ਸੁਬਾਰਡੀਨੇਟ ਸਰਵਿਸੇਜ਼ ਫੈਡਰੇਸ਼ਨ ਦੇ ਸੱਦੇ ‘ਤੇ ਮੁਲਾਜ਼ਮਾਂ ਵੱਲੋਂ ਭੜਥੂ

Employees, Invitation Subordinate, Services Federation

ਬਠਿੰਡਾ (ਅਸ਼ੋਕ ਵਰਮਾ)। ਪੰਜਾਬ ਸੁਬਾਰਡੀਨੇਟ ਸਰਵਿਸੇਜ਼ ਫੈਡਰੇਸ਼ਨ ਦੇ ਸੱਦੇ ‘ਤੇ ਅੱਜ ਵੱਖ-ਵੱਖ ਮਹਿਕਮਿਆਂ ‘ਚ ਸੇਵਾਵਾਂ ਨਿਭਾ ਰਹੇ ਮੁਲਾਜਮਾਂ ਨੇ ਨਗਰ ਨਿਗਮ ਬਠਿੰਡਾ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਭੜਥੂ ਪਾਇਆ ਅਤੇ ਰੋਹ ਭਾਰੀ ਨਾਅਰੇਬਾਜੀ ਕੀਤੀ ਸਰਕਾਰੀ ਤੌਰ ‘ਤੇ ਛੁੱਟੀ ਦੇ ਬਾਵਜ਼ੂਦ ਅੱਜ ਧਰਨੇ ‘ਚ ਵੱਡੀ ਗਿਣਤੀ ਮੁਲਾਜਮਾਂ ਨੇ ਸ਼ਿਰਕਤ ਕੀਤੀ ਅਤੇ ਸਰਕਾਰ ਨੂੰ ਆਰ-ਪਾਰ ਦੀ ਲੜਾਈ ਦੀਆਂ ਧਮਕੀਆਂ ਦਿੱਤੀਆਂ ਰੋਹ ਨਾਲ ਭਰੇ-ਪੀਤੇ ਮੁਲਾਜਮਾਂ ਨੇ ਕਿਹਾ ਕਿ ਵਾਅਦਿਆਂ ਤੋਂ ਭੱਜ ਕੇ ਕੈਪਟਨ ਹਕੂਮਤ ਨੇ ਹਜ਼ਾਰਾਂ ਮੁਲਾਜਮਾਂ ਨਾਲ ਧਰੋਹ ਕਮਾਇਆ ਹੈ। (Employees)

ਜ਼ਿਲ੍ਹਾ ਪ੍ਰਧਾਨ ਹੰਸ ਬੀਜਵਾ ਦੀ ਪ੍ਰਧਾਨਗੀ ਹੇਠ ਧਰਨੇ ਉਪਰੰਤ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ ਨੇ ਮੁਲਾਜ਼ਮਾਂ ਨਾਲ ਕੀਤੀ ਵਾਅਦਾ ਖ਼ਿਲਾਫ਼ੀ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਜੇਕਰ ਮੰਗ ਪੱਤਰ ਵਿਚਲੀਆਂ ਮੰਗਾਂ ਨੂੰ ਹੱਲ ਕਰਨ ਲਈ ਸਰਕਾਰ ਨੇ ਠੋਸ ਉਪਰਾਲੇ ਨਾ ਕੀਤੇ ਤਾਂ ਸੂਬਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ  ਦੀਆਂ  ਮੰਗਾਂ ਪ੍ਰਤੀ ਗੰਭੀਰ ਨਹੀਂ ਅਤੇ ਟਾਲ-ਮਟੋਲ ਕਰਕੇ ਸਮਾਂ ਟਪਾ ਰਹੀ ਹੈ ਜਿਸ ਨੂੰ ਲੈ ਕੇ ਮੁਲਾਜ਼ਮ ਵਰਗ ਵਿੱਚ ਰੋਸ ਪਾਇਆ ਜਾ ਰਿਹਾ ਹੈ ਮੁਲਾਜਮ ਆਗੂ ਕੁਲਦੀਪ ਸ਼ਰਮਾ ਨੇ ਕਿਹਾ ਕਿ ਕਿਸੇ ਵੇਲੇ ਸਾਰੇ ਦੇਸ਼ ‘ਚੋਂ ਵਿੱਤੀ ਪੱਖੋਂ ਮੋਹਰੀ ਰਹਿਣ ਵਾਲੇ ਪੰਜਾਬ ਦੇ ਮੁਲਾਜ਼ਮ ਤਨਖਾਹ ਕਮਿਸ਼ਨ ਨਾ ਲਾਗੂ ਹੋਣ ਕਾਰਨ ਅੱਜ ਗੁਆਂਢੀ ਰਾਜਾਂ  ਸਮੇਤ ਬਿਹਾਰ ਅਤੇ ਯੂਪੀ ਤੋਂ ਵੀ ਬੁਰੀ ਤਰ੍ਹਾਂ ਪੱਛੜ ਚੁੱਕੇ ਹਨ।

ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ : ਵਿਦਿਆਰਥੀਆਂ ‘ਤੇ ਪਰਚੇ ਦਰਜ਼ ਕਰਨ ਦਾ ਮਾਮਲਾ ਭਖਿਆ, ਜਾਣੋ ਮੌਕੇ ਦਾ ਹਾਲ

ਉਨ੍ਹਾਂ  ਕਿਹਾ ਕਿ ਪੰਜਾਬ ਸਰਕਾਰ ਅਣਐਲਾਨੇ ਢੰਗ ਨਾਲ ਕੇਂਦਰ ਨਾਲੋਂ ਮਹਿੰਗਾਈ ਭੱਤੇ ਡੀ-ਲਿੰਕ ਕਰਨ ਦੇ ਰਾਹ ‘ਤੇ ਤੁਰ ਚੁੱਕੀ ਹੈ ਅਤੇ ਮੁਲਾਜ਼ਮਾਂ ‘ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੋਂ ਭੱਜ ਰਹੀ ਹੈ ਪਰ ਮੁਲਾਜਮ ਭੱਜਣ ਨਹੀਂ ਦੇਣਗੇ ਮੁਲਾਜਮ ਆਗੂ ਜੀਤ ਰਾਮ ਦੋਦੜਾ ਅਤੇ ਗੁਰਦੀਪ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਠੇਕਾ ਆਧਾਰਿਤ ਮੁਲਾਜ਼ਮਾਂ  ਨੂੰ ਪੱਕੇ ਕਰਨ ਲਈ ਬਣਾਈ ਕਮੇਟੀ ਨੂੰ ਲਮਕਾ ਰਹੀ ਹੈ ਜਿਸ ਕਰਕੇ ਪੰਜਾਬ ਸੁਬਾਰਡੀਨੇਟ ਸਰਵਿਸੇਜ਼ ਫੈਡਰੇਸ਼ਨ ਦੀ ਅਗਵਾਈ ਹੇਠ ਜ਼ਮੀਨੀ ਪੱਧਰ ਤੋਂ ਸੰਘਰਸ਼ ਸ਼ੁਰੂ ਕਰ ਚੁੱਕੇ ਹਨ ਤੇ ਮੰਗਾਂ ਦੀ ਪ੍ਰਾਪਤੀ ਤੱਕ ਰੋਸ ਰੈਲੀਆਂ  ਕਰਕੇ ਸੰਘਰਸ਼ ਨੂੰ ਮਘਾਇਆ ਜਾਵੇਗਾ।

ਜਲੰਧਰ ‘ਚ ਸੂਬਾ ਪੱਧਰੀ ਰੋਸ ਰੈਲੀ | Employees

ਮੁਲਾਜ਼ਮ ਆਗੂ ਮੱਖਣ ਸਿੰਘ ਖਣਗਵਾਲ, ਦਰਸ਼ਨ ਸਿੰਘ, ਕਿਸ਼ੋਰ ਚੰਦ ਗਾਜ, ਕੁਲਵਿੰਦਰ ਸਿੰਘ ਸਿੱਧੂ, ਸੁਖਚੈਨ ਸਿੰਘ, ਕੁਲਦੀਪ ਸਿੰਘ, ਰਾਜ ਕੁਮਾਰ ਗਰੋਵਰ, ਇੰਦਰਜੀਤ ਸਿੰਘ ਨਥਾਣਾ, ਸਫਾਈ ਸੇਵਕ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਦੀਪ ਕਾਕੜਾ,ਰਾਮ ਚੰਦਰ ਭਾਈ ਰੂਪਾ ਅਤੇ ਮਹਿੰਦਰ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਅਤੇ ਕੈਬਨਿਟ ਸਬ-ਕਮੇਟੀ ਵੱਲੋਂ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ  ਨਹੀਂ ਦਿੱਤਾ ਜਾਂਦਾ ਤਾਂ ਪੰਜਾਬ ਭਰ ਦੇ ਹਜਾਰਾਂ ਮੁਲਾਜਮਾਂ ਵੱਲੋਂ 14 ਸਤੰਬਰ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਇਹ ਨੇ ਮੁਲਾਜ਼ਮਾਂ ਦੀਆਂ ਮੰਗਾਂ | Employees

ਠੇਕੇ ‘ਤੇ ਰੱਖੇ ਹਰੇਕ ਤਰ੍ਹਾਂ ਦੇ ਮੁਲਾਜ਼ਮਾਂ  ਨੂੰ ਪੂਰੇ ਗਰੇਡ ਵਿੱਚ ਰੈਗੂਲਰ ਕੀਤਾ ਜਾਵੇ, ਡੀਏ ਦੀਆਂ  ਬਕਾਇਆ 4 ਕਿਸ਼ਤਾਂ  ਤੁਰੰਤ ਜਾਰੀ ਕੀਤੀਆਂ  ਜਾਣ, ਡੀਏ ਦਾ 22 ਮਹੀਨੇ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਪੇਅ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾਵੇ ਅਤੇ ਰਿਪੋਰਟ ਜਾਰੀ ਹੋਣ ਤੱਕ 15 ਫੀਸਦ ਅੰਤਰਿਮ ਰਿਲੀਫ ਦਿੱਤੀ ਜਾਵੇ ਇਸੇ ਤਰ੍ਹਾਂ ਹੀ ਪੰਜਵੇਂ ਤਨਖਾਹ ਕਮਿਸ਼ਨ ਦੀਆਂ  ਸਿਫਾਰਸ਼ਾਂ  ਲਾਗੂ ਕੀਤੀਆਂ ਜਾਣ ਮੁਲਾਜ਼ਮਾਂ  ‘ਤੇ ਲਾਇਆ 200 ਰੁਪਏ ਜਜੀਆ ਟੈਕਸ ਵਾਪਿਸ ਲਿਆ ਜਾਵੇ, ਆਂਗਣਵਾੜੀ ਵਰਕਰਾਂ, ਹੈਲਪਰਾਂ, ਮਿਡ-ਡੇਅ ਮੀਲ ਅਦੇ ਆਸ਼ਾ ਵਰਕਰਾਂ  ਨੂੰ ਮਾਣ ਭੱਤੇ ਦੀ ਜਗ੍ਹਾ ਰੈਗੂਲਰ ਮੁਲਾਜ਼ਮ ਮੰਨ ਕੇ ਬਣਦੇ ਗਰੇਡ ਤੇ ਭੱਤੇ ਦਿੱਤੇ ਜਾਣ 2004 ਤੋਂ ਬਾਅਦ ਸੇਵਾ ਵਿੱਚ ਆਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।