ਰੱਖੜੀ ਦਾ ਤਿਉਹਾਰ ਬਣਾਉਂਦੈ ਭੈਣ-ਭਰਾ ਦੇ ਰਿਸ਼ਤੇ ਨੂੰ ਮਜ਼ਬੂਤ

ਰੱਖੜੀ ਦਾ ਤਿਉਹਾਰ ਬਣਾਉਂਦੈ ਭੈਣ-ਭਰਾ ਦੇ ਰਿਸ਼ਤੇ ਨੂੰ ਮਜ਼ਬੂਤ

ਰੱਖੜੀ ਸ਼ਬਦ ਦਾ ਅਰਥ ਹੈ, ਰੱਖਿਆ ਕਰਨ ਵਾਲਾ ਧਾਗਾ। ਇਸ ਤਿਉਹਾਰ ’ਤੇ ਭੈਣਾਂ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹਦੀਆਂ ਹਨ ਤੇ ਬਦਲੇ ਵਿੱਚ ਭਰਾ ਆਪਣੀਆਂ ਭੈਣਾਂ ਨੂੰ ਜੀਵਨ ਭਰ ਰੱਖਿਆ ਕਰਨ ਦਾ ਵਚਨ ਦਿੰਦੇ ਹਨ। ਰੱਖੜੀ ਸ਼ਬਦ ਦੋ ਸ਼ਬਦਾਂ ਦੇ ਮੇਲ ਨਾਲ ਬਣਦਾ ਹੈ, ਰੱਖ+ੜੀ। ਰੱਖ ਤੋਂ ਭਾਵ ਹੈ ਸੁਰੱਖਿਆ ਜਾਂ ਮਹਿਫ਼ੂਜ਼ ਅਤੇ ੜੀ ਤੋਂ ਭਾਵ ਹੈ ਕਰਨ/ਰੱਖਣ ਵਾਲਾ ਜਾਂ ਵਾਲੀ। ਇਸ ਤਰ੍ਹਾਂ ਰੱਖੜੀ ਸ਼ਬਦ ਦਾ ਅਰਥ ਬਣਦਾ ਹੈ ਸੁਰੱਖਿਆ ਕਰਨ ਵਾਲੀ ਜਾਂ ਮਹਿਫ਼ੂਜ਼ ਰੱਖਣ ਵਾਲੀ। ਹਿੰਦੀ ਭਾਸ਼ਾ ਵਿਚ ਇਸ ਨੂੰ ਰਕਸ਼ਾ ਬੰਧਨ ਕਿਹਾ ਜਾਂਦਾ ਹੈ। ਰਕਸ਼ਾ ਤੇ ਬੰਧਨ ਦੋ ਸ਼ਬਦ ਹਨ ਅਤੇ ਇਹ ਦੋਵੇਂ ਸੰਸਕਿ੍ਰਤ ਭਾਸ਼ਾ ਵਿੱਚੋਂ ਲਏ ਗਏ ਹਨ।

ਰਕਸ਼ਾ ਤੋਂ ਭਾਵ ਹੈ ਰਾਖੀ ਅਤੇ ਬੰਧਨ ਦਾ ਅਰਥ ਹੈ ਗੰਢ। ਇਹ ਤਿਉਹਾਰ ਭੈਣ-ਭਰਾ ਦੇ ਗੂੜ੍ਹੇ ਰਿਸ਼ਤੇ ਅਤੇ ਸਦੀਵੀ ਪਿਆਰ ਨੂੰ ਦਰਸਾਉਂਦਾ ਹੈ। ਰੱਖੜੀ ਦਾ ਤਿਉਹਾਰ ਸਾਵਣ ਦੇ ਮਹੀਨੇ ਵਿਚ ਆਉਣ ਕਰਕੇ ਇਸ ਨੂੰ ਸਾਵਣੀ ਜਾਂ ਸਲੋਨੀ ਵੀ ਕਿਹਾ ਜਾਂਦਾ ਹੈ। ਇਹ ਸਾਵਣ ਦੇ ਮਹੀਨੇ ਵਿੱਚ ਆਉਣ ਵਾਲਾ ਮੁੱਖ ਤਿਉਹਾਰ ਹੈ।

ਰੱਖੜੀ ਦਾ ਤਿਉਹਾਰ ਭੈਣ-ਭਰਾ ਨੂੰ ਭਾਵਨਾਤਮਕ ਤੌਰ ’ਤੇ ਜੋੜਦਾ ਹੈ। ਇਸ ਦਿਨ ਬਜਾਰਾਂ ਵਿੱਚ ਬਹੁਤ ਰੌਣਕ ਹੁੰਦੀ ਹੈ ਅਤੇ ਬਜਾਰ ਰੱਖੜੀ ਅਤੇ ਮਿਠਿਆਈਆਂ ਦੀਆਂ ਦੁਕਾਨਾਂ ਨਾਲ ਖੂਬ ਸਜੇ ਹੁੰਦੇ ਹਨ। ਭੈਣ-ਭਰਾ ਚਾਹੇ ਇੱਕ-ਦੂਜੇ ਤੋਂ ਕਿੰਨੇ ਵੀ ਦੂਰ ਰਹਿੰਦੇ ਹੋਣ ਪਰ ਰੱਖੜੀ ਵਾਲੇ ਦਿਨ ਭੈਣ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਪਹੁੰਚ ਹੀ ਜਾਂਦੀ ਹੈ। ਉਹ ਆਪਣੇ ਜੀਵਨ ਵਿੱਚ ਇੱਕ-ਦੂਜੇ ਦੇ ਮਹੱਤਵ ਨੂੰ ਦੱਸਣ ਲਈ ਇੱਕ-ਦੂਜੇ ਦੀ ਪਸੰਦ ਦੇ ਤੋਹਫੇ ਦਿੰਦੇ ਹਨ। ਕਿਸੇ ਵੀ ਵਿਅਕਤੀ ਦੁਆਰਾ ਕਿਸੇ ਔਰਤ ਪ੍ਰਤੀ ਭਰਾ ਦਾ ਫਰਜ ਨਿਭਾਉਣ ’ਤੇ ਰੱਖੜੀ ਦਿਵਸ ਮੌਕੇ ਔਰਤ ਉਸ ਨੂੰ ਵਿਸ਼ੇਸ਼ ਮਹਿਸੂਸ ਕਰਵਾਉਣ ਲਈ ਰੱਖੜੀ ਬੰਨ੍ਹ ਸਕਦੀ ਹੈ।

ਭੈਣ-ਭਰਾ ਦਾ ਰਿਸ਼ਤਾ ਖੱਟਾ-ਮਿੱਠਾ ਹੋਣ ਦੇ ਨਾਲ-ਨਾਲ ਬੇਹੱਦ ਖਾਸ ਵੀ ਹੁੰਦਾ ਹੈ। ਉਹ ਆਪਸ ਵਿੱਚ ਲੜ-ਝਗੜ ਕੇ ਵੀ ਅੰਦਰੋਂ ਇੱਕ ਹੁੰਦੇ ਹਨ। ਭੈਣ-ਭਰਾ ਦਾ ਰਿਸ਼ਤਾ ਪਿਆਰਾ, ਮਜ਼ਬੂਤ, ਮੋਹ ਨਾਲ ਭਰਿਆ ਹੁੰਦਾ ਹੈ। ਇਸ ਤਰ੍ਹਾਂ ਹਰ ਸਾਲ ਰੱਖੜੀ ਦਾ ਤਿਉਹਾਰ ਇਸ ਰਿਸ਼ਤੇ ਨੂੰ ਹੋਰ ਮਜਬੂਤ ਕਰਦਾ ਹੈ। ਭੈਣ-ਭਰਾ ਦੇ ਰਿਸ਼ਤੇ ਦੀ ਮਜਬੂਤ ਨੀਂਹ ਬਚਪਨ ਤੋਂ ਹੀ ਮਾਂ-ਪਿਉ ਰੱਖਦੇ ਹਨ।
ਪਰ ਕਈ ਵਾਰ ਆਪਸੀ ਮੱਤਭੇਦ ਹੋਣ ’ਤੇ ਬੱਚੇ ਆਪਸ ਵਿੱਚ ਗੁੱਸਾ ਹੋ ਜਾਂਦੇ ਹਨ। ਕਈ ਵਾਰ ਇਹ ਗੁੱਸਾ ਵਧ ਕੇ ਨਫਰਤ ਦਾ ਰੂਪ ਲੈ

ਲੈਂਦਾ ਹੈ ਪਰ ਹਰ ਸਾਲ ਭੈਣ-ਭਰਾ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਲਈ ਰੱਖੜੀ ਦਾ ਤਿਉਹਾਰ ਆਉਂਦਾ ਹੈ। ਭਵਿਸ਼ ਪੁਰਾਣ ਅਨੁਸਾਰ ਤਾਕਤਵਰ ਰਾਜੇ ਬਾਲੀ ਵੱਲੋਂ ਇੰਦਰ ਨੂੰ ਹਰਾ ਕੇ ਅਪਮਾਨਿਤ ਕੀਤਾ ਗਿਆ। ਉਸ ਵੇਲੇ ਇੰਦਰ ਦੀ ਪਤਨੀ ਸਾਚੀ ਵਿਸ਼ਨੂੰ ਦੇਵਤਾ ਨੂੰ ਜਾ ਕੇ ਮਿਲੀ ਅਤੇ ਮੱਦਦ ਲਈ ਬੇਨਤੀ ਕੀਤੀ।

ਵਿਸ਼ਨੂੰ ਨੇ ਉਸ ਨੂੰ ਇੱਕ ਤਵੀਜ਼ ਦਿੱਤਾ ਅਤੇ ਕਿਹਾ ਕਿ ਇਹ ਪਵਿੱਤਰ ਹੈ ਤੂੰ ਇਸ ਨੂੰ ਇੰਦਰ ਦੀ ਬਾਂਹ ’ਤੇ ਬੰਨ੍ਹ ਕੇ ਉਸ ਦੀ ਜਿੱਤ ਅਤੇ ਸਲਾਮਤੀ ਲਈ ਪ੍ਰਾਰਥਨਾ ਕਰੀਂ। ਸਾਚੀ ਨੇ ਉਹ ਤਵੀਜ਼ ਲਿਆ ਕੇ ਇੰਦਰ ਦੀ ਬਾਂਹ ’ਤੇ ਬੰਨ੍ਹ ਕੇ ਉਸੇ ਤਰ੍ਹਾਂ ਪ੍ਰਾਰਥਨਾ ਕੀਤੀ। ਫਿਰ ਇੰਦਰ ਨੇ ਅਸਾਨੀ ਨਾਲ ਬਾਲੀ ਨੂੰ ਹਰਾ ਕੇ ਅਮਰਾਵਤੀ ਸਿੰਘਾਸਣ ਵਾਪਸ ਹਾਸਲ ਕਰ ਲਿਆ। ਇਸ ਤਰ੍ਹਾਂ ਪ੍ਰਾਚੀਨ ਭਾਰਤ ਵਿਚ ਜੰਗ ਉੱਤੇ ਜਾਣ ਵਾਲੇ ਵਿਅਕਤੀਆਂ ਦੀਆਂ ਬਾਹਵਾਂ/ਗੁੱਟਾਂ ਉੱਤੇ ਔਰਤਾਂ ਵੱਲੋਂ ਅਜਿਹੇ ਤਵੀਜ਼ ਬੰਨ੍ਹ ਕੇ ਉਨ੍ਹਾਂ ਦੀ ਸੁਰੱਖਿਆ ਅਤੇ ਜਿੱਤ ਲਈ ਪ੍ਰਾਰਥਨਾ ਕੀਤੀ ਜਾਣ ਲੱਗੀ। ਸਮਾਂ ਪੈਣ ’ਤੇ ਭੈਣਾਂ ਵੱਲੋਂ ਹਰੇਕ ਸਾਲ ਇਹ ਤਵੀਜ਼ ਰੱਖੜੀ ਦੇ ਰੂਪ ਵਿਚ ਆਪਣੇ ਭਰਾਵਾਂ ਦੇ ਗੁੱਟ ਉੱਤੇ ਬੰਨ੍ਹ ਕੇ ਉਨ੍ਹਾਂ ਦੀ ਖ਼ੁਸ਼ਹਾਲੀ ਤੇ ਲੰਮੀ ਉਮਰ ਦੀ ਕਾਮਨਾ ਕੀਤੀ ਜਾਣ ਲੱਗ ਪਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ