ਪਿਤਾ ਨੇ ਲਾਇਆ ਲੜਕੀ ਨੂੰ ਅਗਵਾ ਕਰਨ ਤੇ ਨਸ਼ੇ ਦੀ ਡੋਜ਼ ਦੇਣ ਦਾ ਦੋਸ਼
ਮੁੱਲਾਂਪੁਰ ਦਾਖਾ (ਮਲਕੀਤ ਸਿੰਘ)। ਥਾਣਾ ਦਾਖਾ ਦੀ ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਲਾਗਲੇ ਪਿੰਡ ਗੁੜੇ ਤੋਂ ਕੁੜੀ ਦੇ ਅਗਵਾ ਹੋਣ ਦੀ ਖ਼ਬਰ ਕੰਟਰੋਲ ਰੂਮ ਤੋਂ ਮਿਲੀ। ਪਰ ਪੁਲਿਸ ਦੇ ਮੌਕੇ ‘ਤੇ ਪੁੱਜਣ ‘ਤੇ ਮਾਮਲਾ ਕੁੱਝ ਹੋਰ ਹੀ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਕਿ ਉਸਦੀ ਲੜਕੀ ਨੂੰ ਅਗਵਾ ਕਰ ਲਿਆ ਗਿਆ ਹੈ। ਸੂਚਨਾ ਦੇ ਅਧਾਰ ‘ਤੇ ਜਦੋਂ ਥਾਣਾ ਮੁਖੀ ਹਰਜਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪਿੰਡ ਗੁੜੇ ਪੁੱਜੇ ਤਾਂ ਇੱਕ ਘਰ ਵਿੱਚ ਪਿੰਡ ਵਾਲਿਆਂ ਨੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੋਇਆ ਸੀ ਅਤੇ ਇੱਕ ਲੜਕੀ ਨਸ਼ੇ ਵਿੱਚ ਧੁੱਤ ਪਈ ਸੀ। (Drug)
ਥਾਣਾ ਮੁਖੀ ਹਰਜਿੰਦਰ ਸਿੰਘ ਮੌਕੇ ‘ਤੇ ਮੌਜ਼ੂਦ ਲੜਕੀ ਦੇ ਪਿਤਾ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਦੀ ਲੜਕੀ ਲਾਗਲੇ ਪਿੰਡ ਦੇ ਕਾਲਜ ਵਿੱਚ ਮਨਾਏ ਜਾ ਰਹੇ ਤੀਆਂ ਦੇ ਪ੍ਰੋਗਰਾਮ ਨੂੰ ਦੇਖਣ ਗਈ ਸੀ ਅਤੇ ਉਸਨੂੰ ਲਾਗਲੇ ਪਿੰਡ ਦੇ ਦੋ ਬਲੈਰੋ ਸਵਾਰ ਨੌਜਵਾਨ ਅਗਵਾ ਕਰਕੇ ਲੈ ਗਏ ਅਤੇ ਉਸਨੂੰ ਨਸ਼ੇ ਦੀ ਡੋਜ ਦੇ ਦਿੱਤੀ। ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਪੁੱਛਗਿੱਛ ਲਈ ਥਾਣੇ ਲਿਆਂਦਾ ਅਤੇ ਨਸ਼ੇ ਵਿੱਚ ਧੁੱਤ ਲੜਕੀ ਨੂੰ ਪਹਿਲਾਂ ਸਥਾਨਕ ਕਸਬੇ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਤੇ ਉਸ ਉਪਰੰਤ ਉਸਦਾ ਮੈਡੀਕਲ ਕਰਵਾਉਣ ਲਈ ਲੁਧਿਆਣੇ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। (Drug)
ਜਦੋਂ ਇਸ ਮਾਮਲੇ ਬਾਰੇ ਡੀ.ਐਸ.ਪੀ. ਦਾਖਾ ਗੁਰਬੰਸ ਸਿੰਘ ਬੈਂਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਹਾਂ ਨੌਜਵਾਨਾਂ ਤੋਂ ਪੁੱਛ-ਪੜਤਾਲ ਕਰਨ ਉਪਰੰਤ ਪਤਾ ਲੱਗਾ ਕਿ ਉਨ੍ਹਾਂ ਕਿਸੇ ਲੜਕੀ ਨੂੰ ਅਗਵਾ ਨਹੀਂ ਕੀਤਾ ਸਗੋਂ ਉਕਤ ਲੜਕੀ ਦੀ ਇੱਕ ਨੌਜਵਾਨ ਨਾਲ ਦੋਸਤੀ ਸੀ ਜਿਹੜੀ ਉਨ੍ਹਾਂ ਨੂੰ ਆਪਣੀ ਮਰਜੀ ਨਾਲ ਐਕਟਿਵਾ ‘ਤੇ ਸਵਾਰ ਹੋ ਕੇ ਮਿਲਣ ਆਈ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਮਾਮਲਾ ਗੰਭੀਰ ਜਾਪਦਾ ਹੋਣ ਕਰਕੇ ਲੜਕੀ ਦੇ ਹੋਸ਼ ਆਉਣ ਉਪਰੰਤ ਬਿਆਨ ਲਏ ਜਾਣਗੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। (Drug)