ਮੌਜ਼ੂਦਾ ਹਾਲਾਤਾਂ ਦੇ ਸਨਮੁੱਖ ਜਵਾਨੀ ਦੀ ਦਸ਼ਾ ਤੇ ਦਿਸ਼ਾ

Direction, Condition, Youth

ਰੋਜ਼ੀ-ਰੋਟੀ ਦੇ ਫਿਕਰਾਂ ਤੋਂ ਮੁਕਤ ਵਧੀਆ ਰੁਜ਼ਗਾਰ ਤੇ ਖੁਸ਼ਹਾਲ ਪਰਿਵਾਰਕ ਜ਼ਿੰਦਗੀ ਜ਼ਿਆਦਾਤਰ ਇਨਸਾਨਾਂ ਦਾ ਸੁਫ਼ਨਾ ਹੁੰਦਾ ਹੈ। ਇਸ ਧਰਤੀ ‘ਤੇ ਉਪਲੱਬਧ ਕੁਦਰਤੀ ਵਸੀਲਿਆਂ ਦੇ ਹਿਸਾਬ ਨਾਲ ਆਮ ਮਨੁੱਖਤਾ ਦਾ ਇਹ ਸੁਫ਼ਨਾ ਪੂਰਾ ਹੋਣਾ ਕੋਈ ਅਲੋਕਾਰੀ ਗੱਲ ਨਹੀਂ। ਪਰੰਤੂ ਇਸ ਧਰਤੀ ਦੇ ਕੁਦਰਤੀ ਸਾਧਨਾਂ ਜਲ, ਜੰਗਲ, ਜ਼ਮੀਨ ਤੇ ਪੈਦਾਵਾਰ ਦੇ ਹੋਰਨਾਂ ਸਾਧਨਾਂ ਦੀ ਕਾਣੀ ਵੰਡ ਕਾਰਨ ਅੱਜ ਭਾਰਤ ਵਰਗੇ ਮੁਲਕਾਂ ਵਿੱਚ ਦਿਨ-ਰਾਤ ਹੱਡ ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਆਮ ਲੋਕਾਂ ਲਈ ਸੌਖੀ, ਖੁਸ਼ਹਾਲ ਤੇ ਸਨਮਾਨ ਭਰਪੂਰ ਜ਼ਿੰਦਗੀ ਬੜੀ ਦੂਰ ਦੀ ਗੱਲ ਜਾਪਦੀ ਹੈ।

ਕਿਸੇ ਸਮੇਂ ਖੁਸ਼ਹਾਲ ਸਮਝੇ ਜਾਂਦੇ ਸਾਡੇ ਸੂਬੇ ਪੰਜਾਬ ਵਿੱਚ ਜਿੱਥੇ ਸਰਕਾਰੀ ਤੰਤਰ ‘ਤੇ ਕਾਬਜ਼ ਜਮਾਤਾਂ ਵੱਲੋਂ ਖਾਲੀ ਖਜ਼ਾਨੇ ਦਾ ਰੋਣਾ ਰੋਇਆ ਜਾ ਰਿਹਾ ਹੈ ਉੱਥੇ ਬਹੁਗਿਣਤੀ ਆਮ ਲੋਕ ਵੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹਨ। ਅਜਿਹੀ ਹਾਲਤ ਦਾ ਸੇਕ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ, ਨੌਜਵਾਨਾਂ ਤੇ ਵਿਦਿਆਰਥੀਆਂ ਸਮੇਤ ਸਭ ਨੂੰ ਝੱਲਣਾ ਪੈ ਰਿਹਾ ਹੈ। ਮੰਦਹਾਲੀ, ਅਸੁਰੱਖਿਆ ਤੇ ਅਨਿਸ਼ਚਿਤਤਾ ਦੇ ਇਸ ਮਾਹੌਲ ਵਿੱਚ ਮਾਨਸਿਕ ਰੋਗੀਆਂ ਦੀ ਗਿਣਤੀ ਵਿੱਚ ਵਾਧਾ ਹੋਣਾ ਕੁਦਰਤੀ ਹੈ।

ਨਿੱਜੀਕਰਨ ਤੇ ਉਦਾਰੀਕਰਨ ਦੀਆਂ ਆਰਥਿਕ ਨੀਤੀਆਂ ਦੇ ਸਿੱਟੇ ਵਜੋਂ ਰੁਜ਼ਗਾਰ ਦੇ ਮੌਕੇ ਲਗਾਤਾਰ ਸੁੰਗੜ ਰਹੇ ਹਨ। ਇੱਕ ਅਨੁਮਾਨ ਅਨੁਸਾਰ 18 ਤੋਂ 29 ਸਾਲ ਦੇ ਵਿਚਕਾਰ ਉਮਰ ਵਰਗ ਦੇ 16.6 ਪ੍ਰਤੀਸ਼ਤ ਪੰਜਾਬੀ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ। ਜਦਕਿ ਇਸੇ ਉਮਰ ਵਰਗ ਲਈ ਮੁਲਕ ਵਿੱਚ ਇਹ ਅੰਕੜਾ 10.2 ਪ੍ਰਤੀਸ਼ਤ ਹੈ। ਖੇਤੀ ਖੇਤਰ ਤੇ ਗੈਰ-ਸੰਗਠਿਤ ਹੋਰਨਾਂ ਕਾਰੋਬਾਰਾਂ ‘ਤੇ ਨਿਰਭਰ ਛੁਪੀ-ਛਪੀ ਬੇਰੁਜ਼ਗਾਰੀ ਅਤੇ ਅਰਧ-ਬੇਰੁਜ਼ਗਾਰੀ ਦੀਆਂ ਹਾਲਤਾਂ ਤੋਂ ਪੀੜਤ ਨੌਜਵਾਨਾਂ ਨੂੰ ਵਿੱਚ ਸ਼ਾਮਿਲ ਕਰਨ ਤੇ ਇਹ ਅੰਕੜਾ ਹੋਰ ਵੀ ਵਧ ਜਾਵੇਗਾ। 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਚੋਣ ਮੁਹਿੰਮ ਵਿੱਚ ਮੌਜੂਦਾ ਸੱਤਾਧਾਰੀ ਕਾਂਗਰਸ ਦੇ ਆਗੂ ਪੰਜਾਬ ਵਿੱਚ 75 ਲੱਖ ਦੇ ਕਰੀਬ ਨੌਜਵਾਨਾਂ ਦੇ ਬੇਰੁਜ਼ਗਾਰ ਹੋਣ ਦੀ ਗੱਲ ਮੰਨਦੇ ਰਹੇ ਹਨ। ਇਸ ਲਈ ਉਹਨਾਂ ਘਰ-ਘਰ ਰੁਜ਼ਗਾਰ ਦੇ ਨਾਅਰੇ ਤਹਿਤ ਹਰ ਘਰ ਦੇ ਘੱਟੋ ਘੱਟ ਇੱਕ ਜੀਅ ਨੂੰ ਨੌਕਰੀ ਤੇ ਇਹ ਨੌਕਰੀਆਂ ਸਿਰਜਣ ਤੱਕ ਹਰ ਬੇਰੁਜ਼ਗਾਰ ਨੌਜਵਾਨ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਲੁਭਾਵਣਾ ਵਾਅਦਾ ਵੀ ਕੀਤਾ ਸੀ।

ਪਿਛਲੇ ਕੁਝ ਦਹਾਕਿਆਂ ਤੋਂ ਆਪਣੀ ਜਨਮ ਭੂਮੀ ਤੇ ਮੌਕਿਆਂ ਦੀ ਅਣਹੋਂਦ ਅਤੇ ਧੁੰਧਲੇ ਭਵਿੱਖ ਨੂੰ ਭਾਂਪਦਿਆਂ ਨੌਜਵਾਨਾਂ ਵਿੱਚ ਹਰ ਹਰਬਾ ਵਰਤ ਕੇ ਬਾਹਰਲੇ ਮੁਲਕਾਂ ਵੱਲ ਉਡਾਰੀ ਮਾਰਨ ਦੀ ਦੌੜ ਲੱਗੀ ਹੋਈ ਹੈ। ਅਜਿਹਾ ਕਰਦਿਆਂ ਅਣਗਿਣਤ ਨੌਜਵਾਨ ਠੱਗ ਟਰੈਵਲ ਏਜੰਟਾਂ ਹੱਥੋਂ ਲੁੱਟੇ ਵੀ ਜਾ ਚੁੱਕੇ ਹਨ। ਮਾਲਟਾ ਕਾਂਡ ਤੇ ਇਰਾਕ ਵਰਗੇ ਦੁਖਾਂਤਾਂ ਦੇ ਬਾਵਜੂਦ ਵੀ ਇੱਥੋਂ ਦੇ ਗਭਰੇਟਾਂ ਨੂੰ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਬਿਗਾਨੀ ਧਰਤੀ ‘ਤੇ ਨਜ਼ਰ ਆ ਰਿਹਾ ਹੈ। ਜਿਸਦਾ ਪ੍ਰਮਾਣ ਵੱਡੇ ਸ਼ਹਿਰਾਂ ਤੋਂ ਛੋਟੇ ਕਸਬਿਆਂ ਤੱਕ ਖੁੰਬਾਂ ਵਾਂਗ ਉੱਗਰੇ ਆਈਲੈਟਸ ਸੈਂਟਰਾਂ ਤੋਂ ਕੋਚਿੰਗ ਲੈਣ ਆ ਰਹੇ ਮੁੰਡਿਆਂ-ਕੁੜੀਆਂ ਦੀਆਂ ਡਾਰਾਂ ਤੋਂ ਲੱਗਦਾ ਹੈ। ਜੇਕਰ ਇਸੇ ਤਰ੍ਹਾਂ ਪਰਵਾਸ ਦਾ ਇਹ ਰੁਝਾਨ ਚਲਦਾ ਰਿਹਾ ਤਾਂ ਪੰਜਾਬ ਨੇ ਇੱਕ ਨਾ ਇੱਕ ਦਿਨ ਆਪਣੇ ਵਾਰਸਾਂ ਤੋਂ ਜਰੂਰ ਸੱਖਣਾ ਹੋ ਜਾਣਾ।

ਨਸ਼ਿਆਂ ਦੀ ਸਮੱਸਿਆ ਵੀ ਕਿਸੇ ਨਾ ਕਿਸੇ ਰੂਪ ਵਿੱਚ ਨੌਜਵਾਨਾਂ ਦੀ ਨਿਰਾਸ਼ਤਾ ਦਾ ਹੀ ਪ੍ਰਗਟਾਵਾ ਹੈ। ਜਦੋਂ ਵਿਹਲੇ ਹੱਥਾਂ ਨੂੰ ਕੋਈ ਕੰਮ ਨਹੀਂ ਮਿਲਦਾ ਤਾਂ ਬਾਹਰ ਪਰਵਾਸ ਕਰਨ ਵਿੱਚ ਤੇ ਹੋਰਨਾਂ ਖੇਤਰਾਂ ਵਿੱਚ ਅਸਫਲ ਰਹੇ ਗੱਭਰੂਆਂ ਵਿੱਚੋਂ ਨਸ਼ੇੜੀ, ਗੈਂਗਸਟਰ ਤੇ ਹੋਰ ਅਪਰਾਧੀ ਜਨਮ ਲੈਂਦੇ ਹਨ। ਕਿਸੇ ਸੁਚੱਜੇ ਢੰਗ ਨਾਲ ਆਹਰੇ ਲੱਗੀ ਜਵਾਨੀ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕਦੀ ਹੈ। ਪੰਜਾਬ ਵਿੱਚ ਇਸ ਸਮੇਂ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਜੇਕਰ ਇਹ ਕਹੀਏ ਕਿ ਦਰਿਆ ਨਹੀਂ ਸਗੋਂ ਸੁਨਾਮੀ ਲਹਿਰ ਚੱਲ ਰਹੀ ਹੈ ਨਸ਼ਿਆਂ ਦੀ ਤਾਂ ਗੱਲ ਕੁਥਾਂ ਨਹੀਂ ਹੋਵੇਗੀ।

ਅੰਮ੍ਰਿਤਸਰ ਦੇ ਨਜ਼ਦੀਕ ਮਕਬੂਲਪੁਰਾ ਪਿੰਡ ਹੁਣ ਤੱਕ ਨਸ਼ਿਆਂ ਵਿੱਚ ਐਨੇ ਗੱਭਰੂ ਗੁਆ ਚੁੱਕਾ ਹੈ ਕਿ ਇਸਨੂੰ ਅੱਜ-ਕੱਲ੍ਹ ਵਿਧਵਾਵਾਂ ਦੇ ਪਿੰਡ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ ਹੈ। ਕਿਉਂਕਿ ਇੱਥੇ ਲਗਭਗ ਹਰ ਘਰ ‘ਚੋਂ ਇੱਕ ਨੌਜਵਾਨ ਜਰੂਰ ਨਸ਼ਿਆਂ ਨੇ ਨਿਗਲਿਆ ਹੈ ਇਸ ਲਈ ਸੂਬੇ ਦੇ 75 ਪ੍ਰਤੀਸ਼ਤ ਨੌਜਵਾਨਾਂ ਦੇ ਨਸ਼ੇੜੀ ਹੋਣ ਦਾ ਇਲਜ਼ਾਮ ਗਲਤ ਨਹੀਂ ਹੈ।

ਕਿਸੇ ਸਮੇਂ ਸਿਰਫ ਅਫੀਮ, ਪੋਸਤ, ਡੋਡੇ, ਤੰਬਾਕੂ, ਸ਼ਰਾਬ ਆਦਿ ਰਵਾਇਤੀ ਨਸ਼ਿਆਂ ਦੀ ਵਰਤੋਂ ਪ੍ਰਚਲਿਤ ਸੀ। ਇਨ੍ਹਾਂ ਦੀ ਵਰਤੋਂ ਕਰਨ ਵਾਲਿਆਂ ਦਾ ਪ੍ਰਤੀਸ਼ਤ ਵੀ ਬਹੁਤ ਘੱਟ ਸੀ। ਕਿਸੇ ਪਿੰਡ ਵਿੱਚ ਪੰਜ-ਸੱਤ ਅਫੀਮ ਜਾਂ ਭੁੱਕੀ ਖਾਣ ਵਾਲੇ ਹੁੰਦੇ ਤੇ ਸਾਰੇ ਪਿੰਡ ਨੂੰ ਉਹਨਾਂ ਦਾ ਪਤਾ ਹੁੰਦਾ। ਮਖੌਲ ਨਾਲ ਉਹਨਾਂ ਦੇ ਨਾਂਅ ਪਿੱਛੇ ਲੋਕ ਮਿਹਰੂ ਪੋਸਤੀ, ਬਚਨਾ ਅਮਲੀ, ਛਿੰਦਾ ਫ਼ੀਮਚੀ ਆਦਿ ਸ਼ਬਦ ਲਾ ਕੇ ਗੱਲ ਕਰਦੇ ਸਨ।
ਅੱਜ-ਕੱਲ੍ਹ ਚਰਸ, ਗਾਂਜਾ, ਸਮੈਕ, ਹੈਰੋਇਨ, ਕੋਕੀਨ, ਚਿੱਟਾ ਅਤੇ ਤਰ੍ਹਾਂ-ਤਰ੍ਹਾਂ ਦੇ ਮੈਡੀਕਲ ਨਸ਼ਿਆਂ ਦੀ ਭਰਮਾਰ ਹੋ ਚੁੱਕੀ ਹੈ। ਸ਼ਰਾਬ ਨੂੰ ਤਾਂ ਸਰਕਾਰੀ ਨਸ਼ੇ ਦੇ ਤੌਰ ‘ਤੇ ਹੀ ਵੇਚਿਆ ਜਾ ਰਿਹਾ ਹੈ ਕਿਉਂ ਜੋ ਇਸਨੂੰ ਸਰਕਾਰੀ ਖਜ਼ਾਨਾ ਭਰਨ ਦਾ ਸਾਧਨ ਮੰਨਿਆ ਜਾਂਦਾ ਹੈ। ਨੌਜਵਾਨ ਕੁੜੀਆਂ ਵੀ ਤੇਜੀ ਨਾਲ ਨਸ਼ੇ ਦੀ ਗ੍ਰਿਫਤ ਵਿੱਚ ਆ ਰਹੀਆਂ ਹਨ। ਅੰਮ੍ਰਿਤਸਰ ਵਿੱਚ ਔਰਤਾਂ ਲਈ ਵੱਖਰਾ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਦੀ ਲੋੜ ਔਰਤ ਨਸ਼ੇੜੀਆਂ ਦੀ ਵਧ ਰਹੀ ਗਿਣਤੀ ਵੱਲ ਹੀ ਇਸ਼ਾਰਾ ਕਰ ਰਹੀ ਹੈ। ਨਸ਼ਿਆਂ ਦੀ ਮਾਰ ਹੇਠ ਆਏ ਨੌਜਵਾਨਾਂ ਦੇ ਪੁਨਰਵਾਸ ਲਈ ਵਿਆਪਕ ਯੋਜਨਾਬੰਦੀ ਦੀ ਲੋੜ ਹੈ ਉਹਨਾਂ ਨੂੰ ਅਪਰਾਧੀ ਦੀ ਬਜਾਏ ਪੀੜਤ ਮੰਨ ਕੇ ਇਲਾਜ ਹੋਣਾ ਚਾਹੀਦਾ ਹੈ। ਜਦਕਿ ਵੱਡੇ ਸਮੱਗਲਰਾਂ ਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਰਸੂਖਵਾਨਾਂ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆ ਕੇ ਮਿਸਾਲੀ ਸਜਾਵਾਂ ਦੇਣ ਦੀ ਲੋੜ ਹੈ

ਪਰਵਾਸ ਅਤੇ ਨਸ਼ਿਆਂ ਦੇ ਨਾਲ ਨੌਜਵਾਨੀ ਨਾਲ ਜੁੜਿਆ ਇੱਕ ਹੋਰ ਪੱਖ ਹੈ ਅੱਲ੍ਹੜਾਂ ਦਾ ਲੱਚਰ ਸੱਭਿਆਚਾਰ ਵਿੱਚ ਗਰਕਣਾ। ਅੱਜ ਨੌਜਵਾਨ ਸਾਡੇ ਅਮੀਰ ਸਾਹਿਤਕ, ਬੌਧਿਕ ਅਤੇ ਸੱਭਿਆਚਾਰਕ ਵਿਰਸੇ ਨਾਲੋਂ ਟੁੱਟ ਕੇ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਕਦਰਾਂ-ਕੀਮਤਾਂ ਤੋਂ ਸੱਖਣੀ ਖਪਤਕਾਰੀ ਮਾਨਸਿਕਤਾ ਦਾ ਧਾਰਨੀ ਹੁੰਦਾ ਜਾ ਰਿਹਾ ਹੈ। ਉਸ ਲਈ ਪੈਸਾ, ਸ਼ੋਹਰਤ ਅਤੇ ਐਸ਼ੋ-ਅਰਾਮ ਹੀ ਜਿੰਦਗੀ ਦੇ ਮਾਇਨੇ ਬਣ ਗਏ ਹਨ। ਲੱਚਰਤਾ ਦੇ ਪਸਾਰ ਵਿੱਚ ਅਜੋਕੀ ਗਾਇਕੀ ਅਤੇ ਇਲੈਕਟ੍ਰੋਨਿਕ ਮੀਡੀਆ ਦਾ ਬੜਾ ਵੱਡਾ ਰੋਲ ਹੈ। ਟੀ ਵੀ ਚੈਨਲਾਂ ‘ਤੇ ਅਜਿਹੇ ਗੀਤ ਪਰੋਸੇ ਜਾ ਰਹੇ ਹਨ ਜੋ ਕਿ ਪਰਿਵਾਰ ਵਿੱਚ ਬੈਠ ਕੇ ਦੇਖਣ ਸੁਨਣਯੋਗ ਨਹੀਂ ਹੁੰਦੇ। ਇਹਨਾਂ ਵਿੱਚ ਹਿੰਸਾ, ਖੁੱਲ੍ਹਾ ਜਿਨਸੀ ਪ੍ਰਗਟਾਵਾ, ਮੁੰਡੇ-ਕੁੜੀਆਂ ਦੀ ਬਾਗੀ ਤਬੀਅਤ, ਘਰੋਂ ਉਧਾਲੇ, ਸ਼ਰਾਬ ਦੀ ਵਰਤੋਂ, ਵੈਲੀਪੁਣਾ, ਝੂਠੀ ਅਣਖ ਆਦਿ ਦ੍ਰਿਸ਼ ਅੱਲ੍ਹੜ ਉਮਰ ਦੇ ਮੁੰਡੇ-ਕੁੜੀਆਂ ਦੀ ਸੋਚ ‘ਤੇ ਬੜਾ ਮਾਰੂ ਅਸਰ ਪਾਉਂਦੇ ਹਨ। ਲੱਚਰ ਸੱਭਿਆਚਾਰ ਦੀ ਬਦੌਲਤ ਹੀ ਸਮਾਜ ਵਿੱਚ ਔਰਤ ਦਾ ਸਥਾਨ ਇੱਕ ਵਸਤੂ ਵਾਂਗ ਅੰਕਣ ਦੀ ਜਗੀਰੂ ਪ੍ਰਵਿਰਤੀ ਨੌਜਵਾਨਾਂ ਵਿੱਚ ਭਾਰੂ ਹੋ ਰਹੀ ਹੈ। ਜਿਸਦਾ ਨਤੀਜਾ ਔਰਤਾਂ ਖਿਲਾਫ ਵਧਦੇ ਜੁਰਮਾਂ ਦੇ ਰੂਪ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਸਾਡੇ ਸਾਹਮਣੇ ਆ ਰਿਹਾ ਹੈ। ਕੰਨਾਂ ਵਿੱਚ ਮੁੰਦਰਾਂ ਪਾ ਕੇ ਬੇਹੂਦਾ ਢੰਗ ਦੇ ਵਾਲਾਂ ਦੇ ਸਟਾਈਲ ਬਣਾਈ ਅਤੇ ਲੱਤਾਂ-ਬਾਹਾਂ ‘ਤੇ ਟੈਟੂ ਖਣਵਾਈ ਮੁੰਡੇ ਜੋ ਅਜਿਹੀ ਸ਼ਕਲੋ ਸੂਰਤ ਵਿੱਚ ਨੌਜਵਾਨ ਘੱਟ ਤੇ ਜੋਕਰ ਵਧੇਰੇ ਲੱਗਦੇ ਹਨ ਮੋਟਰਸਾਈਕਲਾਂ ‘ਤੇ ਬੇਵਜ੍ਹਾ ਘੁੰਮਦੇ ਆਮ ਨਜ਼ਰ ਆ ਰਹੇ ਹਨ।

ਜੇਕਰ ਰੋਗ ਜੜ੍ਹ ਵਿੱਚ ਹੋਵੇ ਤਾਂ ਸਿਰਫ ਪੱਤਿਆਂ ਦਾ ਇਲਾਜ ਕਰਕੇ ਪੌਦਾ ਠੀਕ ਨਹੀਂ ਕੀਤਾ ਜਾ ਸਕਦਾ। ਨੌਜਵਾਨਾਂ ਦੀ ਵਿਦੇਸ਼ਾਂ ਵੱਲ ਉਡਾਰੀ ਨੂੰ ਠੱਲ੍ਹਣ, ਨਸ਼ਿਆਂ ਦੀ ਦਲਦਲ ਤੋਂ ਬਚਾਉਣ, ਨਿਰਾਸ਼ਾ ਤੋਂ ਮੁਕਤੀ ਅਤੇ ਲੱਚਰ ਸੱਭਿਆਚਾਰ ਦੇ ਪ੍ਰਭਾਵ ਹੇਠੋਂ ਬਾਹਰ ਕੱਢਣ ਲਈ ਬਹੁਪੱਖੀ ਮੁਹਾਜ਼ ‘ਤੇ ਕੰਮ ਕਰਨ ਦੀ ਲੋੜ ਹੈ। ਇਸ ਵਿੱਚ ਸਰਕਾਰੀ ਤੇ ਅਰਧ-ਸਰਕਾਰੀ ਖੇਤਰਾਂ ਵਿੱਚ ਰੁਜ਼ਗਾਰਮੁਖੀ ਯੋਜਨਾਵਾਂ ਨੂੰ ਲਾਗੂ ਕਰਨਾ, ਸੈਕੰਡਰੀ ਪੱਧਰ ‘ਤੇ ਸਿੱਖਿਆ ਨੂੰ ਰੁਜ਼ਗਾਰਮੁਖੀ ਬਣਾਉਣ, ਉਦਯੋਗਿਕ ਸਿਖਲਾਈ ਕੇਂਦਰਾਂ ਤੇ ਬਹੁਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਮਿਆਰੀ ਸੁਧਾਰ ਕਰ ਕੇ ਅਤੇ ਖੇਤੀ ਪ੍ਰਧਾਨ ਸੂਬਾਈ ਆਰਥਿਕਤਾ ਦੇ ਅਨੁਕੂਲ ਖੇਤੀ ਅਧਾਰਿਤ ਸਨਅਤੀ ਇਕਾਈਆਂ ਅਤੇ ਸਹਾਇਕ ਧੰਦੇ ਵਿਕਸਿਤ ਕਰ ਕੇ ਅਤੇ ਪਿੰਡ ਪੱਧਰ ਤੱਕ ਲਾਇਬ੍ਰੇਰੀ ਸਹੂਲਤਾਂ ਦੇ ਵਿਸਥਾਰ ਆਦਿ ਯਤਨਾਂ ਨਾਲ ਨੌਜਵਾਨਾਂ ਨੂੰ ਕਾਫੀ ਹੱਦ ਤੱਕ ਮੌਜੂਦਾ ਨਿਰਾਸ਼ਤਾ ਦੀ ਦਸ਼ਾ ‘ਚੋਂ ਉਭਾਰ ਕੇ ਸਹੀ ਦਿਸ਼ਾ ਵੱਲ ਮੋੜਿਆ ਜਾ ਸਕਦਾ ਹੈ। ਮਾਪਿਆਂ ਨੂੰ ਵੀ ਬੱਚਿਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ, ਹੱਥੀਂ ਕਿਰਤ ਕਰਨ ਅਤੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਲਈ ਢੁੱਕਵੀਂ ਅਗਵਾਈ ਅਤੇ ਹੌਂਸਲਾ ਦੇਣਾ ਚਾਹੀਦਾ ਹੈ।

ਅੱਜ ਲੋੜ ਹੈ ਕਿ ਨੌਜਵਾਨ ਬਾਹਰ ਸਵਰਗ ਤਲਾਸ਼ਣ ਦੀ ਬਜਾਏ ਆਪਣੀ ਇਸੇ ਧਰਤੀ ਨੂੰ ਸਵਰਗ ਬਣਾਉਣ ਲਈ ਆਪਣੀ ਇੱਛਾ ਸ਼ਕਤੀ ਦਾ ਪ੍ਰਗਟਾਵਾ ਕਰਨ। ਜਨਤਕ ਲਾਮਬੰਦੀ ਰਾਹੀਂ ਭਗਤ ਸਿੰਘ, ਸਰਾਭੇ ਅਤੇ ਗ਼ਦਰੀ ਬਾਬਿਆਂ ਦੇ ਸੁਫ਼ਨਿਆਂ ਵਾਲੀ ਅਜ਼ਾਦੀ ਮਿਹਨਤਕਸ਼ ਲੋਕਾਂ ਦੇ ਵਿਹੜਿਆਂ ਤੱਕ ਲਿਜਾਣ ਦੀ ਜੱਦੋ-ਜਹਿਦ ਵਿੱਚ ਨੌਜਵਾਨਾਂ ਨੂੰ ਮਿਸ਼ਾਲਚੀ ਬਣਨਾ ਚਾਹੀਦਾ ਹੈ।

ਕੁਲਦੀਪ ਸ਼ਰਮਾ ਖੁੱਡੀਆਂ
ਲੈਕਚਰਾਰ ਰਾਜਨੀਤੀ ਸ਼ਾਸਤਰ, ਖੁੱਡੀਆਂ ਗੁਲਾਬ ਸਿੰਘ, 
ਸ੍ਰੀ ਮੁਕਤਸਰ ਸਾਹਿਬ
ਮੋ. 94634-07874

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।