜ ‘ਤੇ ਟੁੱਟ ਪਏ। ਫੱਤਾ ਮੁਗਲਾਂ ਵਿੱਚ ਮਾਰ-ਕਾਟ ਮਚਾਉਂਦਾ ਹੋਇਆ ਅੱਗੇ ਹੀ ਅੱਗੇ ਵਧਦਾ ਗਿਆ। ਆਖਰ ਜਦੋਂ ਉਹ ਕਿਸੇ ਤਰ੍ਹਾਂ ਕਾਬੂ ਨਾ ਆਇਆ ਤਾਂ ਉਸ ਨੂੰ ਇੱਕ ਹਾਥੀ ਦੇ ਥੱਲੇ ਕੁਚਲ ਦਿੱਤਾ ਗਿਆ। ਜਦੋਂ ਉਸ ਨੂੰ ਪਹਿਚਾਣ ਕੇ ਅਕਬਰ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਹ ਅਜੇ ਜ਼ਿੰਦਾ ਸੀ, ਪਰ ਜਲਦੀ ਹੀ ਉਸ ਦੀ ਮੌਤ ਹੋ ਗਈ। ਜੈਮਲ ਫੱਤੇ ਦੀਆਂ ਵਾਰਾਂ ਪੰਜਾਬੀ ਨੌਜਵਾਨਾਂ ਨੂੰ ਹਿੰਮਤ ਅਤੇ ਉਤਸ਼ਾਹ ਦਿੰਦੀਆਂ ਸਨ ਕਿ ਕਿਵੇਂ ਉਲਟ ਹਾਲਾਤਾਂ ਵਿੱਚ ਵੀ ਆਪਣੀ ਆਨ, ਬਾਨ ਅਤੇ ਸ਼ਾਨ ਕਾਇਮ ਰੱਖੀ ਜਾ ਸਕਦੀ ਹੈ। (Rajput Warrior)